ਦਲਵਿੰਦਰ ਸਿੰਘ ਰਛੀਨ, ਰਾਏਕੋਟ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਲੋਹਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਪੁੱਤਰ ਸਾਬਕਾ ਵਿਧਾਇਕ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਦਾ ਅੱਜ ਸ਼ਾਮ 5 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਉਹ ਪਿਛਲੇ ਤਿੰਨ ਮਹੀਨਿਆਂ ਤੋਂ ਪੀਜੀਆਈ ‘ਚ ਦਾਖਲ ਸਨ।

ਜੱਥੇਦਾਰ ਤਲਵੰਡੀ ਦਾ ਅੰਤਿਮ ਸੰਸਕਾਰ 6 ਦਸੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਕੀਤਾ ਜਾਵੇਗਾ। ਜਿਸ ਦੌਰਾਨ ਉਨ੍ਹਾਂ ਦੀ ਦੇਹ ਸਵੇਰੇ 11 ਵਜੇ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਅਤੇ ਬਾਅਦ ਦੁਪਹਿਰ 3 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਰਾਏਕੋਟ ਹਲਕੇ ਸਮੇਤ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ।

ਦੱਸਣਯੋਗ ਹੈ ਕਿ ਜੱਥੇਦਾਰ ਤਲਵੰਡੀ ਵਿਧਾਨ ਸਭਾ ਹਲਕਾ ਰਾਏਕੋਟ (ਜਨਰਲ) ਤੋਂ 2002 ਤੋਂ 2007 ਤੱਕ ਐੱਮਐਲਏ ਰਹੇ ਸਨ, ਜਦਕਿ ਉਨ੍ਹਾਂ ਸਿਆਸੀ ਸਫ਼ਰ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਕੀਤਾ ਸੀ ਪਰ ਉਹ ਇਹ ਚੋਣ ਹਾਰ ਗਏ ਸਨ। ਉਹ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਵੀ ਰਹੇ ਸਨ।