ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਹਾਲਾਂਕਿ ਧੋਨੀ ਅਜੇ ਵੀ ਆਈਪੀਐੱਲ ਖੇਡਦੇ ਹਨ। ਧੋਨੀ ਦੇ ਸੰਨਿਆਸ ਦੇ ਤਿੰਨ ਸਾਲ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡਾ ਫੈਸਲਾ ਲਿਆ ਹੈ। ਧੋਨੀ ਨਾ ਸਿਰਫ ਇੱਕ ਮਹਾਨ ਕਪਤਾਨ ਅਤੇ ਇੱਕ ਮਹਾਨ ਫਿਨਿਸ਼ਰ ਵਜੋਂ ਜਾਣਿਆ ਜਾਂਦਾ ਹੈ ਬਲਕਿ ਇਸ ਤੋਂ ਇਲਾਵਾ ਉਹ ਨੰਬਰ ਵਨ ਵਜੋਂ ਵੀ ਜਾਣਿਆ ਜਾਂਦਾ ਹੈ। ਧੋਨੀ ਆਪਣੇ ਨੰਬਰ 7 ਲਈ ਵੀ ਜਾਣਿਆ ਜਾਂਦਾ ਹੈ। ਇਹ ਧੋਨੀ ਦੀ ਜਰਸੀ ਦਾ ਨੰਬਰ ਹੈ। BCCI ਨੇ ਇਸ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ।

ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਉਨ੍ਹਾਂ ਦੀ ਕਪਤਾਨੀ ‘ਚ ਟੀਮ ਨੇ ਇਕ ਵਾਰ ਫਿਰ 2014 ‘ਚ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਪਰ ਇਸ ਵਾਰ ਉਹ ਜਿੱਤ ਨਹੀਂ ਸਕੀ। ਧੋਨੀ ਦੀ ਕਪਤਾਨੀ ਵਿੱਚ ਹੀ ਭਾਰਤ ਨੇ ਸਾਲ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।

ਰਿਟਾਇਰ ਹੋਵੇਗੀ ਜਰਸੀ ਨੰਬਰ 7

ਇੰਡੀਅਨ ਐਕਸਪ੍ਰੈਸ ਤੇ ਐਨਡੀਟੀਵੀ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਬੀਸੀਸੀਆਈ ਨੇ ਧੋਨੀ ਦੀ ਨੰਬਰ-7 ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਲਿਖਿਆ ਹੈ ਕਿ ਬੀਸੀਸੀਆਈ ਨੇ ਖਿਡਾਰੀਆਂ ਨੂੰ ਸਪੱਸ਼ਟ ਕਿਹਾ ਹੈ ਕਿ ਉਹ ਟੀਮ ਇੰਡੀਆ ‘ਚ ਰਹਿੰਦੇ ਹੋਏ 7 ਨੰਬਰ ਦੀ ਜਰਸੀ ਨਹੀਂ ਪਹਿਨ ਸਕਦੇ ਹਨ। ਇੰਡੀਅਨ ਐਕਸਪ੍ਰੈਸ ਨੇ ਲਿਖਿਆ ਹੈ ਕਿ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਤੇ ਮੌਜੂਦਾ ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਜਰਸੀ ਨੰਬਰ-7 ਨਹੀਂ ਪਹਿਨ ਸਕਦੇ ਹਨ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ‘ਚ ਸਾਫ ਲਿਖਿਆ ਗਿਆ ਹੈ ਕਿ ਬੀਸੀਸੀਆਈ ਨੇ ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ।

ਸਚਿਨ ਦੀ ਜਰਸੀ ਵੀ ਹੋਈ ਸੀ ਰਿਟਾਇਰ

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੀਸੀਸੀਆਈ ਨੇ ਆਪਣੇ ਕਿਸੇ ਖਿਡਾਰੀ ਦੀ ਜਰਸੀ ਨੂੰ ਰਿਟਾਇਰ ਕੀਤਾ ਹੋਵੇ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ 10 ਨੰਬਰ ਦੀ ਜਰਸੀ ਪਹਿਨਦੇ ਸਨ। ਉਸ ਦੀ ਜਰਸੀ ਨੂੰ ਵੀ ਬੀਸੀਸੀਆਈ ਨੇ ਰਿਟਾਇਰ ਕਰ ਦਿੱਤਾ ਸੀ। ਸ਼ਾਰਦੁਲ ਠਾਕੁਰ ਨੇ ਆਪਣੇ ਕਰੀਅਰ ਦੇ ਪਹਿਲੇ ਕੁਝ ਮੈਚਾਂ ‘ਚ 10 ਨੰਬਰ ਦੀ ਜਰਸੀ ਪਹਿਨੀ ਸੀ ਅਤੇ ਫਿਰ ਇਸ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਪਰ ਇਸ ਤੋਂ ਬਾਅਦ ਇਸ ਜਰਸੀ ਨੂੰ ਰਿਟਾਇਰ ਕਰ ਦਿੱਤਾ ਗਿਆ।