ਸਰਵਣ ਸਿੰਘ ਭੰਗਲਾਂ, ਸਮਰਾਲਾ : ਸਮਰਾਲਾ ਖੰਨਾ ਸੜਕ ‘ਤੇ ਅੱਜ ਪਿੰਡ ਉਟਾਲਾਂ ਕੋਲ ਇਕ ਸਵਿੱਫਟ ਕਾਰ ਅਤੇ ਬਲੈਰੋ ਪਿਕਅੱਪ ਜੀਪ ਵਿਚਾਲੇ ਹੋਈ ਸਿੱਧੀ ਟੱਕਰ ਦੌਰਾਨ ਕਾਰ ਸਵਾਰ ਬਜ਼ੁਰਗ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਉਸ ਦੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਲੈਰੋ ਪਿਕਅੱਪ ਚਾਲਕ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਸਥਾਨਕ ਸਿਵਲ ਹਸਪਤਾਲ ’ਚ ਮੁੱਢਲੀ ਸਹਾਇਤਾ ਮਗਰੋਂ ਦੋਵੇਂ ਜ਼ਖ਼ਮੀਆਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇੱਕ ਹੋਰ ਜ਼ਖ਼ਮੀ ਨੂੰ ਸਥਾਨਕ ਹਸਪਤਾਲ ’ਚ ਜ਼ੇਰੇ ਇਲਾਜ ਰੱਖਿਆ ਗਿਆ ਹੈ।
.jpg)
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਕਾਰ ਚਾਲਕ ਹਰਪ੍ਰੀਤ ਸਿੰਘ (35) ਵਾਸੀ ਪਿੰਡ ਪਵਾਤ ਆਪਣੀ ਮਾਤਾ ਪਰਮਜੀਤ ਕੌਰ (65) ਨਾਲ ਕਾਰ ‘ਚ ਖੰਨਾ ਤੋਂ ਆਪਣੇ ਸਮਰਾਲੇ ਵੱਲ ਆ ਰਿਹਾ ਸੀ। ਜਿਉਂ ਹੀ ਉਹ ਪਿੰਡ ਉਟਾਲਾਂ ਸੂਏ ਨੇੜੇ ਪਹੁੰਚੇ ਤਾਂ ਸਮਰਾਲਾ ਸਾਈਡ ਤੋਂ ਆ ਰਹੀ ਬਲੈਰੋ ਨਾਲ ਇਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸਾਬਤ ਹੋਈ ਕਿ, ਕਾਰ ਸਵਾਰ ਪਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਕਾਰ ਸਵਾਰ ਹਰਪ੍ਰੀਤ ਸਿੰਘ ਅਤੇ ਬਲੈਰੋ ਚਾਲਕ ਸੁਰਾਜ ਮੁਹੰਮਦ ਸਮੇਤ ਇੱਕ ਹੋਰ ਜ਼ਖ਼ਮੀ ਸਾਹਿਲ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ। ਜਿੱਥੇ ਗੰਭੀਰ ਹਾਲਤ ਹੋਣ ’ਤੇ ਹਰਪ੍ਰੀਤ ਸਿੰਘ ਅਤੇ ਸੁਰਾਜ ਮੁਹੰਮਦ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।


