ਨਵੀਂ ਦਿੱਲੀ, ਸਪੋਰਟਸ ਡੈਸਕ : ਵਿਸ਼ਵ ਕੱਪ 2023 ਵਿਚ ਵਿਰਾਟ ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ ਸਟਾਰ ਬੱਲੇਬਾਜ਼ ਨੇ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਆਪਣੇ ਵਨਡੇ ਕਰੀਅਰ ਦਾ 49ਵਾਂ ਸੈਂਕੜਾ ਮਾਰਿਆ ਅਤੇ ਆਪਣੇ ਆਈਡਲ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਸਫਲਤਾ ਪਿੱਛੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਵੱਡਾ ਹੱਥ ਹੈ। ਪਾਕਿਸਤਾਨੀ ਟੀਵੀ ਚੈਨਲ ‘ਤੇ ਵਿਸ਼ਵ ਕੱਪ ਪੈਨਲ ਦਾ ਹਿੱਸਾ ਰਹੇ ਰਜ਼ਾਕ ਨੇ ਮਜ਼ਾਕ ਵਿਚ ਕਿਹਾ ਕਿ ਭਾਰਤੀ ਬੱਲੇਬਾਜ਼ ਦੀ ਕਾਮਯਾਬੀ ਪਿੱਛੇ ਉਸ ਦੀ ਪਤਨੀ ਦਾ ਹੱਥ ਹੈ।

ਰਜ਼ਾਕ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਲਤਾੜਿਆ

ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਵਿਰਾਟ ਕੋਹਲੀ ਦੀ ਫਿਟਨੈੱਸ ਦੀ ਤਾਰੀਫ ਕੀਤੀ ਅਤੇ ਇਸ ਦੀ ਆੜ ‘ਚ ਪਾਕਿਸਤਾਨੀ ਖਿਡਾਰੀਆਂ ਨੂੰ ਵੀ ਲਿਤਾੜਿਆ। ਵਿਰਾਟ ਕੋਹਲੀ ਮਹਾਨ ਕਿਉਂ ਹੈ? ਆਓ ਮੈਂ ਤੁਹਾਨੂੰ ਕੁਝ ਵਿਸਥਾਰ ਵਿੱਚ ਦੱਸਾਂ। ਹਰ ਕੋਈ ਪੁੱਛਦਾ ਹੈ ਕਿ ਕੋਹਲੀ ਵਿਸ਼ਵ ਪੱਧਰੀ ਖਿਡਾਰੀ ਕਿਵੇਂ ਬਣਿਆ।ਸਾਡਾ ਕੋਈ ਵੀ ਪਾਕਿਸਤਾਨੀ ਖਿਡਾਰੀ 10 ਫੀਸਦੀ ਵੀ ਮਿਹਨਤ ਨਹੀਂ ਕਰਦਾ। ਉਸ ਦੀ ਫਿਟਨੈੱਸ ਦੇਖੋ। ਜਿਸ ਤਰ੍ਹਾਂ ਉਹ ਦੌੜਦਾ ਹੈ, ਉਹ ਅਵਿਸ਼ਵਾਸ਼ਯੋਗ ਹੈ। ਉਹ ਦੋ ਦੌੜਾਂ ਨੂੰ ਤਿੰਨ ਦੌੜਾਂ ਵਿਚ ਬਦਲਣਾ ਜਾਣਦਾ ਹੈ।

ਆਮਿਰ ਨੇ ਕਹੀ ਵੱਡੀ ਗੱਲ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵੀ ਇਸ ਪੈਨਲ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਜੇ ਵਿਰਾਟ ਕੋਹਲੀ ਨੇ ਕਦੇ ਜ਼ਿੰਬਾਬਵੇ, ਨੀਦਰਲੈਂਡ ਅਤੇ ਨੇਪਾਲ ਵਰਗੀਆਂ ਟੀਮਾਂ ਖਿਲਾਫ ਮੈਚ ਖੇਡੇ ਹੁੰਦੇ ਤਾਂ ਉਹ ਹੁਣ ਤੱਕ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਚੁੱਕਾ ਹੁੰਦਾ। ਆਮਿਰ ਨੇ ਇਸ ਬਹਾਨੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ‘ਤੇ ਚੁਟਕੀ ਲਈ। ਉਸ ਨੇ ਇਨ੍ਹਾਂ ਦੇਸ਼ਾਂ ਖਿਲਾਫ ਸੀਰੀਜ਼ ਨਹੀਂ ਖੇਡੀ।