ਰਾਜਸਥਾਨ ਦੇ ਜੈਪੁਰ ‘ਚ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ (Sukhdev Singh Gogamedi) ਨੂੰ ਗੋਲ਼ੀਆਂ ਮਾਰਨ ਵਾਲੇ ਦੋ ਮੁਲਜ਼ਮਾਂ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਦੇਹਾਂਤ ‘ਤੇ ਰਾਜਪੂਤ ਭਾਈਚਾਰੇ ‘ਚ ਭਾਰੀ ਰੋਸ ਹੈ। ਇਸ ਘਟਨਾ ਦੇ ਵਿਰੋਧ ‘ਚ ਰਾਜਪੂਤ ਭਾਈਚਾਰੇ ਨੇ ਅੱਜ ਰਾਜਸਥਾਨ ਬੰਦ ਦਾ ਸੱਦਾ ਦਿੱਤਾ ਹੈ। ਇਕ ਮੁਲਜ਼ਮ ਦਾ ਨਾਂ ਰੋਹਿਤ ਰਾਠੌਰ ਹੈ ਜੋ ਕਿ ਨਾਗੌਰ ਦੇ ਮਕਰਾਨਾ ਦਾ ਰਹਿਣ ਵਾਲਾ ਹੈ, ਉੱਥੇ ਹੀ ਦੂਜੇ ਦਾ ਨਾਂ ਨਿਤਿਨ ਫੌਜੀ ਹੈ। ਉਹ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਹੈ। ਦੋਵਾਂ ਨੇ ਮਿਲ ਕੇ ਸੁਖਦੇਵ ਸਿੰਘ ਗੋਗਾਮੇਦੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣੋ ਪੂਰੀ ਕਹਾਣੀ…

ਮਿਤੀ 5 ਦਸੰਬਰ… ਰਾਜਸਥਾਨ ਦੀ ਰਾਜਧਾਨੀ ਜੈਪੁਰ… ਕੱਪੜਾ ਕਾਰੋਬਾਰੀ ਨਵੀਨ ਸ਼ੇਖਾਵਤ ਦੋ ਨੌਜਵਾਨਾਂ ਨਾਲ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਘਰ ਆਏ। ਸੁਖਦੇਵ ਸੋਫੇ ਦੇ ਇਕ ਪਾਸੇ ਬੈਠੇ ਸੀ ਤੇ ਦੋਵੇਂ ਨੌਜਵਾਨ ਸਾਹਮਣੇ ਬੈਠੇ ਸਨ। ਨਵੀਨ ਸ਼ੇਖਾਵਤ ਵੀ ਉਸ ਦੇ ਕੋਲ ਹੀ ਬੈਠੇ ਸਨ। ਚਾਰੇ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਹੇ ਸਨ ਕਿ ਅਚਾਨਕ ਸੁਖਦੇਵ ਦੇ ਮੋਬਾਈਲ ‘ਤੇ ਕਾਲ ਆ ਗਈ। ਜਿਉਂ ਹੀ ਸੁਖਦੇਵ ਨੇ ਫੋਨ ਚੁੱਕਿਆ ਤਾਂ ਨਵੀਨ ਦੇ ਨਾਲ ਆਏ ਦੋ ਨੌਜਵਾਨਾਂ ‘ਚੋਂ ਇਕ ਨੇ ਅਚਾਨਕ ਉੱਠ ਕੇ ਸੁਖਦੇਵ ਨੂੰ ਗੋਲ਼ੀ ਮਾਰ ਦਿੱਤੀ।

ਬਿਨਾਂ ਸਮਾਂ ਬਰਬਾਦ ਕੀਤੇ ਦੂਜੇ ਨੌਜਵਾਨਾਂ ਨੇ ਵੀ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਹੀ ਸੁਖਦੇਵ ਨੂੰ ਗੋਲ਼ੀ ਲੱਗੀ, ਉਸ ਦੇ ਸਰੀਰ ‘ਚੋਂ ਖੂਨ ਵਹਿਣ ਲੱਗਾ। ਇਸ ਤੋਂ ਪਹਿਲਾਂ ਕਿ ਉਥੇ ਮੌਜੂਦ ਸੁਖਦੇਵ ਦਾ ਬਾਡੀਗਾਰਡ ਕੁਝ ਸਮਝ ਸਕਦਾ, ਦੋਵਾਂ ਨੌਜਵਾਨਾਂ ਨੇ ਨਵੀਨ ਸ਼ੇਖਾਵਤ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਪੂਰਾ ਕਮਰਾ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਗੋਲੀਬਾਰੀ ਦੌਰਾਨ ਗੋਗਾਮੇੜੀ ਦੇ ਗਾਰਡ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਬਦਮਾਸ਼ਾਂ ਨੇ ਉਸ ‘ਤੇ ਵੀ ਫਾਇਰਿੰਗ ਕਰ ਦਿੱਤੀ। ਜਾਂਦੇ ਸਮੇਂ ਇਕ ਬਦਮਾਸ਼ ਨੇ ਗੋਗਾਮੇੜੀ ਦੇ ਸਿਰ ‘ਚ ਗੋਲ਼ੀ ਮਾਰ ਦਿੱਤੀ।

ਇਸ ਤੋਂ ਬਾਅਦ ਦੋਵੇਂ ਬਦਮਾਸ਼ ਉਥੋਂ ਭੱਜਣ ਲੱਗੇ। ਇਸ ਦੌਰਾਨ ਜਦੋਂ ਸੁਖਦੇਵ ਸਿੰਘ ਦੇ ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਨ੍ਹਾਂ ‘ਤੇ ਵੀ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਗਾਰਡ ਅਜੀਤ ਸਿੰਘ ਵੀ ਗੰਭੀਰ ਜ਼ਖਮੀ ਹੋ ਗਿਆ। ਗੋਲੀਬਾਰੀ ਤੋਂ ਬਾਅਦ ਦੋ ਬਦਮਾਸ਼ ਦੌੜਦੇ ਹੋਏ ਇਕ ਗਲੀ ‘ਚੋਂ ਬਾਹਰ ਆਏ ਤੇ ਇਕ ਕਾਰ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਡਰਾਈਵਰ ਨੂੰ ਪਿਸਤੌਲ ਦਿਖਾ ਕੇ ਹਵਾ ‘ਚ ਫਾਇਰ ਕੀਤਾ ਤੇ ਡਰਾਈਵਰ ਭੱਜ ਗਿਆ। ਇਸ ਦੌਰਾਨ ਸ਼ੂਟਰਾਂ ਨੇ ਪਿੱਛੋਂ ਆ ਰਹੇ ਸਕੂਟਰ ਸਵਾਰ ਨੂੰ ਨਿਸ਼ਾਨਾ ਬਣਾਇਆ। ਬਦਮਾਸ਼ਾਂ ਨੇ ਸਕੂਟਰ ਸਵਾਰ ਨੂੰ ਗੋਲ਼ੀ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਵੀ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਬਦਮਾਸ਼ ਭੱਜ ਨਿਕਲੇ।

ਇਸ ਦੌਰਾਨ ਖੂਨ ਨਾਲ ਲੱਥਪੱਥ ਹਾਲਤ ‘ਚ ਸੋਫੇ ‘ਤੇ ਪਏ ਗੋਗਾਮੇੜੀ ਨੂੰ ਤੁਰੰਤ ਇਲਾਜ ਲਈ ਮੈਟਰੋ ਮਾਸ ਹਸਪਤਾਲ ਲਿਜਾਇਆ ਗਿਆ। ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਖਬਰ ਫੈਲਦੇ ਹੀ ਪੂਰੇ ਰਾਜਸਥਾਨ ‘ਚ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਣ ‘ਤੇ ਸ਼ਿਆਮ ਨਗਰ ਥਾਣਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਗੋਗਾਮੇੜੀ ਦੀ ਸੰਸਥਾ ਨਾਲ ਜੁੜੇ ਲੋਕਾਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਮਾਨਸਰੋਵਰ ਵਿੱਚ ਸੜਕਾਂ ਜਾਮ ਕਰ ਦਿੱਤੀਆਂ।