ANI, ਨਵੀਂ ਦਿੱਲੀ : ਕਾਲਕਾਜੀ ਮੰਦਰ ‘ਚ ਸ਼ਨਿੱਚਰਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। 27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਮਹੰਤ ਕੰਪਲੈਕਸ ‘ਚ ਸਥਿਤ ਮਾਤਾ ਜਾਗਰਣ ‘ਚ ਲੱਕੜ ਤੇ ਲੋਹੇ ਦੇ ਫਰੇਮ ਦਾ ਬਣਿਆ ਮੰਚ ਡਿੱਗ ਗਿਆ, ਜਿਸ ਕਾਰਨ 17 ਲੋਕ ਜ਼ਖਮੀ ਹੋ ਗਏ। ਉੱਥੇ ਹੀ ਇਕ ਜਣੇ ਦੀ ਮੌਤ ਹੋ ਗਈ ਹੈ।

ਪ੍ਰੋਗਰਾਮ ਦੀ ਨਹੀਂ ਦਿੱਤੀ ਗਈ ਸੀ ਇਜਾਜ਼ਤ

ਦੱਸਿਆ ਜਾ ਰਿਹਾ ਹੈ ਕਿ ਜਾਗਰਣ ਦੌਰਾਨ ਗਾਇਕ ਬੀ ਪਰਾਕ ਭਜਨ ਗਾ ਰਹੇ ਸਨ। ਇਸ ਦੌਰਾਨ ਸਟੇਜ ਢਹਿ ਗਈ ਤੇ ਭਗਦੜ ਮੱਚ ਗਈ, ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ ‘ਚ 17 ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਕਿਹਾ ਕਿ ਪ੍ਰੋਗਰਾਮ ਆਯੋਜਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਮੰਦਰ ਦਾ 23ਵਾਂ ਸਾਲਾਨਾ ਜਾਗਰਣ ਸੀ

ਮੰਦਰ ਦੇ ਪੁਜਾਰੀ ਸੁਨੀਲ ਸੰਨੀ ਨੇ ਦੱਸਿਆ ਕਿ ਕੱਲ੍ਹ ਕਾਲਕਾਜੀ ਮੰਦਰ ‘ਚ 23ਵਾਂ ਸਾਲਾਨਾ ਜਾਗਰਣ ਸੀ। ਬੀ ਪਰਾਕ ਤੇ ਸੁਨੀਲ ਮਿੱਤਲ ਵਰਗੇ ਵੱਡੇ ਗਾਇਕ ਆਏ। ਇਸ ਦੌਰਾਨ ਵੱਡੀ ਗਿਣਤੀ ‘ਚ ਸੰਗਤਾਂ ਵੀ ਪਹੁੰਚੀਆਂ ਹੋਈਆਂ ਸਨ। ਜਦੋਂ ਬੀ ਪਰਾਕ ਪਹੁੰਚੇ ਤਾਂ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।

ਪੁਜਾਰੀ ਨੇ ਅੱਗੇ ਦੱਸਿਆ ਕਿ ਮੰਦਰ ਕੰਪਲੈਕਸ ਦੇ ਕਿਨਾਰੇ ਇਕ ਮੰਚ ਸੀ ਤੇ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਜਿਸ ਕਾਰਨ ਇਹ ਡਿੱਗ ਗਿਆ। ਕਾਲਕਾਜੀ ਮੰਦਰ ਪ੍ਰਸ਼ਾਸਨ, ਪੁਲਿਸ ਤੇ ਵਲੰਟੀਅਰਾਂ ਨੇ ਸਥਿਤੀ ‘ਤੇ ਕਾਬੂ ਪਾਇਆ ਤੇ ਨੁਕਸਾਨ ਨੂੰ ਕਾਫੀ ਹੱਦ ਤਕ ਘਟਾਇਆ। ਮੁੱਖ ਮੰਚ ਨਹੀਂ ਡਿੱਗਿਆ। ਨੇੜੇ ਭਗਤਾਂ ਦੇ ਬੈਠਣ ਲਈ ਬਣਾਇਆ ਮੰਚ ਢਹਿ ਗਿਆ ਸੀ।

ਹਜ਼ਾਰਾਂ ਲੋਕ ਸਨ ਮੌਜੂਦ

ਪ੍ਰੋਗਰਾਮ ਦੌਰਾਨ ਕਰੀਬ 30-50 ਹਜ਼ਾਰ ਸ਼ਰਧਾਲੂ ਮੌਜੂਦ ਸਨ। ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਜਵਾਨ ਤਾਇਨਾਤ ਕੀਤੇ ਗਏ ਸਨ। ਬਾਕੀ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ, ਜਦਕਿ ਕੁਝ ਦੇ ਫ੍ਰੈਕਚਰ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ

ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੀਐਮ ਕੇਜਰੀਵਾਲ ਨੇ ਟਵਿੱਟਰ ‘ਤੇ ਲਿਖਿਆ, “ਕਾਲਕਾਜੀ ਮੰਦਰ ਦੇ ਜਾਗਰਣ ਦੌਰਾਨ ਬੀਤੀ ਰਾਤ ਵਾਪਰਿਆ ਹਾਦਸਾ ਬਹੁਤ ਦੁਖਦਾਈ ਹੈ। ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ, ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੈਂ 17 ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”

ਮੈਂ ਦਿੱਲੀ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਵੀ ਤਰ੍ਹਾਂ ਦੇ ਵੱਡੇ ਸਮਾਗਮ ‘ਚ ਸੁਰੱਖਿਆ ਮਾਪਦੰਡਾਂ ਦਾ ਖਾਸ ਧਿਆਨ ਰੱਖਣ ਤੇ ਅਜਿਹੇ ਪ੍ਰਬੰਧ ਕਰਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।”