ਸੁਖਵਿੰਦਰ ਸਿੰਘ ਸਲੌਦੀ, ਖੰਨਾ : ਖੰਨਾ ਤੋਂ 5 ਕਿਲੋਮੀਟਰ ਦੀ ਵਿੱਥ ‘ਤੇ ਵਸਿਆ ਪਿੰਡ ਕਲਾਲ ਮਾਜਰਾ ਕਿਸੇ ਨਾਮ ਦਾ ਮੁਥਾਜ ਨਹੀਂ। ਸਰਪੰਚ ਸਤਵਿੰਦਰ ਸਿੰਘ ਨੇ ਸਖਤ ਮਿਹਨਤ ਸਦਕਾ ਪਿੰਡ ‘ਚ ਵੱਡੀ ਗਿਣਤੀ ‘ਚ ਵਿਕਾਸ ਕਾਰਜ ਕਰਵਾ ਕੇ ਪਿੰਡ ਦੀ ਨੁਹਾਰ ਬਦਲੀ ਹੈ ਤੇ ਪਿੰਡ ਨੂੰ ਵਾਤਾਵਰਣ ਅਨਕੂਲ ਬਣਾਇਆ ਗਿਆ ਹੈ। ਪਿੰਡ ‘ਚ 1300 ਦੇ ਕਰੀਬ ਵੋਟਰਾਂ ਦੀ ਗਿਣਤੀ ਤੇ 1750 ਦੇ ਕਰੀਬ ਪਿੰਡ ਦੀ ਆਬਾਦੀ ਹੈ। ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਪਿੰਡ ਦੇ ਸਰਪੰਚ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਪੰਚ ਬਣਿਆਂ 5 ਸਾਲ ਪੂਰੇ ਹੋਣ ਨੂੰ ਆਏ ਹਨ। ਇਨ੍ਹਾਂ ਪੰਜ ਸਾਲਾਂ ‘ਚ ਸਖਤ ਮਿਹਨਤ ਨਾਲ ਪਿੰਡ ‘ਚ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀ ਨੁਹਾਰ ਬਦਲਣ ਲਈ ਕਰੀਬ 60 ਲੱਖ ਰੁਪਏ ਦੀ ਗ੍ਾਂਟ ਖਰਚ ਕੀਤੀ ਜਾ ਚੁੱਕੀ ਹੈ, ਜਿਸ ਨਾਲ ਪਿੰਡ ਦੇ ਆਲੇ-ਦੁਆਲੇ ਸੜਕ ਦੇ ਕਿਨਾਰਿਆਂ ‘ਤੇ ਇੰਟਰਲਾਕ ਟਾਈਲਾਂ ਲਾਈਆਂ ਗਈਆਂ ਹਨ। ਇੱਥੇ ਹੀ ਬਸ ਨਹੀਂ, ਪਿੰਡ ਦੀ ਫਿਰਨੀ ਨੂੰ ਸ਼ਾਨਦਾਰ ਬਣਾਉਣ ਲਈ ਇਸ ‘ਤੇ ਲੱਗਦੀਆਂ ਅੱਧੀ ਦਰਜਨ ਗਲੀਆਂ ਨੂੰ ਪੱਕਾ ਕਰਵਾਇਆ ਗਿਆ।

ਪਿੰਡ ਦੇ ਛੱਪੜ ਦੀ ਸਫ਼ਾਈ ਕਰਵਾ ਕੇ ਉਸ ਦੇ ਆਲੇ-ਦੁਆਲੇ ਸ਼ਾਨਦਾਰ ਤੇ ਫ਼ਲਦਾਰ ਬੂਟੇ ਲਾਏ ਗਏ ਹਨ। ਪਿੰਡ ਨੂੰ ਸ਼ੁੱਧ ਵਾਤਾਵਰਨ ਦੇਣ ਲਈ ਕੂੜੇ ਨੂੰ ਸੰਭਾਲਣ ਲਈ ਸੋਲਵਿਟ ਪਲਾਂਟ ਲਾਇਆ ਗਿਆ ਹੈ। ਜਿੱਥੇ ਪਿੰਡ ਦੇ ਲੋਕ ਪਲਾਸਟਿਕ ਤੇ ਹੋਰ ਕੂੜੇ ਨੂੰ ਵੱਖਰੇ-ਵੱਖਰੇ ਡਸਟਬੀਨਾਂ ‘ਚ ਪਾਉਂਦੇ ਹਨ, ਜਿਸ ਦੀ ਦੇਸ਼ੀ ਖਾਦ ਬਣ ਕੇ ਖੇਤਾਂ ‘ਚ ਪੈਂਦੀ ਹੈ। ਪਿੰਡ ‘ਚ ਖੂਬਸੂਰਤ ਪਾਰਕ ਬਣਾਇਆ ਗਿਆ ਹੈ, ਜਿਸ ‘ਚ ਅਨੇਕਾਂ ਤਰ੍ਹਾਂ ਦੇ ਬੂਟੇ ਲਾਏ ਗਏ ਹਨ। ਸਰਪੰਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਪਿੰਡ ‘ਚ ਚੱਲ ਰਹੇ ਸਰਕਾਰੀ ਅੱਠਵੀਂ ਕਲਾਸ ਤਕ ਦੇ ਸਕੂਲ ਨੂੰ ਕਾਗਜ਼ਾਂ ‘ਚ ਅਪਗਰੇਡ ਕਰ ਕੇ ਦਸਵੀਂ ਕਲਾਸ ਤਕ ਦਾ ਤਾਂ ਕਰ ਦਿੱਤਾ ਹੈ ਪਰ ਸਕੂਲ ‘ਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਗਿਆ।

ਪੰਚਾਇਤ ਵੱਲੋਂ ਇਕ ਅਧਿਆਪਕ ਨੂੰ ਆਪਣੇ ਕੋਲੋਂ ਤਨਖਾਹ ਦੇ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਕੂਲ ‘ਚ ਅਧਿਆਪਕਾਂ ਨੂੰ ਪੱਕੇ ਤੌਰ ‘ਤੇ ਰੱਖਿਆ ਜਾਵੇ ਤਾਂ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਿਆ ਜਾਵੇ। ਸਰਪੰਚ ਵੱਲੋਂ ਗ਼ਰੀਬ ਲੋਕਾਂ ਨੂੰ ਪਲਾਟ ਤੇ ਲੋੜਵੰਦ ਗ਼ਰੀਬ ਲੋਕਾਂ ਲਈ ਕੱਚੇ ਮਕਾਨਾਂ ਵਾਸਤੇ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ‘ਚ ਗ਼ਰੀਬੀ ਰੇਖਾ ਤੋਂ ਹੇਠ ਰਹਿ ਰਹੇ ਲੋਕਾਂ ਲਈ ਸਰਕਾਰ ਕੱਚੇ ਮਕਾਨਾਂ ਨੂੰ ਮਕਾਨ ਬਣਾਉਣ ਲਈ ਗ੍ਾਂਟ ਜਾਰੀ ਕਰੇ ਤੇ ਬੇਘਰ ਲੋੜਵੰਦ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਪਲਾਟ ਜਾਂ ਮਕਾਨ ਬਣਾ ਕੇ ਦਿੱਤੇ ਜਾਣ।