ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਐੱਸਡੀਐੱਮ ਸਮਰਾਲਾ ਰਜਨੀਸ਼ ਅਰੋੜਾ ਵੱਲੋਂ ਸਬ ਡਵੀਜ਼ਨ ਸਮਰਾਲਾ ਦੇ ਸਮੂਹ ਕਲੱਸਟਰ ਕੋਆਰਡੀਨੇਟਰਾਂ ਤੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਸਮਰਾਲਾ ‘ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਵੱਧ ਰਹੇ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਜਿਸ ‘ਚ ਸਮੂਹ ਨੋਡਲ ਅਫ਼ਸਰਾਂ ਤੇ ਕਲੱਸਟਰ ਕੋਆਰਡੀਨੇਟਰਾਂ ਨੂੰ ਅਗਲੇ ਇਕ ਹਫ਼ਤੇ ਤੱਕ ਫੀਲਡ ‘ਚ ਰਹਿਣ ਤੇ ਅਲਾਟ ਕੀਤੇ ਗਏ ਪਿੰਡਾਂ ‘ਚ ਲਗਾਤਾਰ ਗਸ਼ਤ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਜਿੱਥੇ ਵੀ ਖੇਤਾਂ ‘ਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਖੇਤ ਮਾਲਕ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਅੱਗ ਲੱਗਣ ਬਾਰੇ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ ਤੇ ਫਾਇਰ ਬਿ੍ਗੇਡ ਨੂੰ ਮੌਕੇ ‘ਤੇ ਬੁਲਾ ਕੇ ਅੱਗ ਬੁਝਾਈ ਜਾਵੇਗੀ। ਮੀਟਿੰਗ ਤੋਂ ਬਾਅਦ ਐੱਸਡੀਐੱਮ ਸਮਰਾਲਾ ਨੇ ਖ਼ੁਦ ਖੇਤਾਂ ‘ਚ ਜਾ ਕੇ ਵੱਖ-ਵੱਖ ਪਿੰਡਾਂ ‘ਚ ਚੈਕਿੰਗ ਕੀਤੀ, ਜਿਸ ‘ਚ ਉਨ੍ਹਾਂ ਵੱਲੋਂ ਪਿੰਡ ਪਵਾਤ ‘ਚ ਇਕ ਕਿਸਾਨ ਨੂੰ ਖੇਤ ਨੂੰ ਅੱਗ ਲਾਉਂਦੇ ਹੋਏ ਫੜਿਆ ਗਿਆ, ਉਸ ਤੋਂ ਬਾਅਦ ਪਿੰਡ ਸਿਹਾਲਾ ‘ਚ ਵੀ ਐੱਸਡੀਐੱਮ ਸਮਰਾਲਾ ਨੇ ਦੋ ਕਿਸਾਨਾਂ ਨੂੰ ਅੱਗ ਲਾਉਂਦੇ ਹੋਏ ਫੜੇ ਜਾਣ ‘ਤੇ ਕਾਰਵਾਈ ਕੀਤੀ।

ਉਨ੍ਹਾਂ ਵਲੋਂ ਫਾਇਰ ਬਿ੍ਗੇਡ ਨੂੰ ਮੌਕੇ ‘ਤੇ ਬੁਲਾਇਆ ਗਿਆ ਤੇ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਐੱਸਡੀਐੱਮ ਸਮਰਾਲਾ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਅੱਗ ਲਾਉਣ ਨਾਲ ਵਾਤਾਵਰਨ, ਮਨੁੱਖੀ ਸਿਹਤ ਨੂੰ ਭਾਰੀ ਨੁਕਸਾਨ ਹੁੰਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ।