ਜਾਸ, ਲੁਧਿਆਣਾ : ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਸੂਬੇ ’ਚ ਸੋਮਵਾਰ ਨੂੰ ਮੌਸਮ ਦਾ ਮਿਜ਼ਾਜ ਬਦਲ ਜਾਵੇਗਾ। ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿਣ, ਬੂੰਦਾਬਾਂਦੀ ਤੇ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ। ਇਸ ਕਾਰਨ ਸੂਬੇ ’ਚ ਠੰਢ ਵਧ ਜਾਵੇਗੀ। ਦਿਨ ’ਚ ਲੋਕਾਂ ਨੂੰ ਹਲਕੀ ਠੰਢਕ ਮਹਿਸੂਸ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸਵੇਰ ਤੱਕ ਪੱਛਮੀ ਗੜਬੜੀ ਦਾ ਅਸਰ ਰਹੇਗਾ। ਇਸ ਤੋਂ ਬਾਅਦ ਮੌਸਮ ’ਚ ਆਏ ਬਦਲਾਅ ਕਾਰਨ ਘੱਟੋ-ਘੱਟ ਤਾਪਮਾਨ ’ਚ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਦੀ ਸੰਭਾਵਨਾ ਹੈ।
ਇਸ ਨਾਲ ਕਈ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੱਕ ਆ ਸਕਦਾ ਹੈ। ਇਹੀ ਨਹੀਂ, ਧੁੰਦ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਨਾਲ ਹਾਈਵੇ ’ਤੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਕਈ ਜ਼ਿਲ੍ਹਿਆਂ ’ਚ ਪੱਛਮੀ ਗੜਬੜੀ ਦੇ ਅਸਰ ਕਾਰਨ ਦਿਨ ਭਰ ਬੱਦਲ ਛਾਏ ਰਹੇ। ਵਿਚ-ਵਿਚ ਧੁੱਪ ਵੀ ਨਿਕਲਦੀ ਰਹੀ, ਪਰ ਫਿਰ ਬੱਦਲ ਹਾਵੀ ਹੋ ਜਾਂਦੇ। ਇਸ ਕਾਰਨ ਕਈ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ ’ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਿਹਾ ਜਦਕਿ ਮੁਹਾਲੀ ’ਚ 10.6, ਚੰਡੀਗੜ੍ਹ ’ਚ 12.6, ਲੁਧਿਆਣਾ ’ਚ 11.9, ਪਟਿਆਲਾ ’ਚ 12.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।


