ਸਪੋਰਟਸ ਡੈਸਕ, ਨਵੀਂ ਦਿੱਲੀ: Team India Tour Of South Africa: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਵਨਡੇ ਅਤੇ ਟੀ-20 ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਉਹ ਫਿਲਹਾਲ ਸਫੇਦ ਗੇਂਦ ਦੀ ਕ੍ਰਿਕਟ ਨਹੀਂ ਖੇਡੇਗਾ। ਉਹ ਕੁਝ ਹੋਰ ਸਮੇਂ ਲਈ ਬ੍ਰੇਕ ਚਾਹੁੰਦਾ ਹੈ। ਹਾਲਾਂਕਿ ਉਹ ਦੱਖਣੀ ਅਫਰੀਕਾ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਉਪਲਬਧ ਹੋਵੇਗਾ।

ਵਿਰਾਟ ਕੋਹਲੀ ਨੇ ਬੀਸੀਸੀਆਈ ਨੂੰ ਸਫੇਦ ਗੇਂਦ ਕ੍ਰਿਕਟ ਤੋਂ ਬ੍ਰੇਕ ਲੈਣ ਦੀ ਜਾਣਕਾਰੀ ਦਿੱਤੀ ਹੈ। ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਕੋਹਲੀ ਫਿਲਹਾਲ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਣਗੇ। ਦਸੰਬਰ ਮਹੀਨੇ ‘ਚ ਭਾਰਤ ਅਤੇ ਦੱਖਣੀ ਅਫਰੀਕਾ ਦਾ ਦੌਰਾ ਕਰਨਗੇ। ਇੱਥੇ ਭਾਰਤ ਵਨਡੇ, ਟੀ-20 ਅਤੇ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗਾ।

ਕੇਐੱਲ ਰਾਹੁਲ ਜਾਂ ਜਸਪ੍ਰੀਤ ਬੁਮਰਾਹ ਕਮਾਨ ਸੰਭਾਲ ਸਕਦੇ ਹਨ

ਇਸ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੀ ਵਨਡੇ ਅਤੇ ਟੀ-20 ਸੀਰੀਜ਼ ਤੋਂ ਬ੍ਰੇਕ ਚਾਹੁੰਦੇ ਹਨ। ਉਨ੍ਹਾਂ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਟੀਮ ਦੀ ਕਮਾਨ ਸੰਭਾਲ ਸਕਦੇ ਹਨ।

ਇਸ ਦੇ ਨਾਲ ਹੀ ਚੋਣਕਾਰ ਜਸਪ੍ਰੀਤ ਬੁਮਰਾਹ ਨੂੰ ਕਪਤਾਨ ਬਣਾਉਣ ‘ਤੇ ਵੀ ਵਿਚਾਰ ਕਰ ਸਕਦੇ ਹਨ। ਇਸ ਤੋਂ ਪਹਿਲਾਂ ਕੇਐੱਲ ਰਾਹੁਲ ਨੇ ਸਾਲ 2022 ‘ਚ ਦੱਖਣੀ ਅਫਰੀਕਾ ਦੌਰੇ ‘ਤੇ ਟੀਮ ਦੀ ਕਮਾਨ ਸੰਭਾਲੀ ਸੀ, ਜਦੋਂ ਵਿਰਾਟ ਕੋਹਲੀ ਨੇ ਕਪਤਾਨੀ ਛੱਡ ਦਿੱਤੀ ਸੀ ਅਤੇ ਰੋਹਿਤ ਸ਼ਰਮਾ ਜ਼ਖਮੀ ਹੋ ਗਏ ਸਨ।

ਵਿਰਾਟ ਛੁੱਟੀਆਂ ਮਨਾਉਣ ਲੰਡਨ ਗਏ ਹੋਏ ਹਨ

ਧਿਆਨ ਯੋਗ ਹੈ ਕਿ ਵਿਰਾਟ ਕੋਹਲੀ ਹਾਲ ਹੀ ਵਿੱਚ ਸਮਾਪਤ ਹੋਏ ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਵਿਰਾਟ ਕੋਹਲੀ ਨੇ 11 ਮੈਚਾਂ ‘ਚ 765 ਦੌੜਾਂ ਬਣਾਈਆਂ ਸਨ। ਫਾਈਨਲ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਬਰੇਕ ‘ਤੇ ਹਨ। ਇਨ੍ਹਾਂ ਵਿੱਚ ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਕੇਐਲ ਰਾਹੁਲ, ਵਿਰਾਟ ਕੋਹਲੀ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਸ਼੍ਰੇਅਸ ਅਈਅਰ ਸ਼ਾਮਲ ਹਨ। ਕੋਹਲੀ ਫਿਲਹਾਲ ਛੁੱਟੀਆਂ ਮਨਾਉਣ ਲੰਡਨ ਗਏ ਹੋਏ ਹਨ।