ਡਿਜੀਟਲ ਡੈਸਕ, ਨਵੀਂ ਦਿੱਲੀ: ਜਾਗਰਣ ਨਿਊ ਮੀਡੀਆ ਦੇ ਫੈਕਟ ਚੈਕਿੰਗ ਵਿੰਗ ਵਿਸ਼ਵਾਸ ਨਿਊਜ਼ ਨੇ ਸੋਮਵਾਰ ਨੂੰ ਦਿੱਲੀ ਦੇ ਮਿਊਰ ਵਿਹਾਰ ਫੇਜ਼ 3 ਸਥਿਤ ਵਿਦਿਆ ਬਾਲ ਭਵਨ ਸਕੂਲ ‘ਚ ਸੀਨੀਅਰ ਨਾਗਰਿਕਾਂ ਲਈ ਸੈਮੀਨਾਰ ਕਰਵਾਇਆ ਗਿਆ। ਇਸ ‘ਚ ਵਿਸ਼ਵਾਸ ਨਿਊਜ਼ ਦੇ ਮਾਹਿਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਡੀਪਫੇਕ ਤੇ ਏਆਈ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਤੇ ਵੀਡੀਓ ਦੀ ਪਛਾਣ ਕਰੀਏ। ਨਾਲ ਹੀ ਉਨ੍ਹਾਂ ਨੂੰ ਇਹ ਵੀ ਸਿਖਲਾਈ ਦਿੱਤੀ ਗਈ ਕਿ ਫੈਕਟ ਚੈਕਿੰਗ ਟੂਲਜ਼ ਦੀ ਮਦਦ ਨਾਲ ਕਿਸ ਤਰ੍ਹਾਂ ਸ਼ੱਕੀ ਸੂਚਨਾਵਾਂ ਦੀ ਜਾਂਚ ਕੀਤੀ ਜਾ ਸਕਦੀ ਹੈ।

ਮੀਡੀਆ ਸਾਖ਼ਰਤਾ ਮੁਹਿੰਮ ਤਹਿਤ ਹੋਇਆ ਸੈਮੀਨਾਰ

ਮੀਡੀਆ ਸਾਖ਼ਰਤਾ ਮੁਹਿੰਮ ਤਹਿਤ ਹੋਏ ਸੈਮੀਨਾਰ ‘ਚ ਸੀਨੀਅਰ ਐਡੀਟਰ ਅਤੇ ਫੈਕਟ ਚੈਕਰ ਉਰਵਸੀ਼ ਕਪੂਰ ਨੇ ਕੁਝ ਉਦਾਹਰਨਾਂ ਦੇ ਜ਼ਰੀਏ ਸੱਚ, ਰਾਏ ਅਤੇ ਝੂਠ ‘ਚ ਫ਼ਰਕ ਕਰਨਾ ਦੱਸਿਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਕਿਸੇ ਵੀ ਸੂਚਨਾ ਦਾ ਸੂਤਰ ਚੈੱਕ ਕਰਨਾ ਜ਼ਰੂਰੀ ਹੈ। ਕਿਸੇ ਵੀ ਯੂਆਰਐੱਲ ‘ਤੇ ਕਲਿੱਕ ਕਰਨ ਤੋਂ ਪਹਿਲਾਂ ਉਸ ਨੂੰ ਧਿਆਨ ਨਾਲਦੇਖੋ। ਅਕਸਰ ਅਜਿਹੇ ਵਾਇਰਲ ਫਿਸ਼ਿਗ ਲਿੰਕਸ ਦੇ ਸ਼ਬਦਾਂ ‘ਚ ਕੁਝ ਗ਼ਲਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਫੜਿਆ ਜਾ ਸਕਦਾ ਹੈ।

ਪ੍ਰੋਗਰਾਮ ‘ਚ ਦਿੱਤੀ ਗਈ ਡਿਜੀਟਲ ਸੁਰੱਖਿਆ ਦੀ ਜਾਣਕਾਰੀ

ਉਨ੍ਹਾਂ ਦੱਸਿਆ ਕਿ ਜੇਕਰ ਇਕ ਕੰਪਨੀ ਕੋਈ ਸਕੀਮ ਕੱਢਦੀ ਹੈ ਤਾਂ ਉਹ ਆਪਣੀ ਅਧਿਕਾਰਕ ਵੈਬਸਾਈਟ ਜਾਂ ਸੋਸ਼ਲ ਮੀਡਆ ਹੈਂਡਲਜ਼ ‘ਤੇ ਜਾਣਕਾਰੀ ਜ਼ਰੂਰ ਦੇਵੇਗੀ। ਕੰਪਨੀ ਦੀ ਅਧਿਕਾਰਕ ਵੈਬਸਾਈਟ ‘ਤੇ ਵਾਇਰਲ ਸੂਚਨਾ ਬਾਰੇ ਜਾਣਕਾਰੀ ਨਾ ਮਿਲੇ, ਤਾਂ ਉਹ ਮੈਸੇਜ ਪੂਰੀ ਤਰ੍ਹਾਂ ਫ਼ਰਜ਼ੀ ਹੋਵੇਗਾ। ਪ੍ਰੋਗਰਾਮ ‘ਚ ਉਰਵਸ਼ੀ ਨੇ ਡਿਜੀਟਲ ਸੁਰੱਖਿਆ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਕਵਿਤਾ ਜਾਂ ਗਾਣੇ ਦੀ ਲਾਈਨ ਨੂੰ ਮਜ਼ਬੂਤ ਪਾਸਵਰਡ ਵਾਂਗ ਇਸਤੇਮਾਲ ਕਰ ਸਕਦੇ ਹਾਂ।

ਵਿਸ਼ਵਾਸ ਨਿਊਜ਼ ਦੇ ਐਸੋਸੀਏਟ ਐਡੀਟਰ ਆਸ਼ੀਸ਼ ਮਹਾਰਿਸ਼ੀ ਨੇ ਰਸ਼ਮਿਕਾ ਮੰਦਾਨਾ, ਕਾਜੋਲ ਅਤੇ ਆਲੀਆ ਭੱਟ ਦੇ ਹਾਲ ਹੀ ‘ਚ ਵਾਇਰਲ ਹੋਏ ਵੀਡੀਓ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਧਿਆਨ ਨਾਲ ਦੇਖਣ ‘ਤੇ ਪਛਾਣਿਆ ਜਾ ਸਕਦਾ ਹੈ। ਇਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਜਾਂ ਅੱਖਾਂ ਦੀ ਮੂਵਮੈਂਟ ਜਾਂ ਉਂਗਲਾਂ ਦੀ ਬਨਾਵਟ ਤੋਂ ਅਜਿਹੇ ਵੀਡੀਓ ਨੂੰ ਫੜਿਆ ਜਾ ਸਕਦਾ ਹੈ। ਉਨ੍ਹਾਂ ਏਆਈ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਜਾਂ ਡੀਪਫੇਕ ਵੀਡੀਓ ਨਾਲ ਸਮਾਜ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਜਾਗਰੂਕ ਵੋਟਰ ਬਣਨ ਲਈ ਪ੍ਰਤੀਭਾਗੀਆਂ ਨੂੰ ਕੀਤਾ ਗਿਆ ਪ੍ਰੇਰਿਤ

ਪ੍ਰੋਗਰਾਮ ਦੌਰਾਨ ਦੋਵੇਂ ਹੀ ਮਾਹਿਰਾਂ ਨੇ ਪ੍ਰਤੀਭਾਗੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਦੇ ਸਵਾਲਾਂ ਦਾ ਹੱਲ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਜਾਗਰੂਕ ਵੋਟਰ ਬਣਨ ਲਈ ਵੀ ਪ੍ਰੇਰਿਤ ਕੀਤਾ ਗਿਆ।

ਯੂਪੀ, ਬਿਹਾਰ ਤੋਂ ਇਲਾਵਾ ਕਈ ਹੋਰ ਰਾਜਾਂ ‘ਚ ਵੀ ਹੋ ਚੁੱਕੇ ਹਨ ਸੈਮੀਨਾਰ

ਨਵੀਂ ਦਿੱਲੀ ਤੋਂ ਪਹਿਲਾਂ ਯੂਪੀ, ਬਿਹਾਰ, ਐੱਮਪੀ, ਛੱਤੀਸਗੜ੍ਹ, ਰਾਜਸਥਾਨ ਅਤੇ ਤੇਲੰਗਾਨਾ ਦੇ ਲੋਕਾਂ ਲਈ ਵੀ ਸੈਮੀਨਾਰ ਅਤੇ ਵੈਬੀਨਾਰ ਕਰਵਾਏ ਜਾ ਚੁੱਕੇ ਹਨ। ਗੂਗਲ ਨਿਊਜ਼ ਇਨੀਸ਼ੀਏਟਿਵ (ਜੀਐੱਨਆਈ) ਦੀ ਸਹਾਇਤਾ ਨਾਲ ਚਲਾਏ ਜਾ ਰਹੇ ਇਸ ਪ੍ਰੋਗਰਾਮ ਦਾ ਅਕਾਦਮਿਕ ਹਿੱਸੇਦਾਰ ਮਾਈਕਾ (ਮੁਦਰਾ ਇੰਸਟੀਚਿਊਟ ਆਫ਼ ਕਮਿਊਨੀਕੇਸ਼ਨਜ਼, ਅਹਿਮਦਾਬਾਦ) ਹੈ।

ਮੁਹਿੰਮ ਬਾਰੇ

‘ਸੱਚ ਕੇ ਸਾਥੀ ਸੀਨੀਅਰਜ਼’ ਭਾਰਤ ‘ਚ ਤੇਜ਼ੀ ਨਾਲ ਵਧ ਰਹੀਆਂ ਫੇਕ ਅਤੇ ਭਰਮਾਊ ਸੂਚਨਾਵਾਂ ਦੇ ਮੁੱਦੇ ਨੂੰ ਉਠਾਉਣ ਵਾਲਾ ਮੀਡੀਆ ਸਾਖ਼ਰਤਾ ਅਭਿਆਨ ਹੈ। ਪ੍ਰੋਗਰਾਮ ਦਾ ਉਦੇਸ਼ 15 ਰਾਜਾਂ ਦੇ 50 ਸ਼ਹਿਰਾਂ ‘ਚ ਸੈਮੀਨਾਰ ਅਤੇ ਵੈਬੀਨਾਰ ਦੀ ਲੜੀ ਰਾਹੀਂ ਸਰੋਤਾਂ ਦਾ ਵਿਸਲੇਸ਼ਣ ਕਰਨ, ਭਰੋਸੇਯੋਗ ਤੇ ਗ਼ੈਰ-ਭਰੋਸੇਯੋਗ ਜਾਣਕਾਰੀ ਵਿਚਾਲੇ ਫ਼ਰਕ ਕਰਦੇ ਹੋਏ ਸੀਨੀਅਰ ਨਾਗਰਿਕਾਂ ਨੂੰ ਸਹੀ ਫ਼ੈਸਲੇ ਲੈਣ ‘ਚ ਮਦਦ ਕਰਨਾ ਹੈ।