ਮਨੋਰੰਜਨ ਡੈਸਕ, ਨਵੀਂ ਦਿੱਲੀ : ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ਐਕਸ਼ਨ ਨਾਲ ਭਰਪੂਰ ਫਿਲਮ ਐਨੀਮਲ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ। ਰਣਬੀਰ ਕਪੂਰ ਅਤੇ ਬੌਬੀ ਦਿਓਲ ਸਟਾਰਰ ਫਿਲਮ ਭਾਵੇਂ ਹੀ ਬਾਕਸ ਆਫਿਸ ‘ਤੇ ਵੱਡੀ ਕਮਾਈ ਕਰ ਰਹੀ ਹੈ ਪਰ ਇਹ ਫਿਲਮ ਵਿਵਾਦਾਂ ‘ਚ ਵੀ ਘਿਰੀ ਹੋਈ ਹੈ। ਕੁਝ ਦ੍ਰਿਸ਼ਾਂ ‘ਤੇ ਲੋਕ ਗੁੱਸਾ ਜ਼ਾਹਿਰ ਕਰ ਰਹੇ ਹਨ। ਹੁਣ ਅਦਾਕਾਰ ਸੰਨੀ ਦਿਓਲ ਨੇ ਵੀ ਫਿਲਮ ‘ਤੇ ਆਪਣਾ ਰੀਵਿਊ ਦਿੱਤਾ ਤੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸੀਨ ਬਿਲਕੁਲ ਵੀ ਪਸੰਦ ਨਹੀਂ ਆਏ।

2023 ਦੀ ਬਲਾਕਬਸਟਰ ਫਿਲਮ ਗਦਰ-2 ਦੇਣ ਵਾਲੇ ਸੰਨੀ ਦਿਓਲ ਨੇ ਹਾਲ ਹੀ ‘ਚ ਇਕ ਇੰਟਰਵਿਊ ਵਿਚ ਭਰਾ ਬੌਬੀ ਦਿਓਲ ਦੀ ਫਿਲਮ ਐਨੀਮਲ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਦੱਸਿਆ ਕਿ ਵੈਸੇ ਉਸ ਨੂੰ ਇਹ ਫ਼ਿਲਮ ਪਸੰਦ ਆਈ ਹੈ ਪਰ ਉਸ ਨੂੰ ਕੁਝ ਗੱਲਾਂ ਬਿਲਕੁਲ ਵੀ ਪਸੰਦ ਨਹੀਂ ਆਈਆਂ ਤੇ ਇਹ ਜ਼ਾਹਿਰ ਕਰਨਾ ਉਸ ਦਾ ਹੱਕ ਹੈ।

ਸੰਨੀ ਦਿਓਲ ਨੂੰ ਐਨੀਮਲ ਦੀਆਂ ਕੁਝ ਗੱਲਾਂ ਨਹੀਂ ਆਈਆਂ ਪਸੰਦ

ਪੀਟੀਆਈ ਨਾਲ ਗੱਲ ਕਰਦਿਆਂ ਸੰਨੀ ਦਿਓਲ ਨੇ ਕਿਹਾ, ‘ਮੈਂ ਬੌਬੀ ਲਈ ਸੱਚਮੁੱਚ ਖੁਸ਼ ਹਾਂ। ਮੈਂ ਐਨੀਮਲ ਦੇਖੀ ਤੇ ਮੈਨੂੰ ਪਸੰਦ ਆਈ। ਇਹ ਚੰਗੀ ਫਿਲਮ ਹੈ। ਹਾਲਾਂਕਿ ਕੁਝ ਅਜਿਹੀਆਂ ਚੀਜ਼ਾਂ ਸਨ ਜੋ ਮੈਨੂੰ ਪਸੰਦ ਨਹੀਂ ਸਨ, ਜੋ ਮੈਨੂੰ ਬਹੁਤ ਸਾਰੀਆਂ ਫਿਲਮਾਂ ਵਿੱਚ ਪਸੰਦ ਨਹੀਂ ਹਨ। ਮੇਰੀ ਆਪਣੀ ਫ਼ਿਲਮ ਵਿਚ ਵੀ ਨਹੀਂ। ਇਕ ਵਿਅਕਤੀ ਵਜੋਂ ਮੈਨੂੰ ਪਸੰਦ ਜਾਂ ਨਾਪਸੰਦ ਕਰਨ ਦਾ ਹੱਕ ਹੈ ਪਰ ਇਹ ਇਕ ਚੰਗੀ ਫ਼ਿਲਮ ਹੈ। ਸੰਗੀਤ ਬਹੁਤ ਵਧੀਆ ਹੈ ਤੇ ਸੀਕਵੈਂਸ ਦੇ ਨਾਲ-ਨਾਲ ਚੱਲਦਾ ਹੈ। ਬੌਬੀ ਹਮੇਸ਼ਾ ਬੌਬੀ ਹੀ ਰਿਹਾ ਹੈ ਪਰ ਹੁਣ ਉਹ ਲਾਰਡ ਬੌਬੀ ਬਣ ਗਿਆ ਹੈ

ਖਲਨਾਇਕ ਦੇ ਰੂਪ ‘ਚ ਛਾਇਆ ਬੌਬੀ ਦਿਓਲ

1 ਦਸੰਬਰ, 2023 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ‘ਐਨੀਮਲ’ ਵਿਚ ਬੌਬੀ ਦਿਓਲ ਨੇ ਵਿਲੇਨ ਅਬਰਾਰ ਦੀ ਭੂਮਿਕਾ ਨਿਭਾਈ ਹੈ, ਜੋ ਅਨਿਲ ਕਪੂਰ ਦਾ ਭਤੀਜਾ ਹੈ ਤੇ ਜਾਇਦਾਦ ਲਈ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਜਿਸ ਕਾਰਨ ਰਣਬੀਰ ਅਤੇ ਬੌਬੀ ਦੁਸ਼ਮਣ ਬਣ ਗਏ ਹਨ। ਬੌਬੀ ਨੇ ਫਿਲਮ ‘ਚ ਆਪਣੇ ਕੁਝ ਮਿੰਟਾਂ ਦੇ ਸੀਨ ‘ਚ ਸੁਰਖੀਆਂ ਬਟੋਰੀਆਂ।

ਫਿਲਮ ‘ਚ ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ‘ਚ ਹਨ। ਫਿਲਮ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ। ਫਿਲਮ ਬਾਕਸ ਆਫਿਸ ‘ਤੇ ਸ਼ਾਨਦਾਰ ਕੁਲੈਕਸ਼ਨ ਕਰ ਰਹੀ ਹੈ। ਇਹ ਫਿਲਮ ਜਲਦ ਹੀ ਦੁਨੀਆ ਭਰ ‘ਚ 800 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਜਾ ਰਹੀ ਹੈ।