ਸਟੇਟ ਬਿਊਰੋ, ਨਵੀਂ ਦਿੱਲੀ : ਕੁਝ ਲੋਕ ਆਪਣੀ ਜ਼ਿੰਦਗੀ ਗੁਆ ਕੇ ਵੀ ਅੰਗਦਾਨ ਨਾਲ ਅਜਿਹਾ ਕੰਮ ਕਰ ਜਾਂਦੇ ਹਨ, ਜੋ ਦੂਜਿਆਂ ਲਈ ਨਜ਼ੀਰ ਬਣ ਜਾਂਦਾ ਹੈ। ਅਜਿਹੇ ਹੀ ਇਕ ਮਾਮਲੇ ’ਚ ਹਾਦਸੇ ਦੀ ਸ਼ਿਕਾਰ ਮੁੰਬਈ ਦੀ ਪੰਜ ਸਾਲਾ ਨੰਨ੍ਹੀ ਪਰੀ ਇਸ ਦੁਨੀਆ ਤੋਂ ਅਲਵਿਦਾ ਹੋਣ ਤੋਂ ਪਹਿਲਾਂ ਦੋ ਦੇਸ਼ਾਂ ਦੇ ਦਿਲਾਂ ਦੇ ਰਿਸ਼ਤੇ ਮਜ਼ਬੂਤ ਕਰ ਗਈ। ਉਸ ਦੇ ਅੰਗਦਾਨ ਨਾਲ ਮਿਲਿਆ ਦਿਲ ਮੁੰਬਈ ਤੋਂ ਚਾਰਟਰਡ ਜਹਾਜ਼ ਰਾਹੀਂ ਦਿੱਲੀ ਲਿਆ ਕੇ ਅਪੋਲੋ ਹਸਪਤਾਲ ’ਚ ਸੰਯੁਕਤ ਅਰਬ ਅਮੀਰਾਤ (UAE) ਦੇ ਦੋ ਸਾਲਾ ਮਾਸੂਮ ਬੱਚੇ ’ਚ ਟਰਾਂਸਪਲਾਂਟ ਕੀਤਾ ਗਿਆ। ਜੇ ਸਭ ਕੁਝ ਠੀਕ ਰਿਹਾ ਤਾਂ ਭਾਰਤ ਦੀ ਇਸ ਧੀ ਦਾ ਦਿਲ ਜ਼ਿੰਦਗੀ ਤੇ ਮੌਤ ਨਾਲ ਜੂਝਣ ਵਾਲੇ ਯੂਏਈ ਦੇ ਇਸ ਮਾਸੂਮ ਬੱਚੇ ’ਚ ਧੜਕੇਗਾ।

ਅਪੋਲੋ ਹਸਪਤਾਲ ਅਨੁਸਾਰ ਕਿਸੇ ਜਗ੍ਹਾ ਤੋਂ ਡਿੱਗਣ ਕਾਰਨ ਉਸ ਬੱਚੀ ਨੂੰ ਗੰਭੀਰ ਸੱਟ ਲੱਗ ਗਈ ਸੀ। ਮੁੰਬਈ ਦੇ ਵਾਡੀਆ ਹਸਪਤਾਲ ’ਚ ਉਸ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਉਸ ਦਾ ਬ੍ਰੇਨ ਡੈੱਡ ਹੋ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਅੰਗਦਾਨ ਦਾ ਫ਼ੈਸਲਾ ਕੀਤਾ। ਦਿੱਲੀ ’ਚ ਮੌਜੂਦ ਕੌਮੀ ਅੰਗ ਅਤੇ ਟਿਸ਼ੂ ਟਰਾਂਸਪਲਾਟ ਸੰਗਠਨ (ਨੋਟੋ) ਨੂੰ ਮੁੰਬਈ ’ਚ ਬੀ ਪਾਜ਼ਿਟਿਵ ਬਲੱਡ ਗਰੁੱਪ ਦਾ ਡੋਨਰ ਮੁਹੱਈਆ ਹੋਣ ਦੀ ਸੂਚਨਾ ਮਿਲਣ ’ਤੇ ਉਸ ਨੇ ਦੇਸ਼ ’ਚ ਹਾਰਟ ਟਰਾਂਸਪਲਾਂਟ ਲਈ ਅਧਿਕਾਰਤ ਸਾਰੇ ਹਸਪਤਾਲਾਂ ’ਚ ਤੁਰੰਤ ਇਸ ਦੀ ਸੂਚਨਾ ਦਿੱਤੀ ਤਾਂ ਕਿ ਕਿਸੇ ਬੱਚੇ ਨੂੰ ਹਾਰਟ ਟਰਾਂਸਪਲਾਂਟ ਕੀਤਾ ਜਾ ਸਕੇ। ਨੋਟੋ ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਦੇਸ਼ ’ਚ ਹਾਰਟ ਟਰਾਂਸਪਲਾਂਟ ਕਰਨ ਵਾਲੇ ਕਿਸੇ ਵੀ ਹਸਪਤਾਲ ਦੀ ਵੇਟਿੰਗ ਲਿਸਟ ’ਚ ਅਜਿਹਾ ਕੋਈ ਬੱਚਾ ਨਹੀਂ ਮਿਲਿਆ, ਜਿਸ ਨੂੰ ਇਹ ਹਾਰਟ ਟਰਾਂਸਪਲਾਂਟ ਹੋ ਸਕੇ। ਦਿੱਲੀ ਦੇ ਅਪੋਲੋ ਹਸਪਤਾਲ ’ਚ ਵਿਦੇਸ਼ ਦਾ ਇਕ ਬੱਚਾ ਵੇਟਿੰਗ ’ਚ ਸੀ। ਟਰਾਂਸਪਲਾਂਟ ਲਈ ਦੇਸ਼ ਨੂੰ ਕੋਈ ਬੱਚਾ ਮੁਹੱਈਆ ਨਾ ਹੋਣ ਕਾਰਨ ਵਿਦੇਸ਼ ਦੇ ਬੱਚੇ ਨੂੰ ਟਰਾਂਸਪਲਾਂਟ ਕਰਨ ਲਈ ਦਿਲ ਅਪੋਲੋ ਹਸਪਤਾਲ ਨੂੰ ਦਿੱਤਾ ਗਿਆ। ਨੋਟੋ ਵੱਲੋਂ ਦਿਲ ਅਪੋਲੋ ਹਸਪਤਾਲ ਨੂੰ ਦਿੱਤੇ ਜਾਣ ਤੋਂ ਬਾਅਦ ਸਵੇਰੇ ਇਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਮੁੰਬਈ ਗਈ। ਇੱਥੇ ਅੰਗਦਾਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚਾਰਟਰਡ ਜਹਾਜ਼ ਰਾਹੀਂ ਦਿਲ ਲੈ ਕੇ ਡਾਕਟਰ ਕਰੀਬ ਢਾਈ ਵਜੇ ਹਵਾਈ ਅੱਡੇ ਪਹੁੰਚੇ। ਦਿੱਲੀ ਦੀ ਟੈ੍ਰਫਿਕ ਪੁਲਿਸ ਨੇ ਦਿਲ ਛੇਤੀ ਹਸਪਤਾਲ ਪਹੁੰਚਾਉਣ ਲਈ ਹਵਾਈ ਅੱਡੇ ਤੋਂ ਅਪੋਲੋ ਹਸਪਤਾਲ ਤੱਕ ਗਰੀਨ ਕਾਰੀਡੋਰ ਬਣਾਇਆ। ਅਪੋਲੋ ਹਸਪਤਾਲ ਅਨੁਸਾਰ ਮੁੰਬਈ ’ਚ ਵੀ ਵਾਡੀਆ ਹਸਪਤਾਲ ਤੋਂ ਦਿਲ ਹਵਾਈ ਅੱਡੇ ਤੱਕ ਪਹੁੰਚਾਉਣ ਲਈ ਗਰੀਨ ਕਾਰੀਡੋਰ ਬਣਾਇਆ ਗਿਆ ਸੀ।