ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਜੇਕਰ ਅਸੀਂ 90 ਤੇ 2000 ਦੇ ਦਹਾਕੇ ਦੀਆਂ ਟੈਲੇਂਟਿਡ ਬਾਲੀਵੁੱਡ ਅਦਾਕਾਰਾਂ ਨੂੰ ਯਾਦ ਕਰੀਏ ਤਾਂ ਰਵੀਨਾ ਟੰਡਨ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਰਵੀਨਾ ਟੰਡਨ ਨੇ ਹਰ ਤਰ੍ਹਾਂ ਦੇ ਕਿਰਦਾਰ ਨੂੰ ਬਹੁਤ ਖੂਬਸੂਰਤੀ ਨਾਲ ਨਿਭਾਇਆ ਹੈ।

ਮਸਾਲਾ ਫਿਲਮਾਂ ਦੇ ਨਾਲ ਉਨ੍ਹਾਂ ਕੁਝ ਅਜਿਹੇ ਕਿਰਦਾਰ ਵੀ ਨਿਭਾਏ ਜੋ ਰਵੀਨਾ ਦੀ ਅਦਾਕਾਰੀ ਦੀ ਯੋਗਤਾ ਨੂੰ ਜ਼ਾਹਿਰ ਕਰਦੇ ਹਨ। ਰਵੀਨਾ 26 ਅਕਤੂਬਰ ਨੂੰ ਆਪਣਾ ਜਨਮਦਿਨ (Raveena Tandon Birthday) ਮਨਾਉਂਦੀ ਹਨ। ਇਸ ਖਾਸ ਮੌਕੇ ‘ਤੇ ਅਸੀਂ ਉਨ੍ਹਾਂ ਦੀਆਂ ਕੁਝ ਮਸ਼ਹੂਰ ਭੂਮਿਕਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।

ਪੱਥਰ ਕੇ ਫੂਲ (1991)

ਰਵੀਨਾ ਟੰਡਨ ਨੇ 1991 ‘ਚ ਐਕਸ਼ਨ ਫਿਲਮ ਪੱਥਰ ਕੇ ਫੂਲ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਸੀ। ਫਿਲਮ ਦਾ ਨਿਰਦੇਸ਼ਨ ਅਨੰਤ ਬਲਾਨੀ ਨੇ ਕੀਤਾ, ਜੀਪੀ ਸਿੱਪੀ ਵੱਲੋਂ ਨਿਰਮਿਤ ਅਤੇ ਸਲੀਮ ਖਾਨ ਵੱਲੋਂ ਲਿੱਖੀ ਗਈ ਹੈ। ਫਿਲਮ ‘ਚ ਸਲਮਾਨ ਖਾਨ ਅਭਿਨੇਤਰੀ ਰਵੀਨਾ ਟੰਡਨ ਦੇ ਨਾਲ ਪੁਲਿਸ ਅਫਸਰ ਦੀ ਭੂਮਿਕਾ ‘ਚ ਨਜ਼ਰ ਆਏ ਸਨ।

ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮਾਂ ‘ਚੋਂ ਇੱਕ ਸੀ। ਰਵੀਨਾ ਟੰਡਨ ਨੇ ਆਪਣੀ ਅਦਾਕਾਰੀ ਲਈ ਸਰਬੋਤਮ ਡੈਬਿਊ ਅਦਾਕਾਰਾ ਦਾ ਫਿਲਮਫੇਅਰ ਐਵਾਰਡ ਵੀ ਜਿੱਤਿਆ ਸੀ।

ਦਿਲਵਾਲੇ (1994)

ਦਿਲਵਾਲੇ 1994 ਦੀ ਹਿੰਦੀ ਰੋਮਾਂਸ ਐਕਸ਼ਨ ਫਿਲਮ ਹੈ ਜਿਸ ਵਿਚ ਅਜੇ ਦੇਵਗਨ, ਸੁਨੀਲ ਸ਼ੈੱਟੀ, ਪਰੇਸ਼ ਰਾਵਲ ਤੇ ਰਵੀਨਾ ਟੰਡਨ ਨੇ ਅਭਿਨੈ ਕੀਤਾ ਹੈ। ਦਿਲਵਾਲੇ 1994 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਸੀ ਤੇ ਬਾਕਸ ਆਫਿਸ ‘ਤੇ ਬਲਾਕਬਸਟਰ ਰਹੀ ਸੀ। ਰਵੀਨਾ ਨੇ ਫਿਲਮ ‘ਚ ਸਪਨਾ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ। ਅੱਜ ਵੀ ਲੋਕ ਇਸ ਫਿਲਮ ਦੇ ਗੀਤ ਸੁਣਨਾ ਪਸੰਦ ਕਰਦੇ ਹਨ। ਅਭਿਨੇਤਰੀ ਦੀ ਇਹ ਫਿਲਮ ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ ‘ਚ ਸ਼ਾਮਲ ਹੈ।

ਮੋਹਰਾ (1994)

ਰਵੀਨਾ ਟੰਡਨ ਨੇ ਸੁਪਰਹਿੱਟ ਸਸਪੈਂਸ-ਐਕਸ਼ਨ ਬਾਲੀਵੁੱਡ ਫਿਲਮ ‘ਮੋਹਰਾ’ ‘ਚ ਪੱਤਰਕਾਰ ਰੋਮਾ ਸਿੰਘ ਦੀ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਇਸ ਫਿਲਮ ‘ਚ ਰਵੀਨਾ ਦੇ ਨਾਲ ਅਕਸ਼ੇ ਕੁਮਾਰ ਵੀ ਸਨ ਤੇ ਵੱਡੇ ਪਰਦੇ ‘ਤੇ ਉਨ੍ਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਕਾਫੀ ਜ਼ਬਰਦਸਤ ਸੀ। ਇਸ ਫਿਲਮ ‘ਚ ਸੁਨੀਲ ਸ਼ੈਟੀ, ਨਸੀਰੂਦੀਨ ਸ਼ਾਹ, ਪਰੇਸ਼ ਰਾਵਲ ਤੇ ਕਈ ਪ੍ਰਤਿਭਾਸ਼ਾਲੀ ਸਿਤਾਰੇ ਵੀ ਸ਼ਾਮਲ ਸਨ।

ਇਹ ਭਾਰਤੀ ਸਿਨੇਮਾ ‘ਚ ਰਵੀਨਾ ਟੰਡਨ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ ‘ਚੋਂ ਇਕ ਰਹੀ ਹੈ। ਅੱਜ ਵੀ ਇਸ ਫਿਲਮ ਦਾ ਗੀਤ ‘ਤੂ ਚੀਜ਼ ਬੜੀ ਹੈ ਮਸਤ-ਮਸਤ’ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਿਆ ਹੋਇਆ ਹੈ ਤੇ ਰਵੀਨਾ ਨੂੰ ਮਸਤ-ਮਸਤ ਗਰਲ ਦਾ ਟੈਗ ਮਿਲਿਆ।

1994 ਰਵੀਨਾ ਟੰਡਨ ਦੇ ਕਰੀਅਰ ‘ਚ ਸਭ ਤੋਂ ਯਾਦਗਾਰ ਪੜਾਵਾਂ ‘ਚੋਂ ਇੱਕ ਹੈ। ਉਸ ਸਾਲ ਉਸ ਦੀਆਂ 10 ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਵਿਚ ਕੈਮਿਓ ਤੇ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਵੀ ਸ਼ਾਮਲ ਸਨ। ਰਵੀਨਾ ਦੀਆਂ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ ‘ਤੇ ਸਫਲ ਰਹੀਆਂ ਸੀ।

‘ਖਿਲਾੜੀਓਂ ਕਾ ਖਿਲਾੜੀ’ (1996)

‘ਖਿਲਾੜੀਓਂ ਕਾ ਖਿਲਾੜੀ’ ਇਕ ਐਕਸ਼ਨ ਨਾਲ ਭਰਪੂਰ ਹਿੰਦੀ ਫਿਲਮ ਹੈ ਜਿਸ ਵਿਚ ਰੇਖਾ, ਅਕਸ਼ੈ ਕੁਮਾਰ ਤੇ ਰਵੀਨਾ ਟੰਡਨ ਮੁੱਖ ਭੂਮਿਕਾਵਾਂ ‘ਚ ਹਨ। ਇਸ ਫਿਲਮ ‘ਚ ਰਵੀਨਾ ਨੇ ਰੇਖਾ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਹ 1996 ਦੀ 5ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ।

‘ਦੂਲਹੇ ਰਾਜਾ’ (1998)

ਫਿਲਮ ‘ਦੂਲਹੇ ਰਾਜਾ’ ਰਵੀਨਾ ਟੰਡਨ ਦੀ ਇਕ ਹੋਰ ਰੋਮਾਂਟਿਕ ਕਾਮੇਡੀ ਹੈ, ਜੋ ਸੁਪਰਹਿੱਟ ਹੋਈ ਸੀ। ਫਿਲਮ ਨੂੰ ਚਾਰਟਬਸਟਰ ਗੀਤ ‘ਅਖੀਓਂ ਸੇ ਗੋਲੀ ਮਾਰੇ’ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਇਸ ਵਿਚ ਰਵੀਨਾ ਟੰਡਨ ਤੇ ਸਦਾਬਹਾਰ ਗੋਵਿੰਦਾ ਲੀਡ ਰੋਲ ‘ਚ ਸਨ।

ਸ਼ੂਲ (1999)

ਸ਼ੂਲ 1999 ਦੀ ਐਕਸ਼ਨ ਕ੍ਰਾਈਮ ਫਿਲਮ ਹੈ ਜੋ ਈਸ਼ਵਰ ਨਿਵਾਸ ਵੱਲੋਂ ਨਿਰਦੇਸ਼ਤ ਹੈ। ਫਿਲਮ ਰਾਮ ਗੋਪਾਲ ਵਰਮਾ ਵੱਲੋਂ ਲਿਖੀ ਤੇ ਨਿਰਮਿਤ ਹੈ। ਫਿਲਮ ‘ਚ ਮਨੋਜ ਬਾਜਪਾਈ ਨੇ ਇੰਸਪੈਕਟਰ ਸਮਰ ਪ੍ਰਤਾਪ ਸਿੰਘ ਦੀ ਭੂਮਿਕਾ ਨਿਭਾਈ ਹੈ, ਜਦਕਿ ਰਵੀਨਾ ਟੰਡਨ ਸਮਰ ਦੀ ਪਤਨੀ ਮੰਜਰੀ ਪ੍ਰਤਾਪ ਸਿੰਘ ਦੇ ਕਿਰਦਾਰ ‘ਚ ਨਜ਼ਰ ਆਈ।

ਇਹ ਉਹ ਫ਼ਿਲਮ ਹੈ ਜਿਸ ਨੇ ਇੰਡਸਟਰੀ ‘ਚ ਇਕ ਅਦਾਕਾਰਾ ਵਜੋਂ ਰਵੀਨਾ ਦੀ ਪਛਾਣ ਨੂੰ ਮਜ਼ਬੂਤ ​​ਕੀਤਾ। ਉਨ੍ਹਾਂ ਨੂੰ ਸਿਰਫ਼ ਇਕ ਰੁਟੀਨ ਡਾਂਸ ਤੇ ਗਾਉਣ ਵਾਲੀ ਹੀਰੋਇਨ ਤੋਂ ਵੱਧ ਕੇ ਦੇਖਿਆ ਜਾਣ ਲੱਗਾ।

ਦਮਨ: ਏ ਵਿਕਟਿਮ ਆਫ ਮੈਰੀਟਲ ਵਾਇਲੈਂਸ (2001)

ਸ਼ੂਲ ‘ਚ ਅਦਾਕਾਰੀ ਤੋਂ ਮਿਲੀ ਪਛਾਣ ਦਮਨ ਨਾਲ ਉਚਾਈ ‘ਤੇ ਪਹੁੰਚੇ। ਰਵੀਨਾ ਦੇ ਸਰਵੋਤਮ ਪ੍ਰਦਰਸ਼ਨ ਦੀ ਸੂਚੀ ‘ਚ ‘ਦਮਨ: ਏ ਵਿਕਟਿਮ ਆਫ ਮੈਰੀਟਲ ਵਾਇਲੈਂਸ’ ਵੀ ਸ਼ਾਮਲ ਹੈ। ਰਵੀਨਾ ਨੂੰ ਇੱਕ ਡਰਾਮਾ ਫਿਲਮ ‘ਚ ਮੁੱਖ ਅਦਾਕਾਰਾ ਦੇ ਰੂਪ ਵਿੱਚ ਦੇਖਿਆ ਗਿਆ ਸੀ ਜੋ ਉਸਦੇ ਡੈਬਿਊ ਦੇ ਠੀਕ 10 ਸਾਲ ਬਾਅਦ ਆਈ ਸੀ।

ਰਵੀਨਾ ਟੰਡਨ ਨੇ ਕਲਪਨਾ ਲਾਜਮੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਚ ਦੁਰਗਾ ਸੈਕੀਆ ਦਾ ਕਿਰਦਾਰ ਨਿਭਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਫਿਲਮ ਲਈ ਉਨ੍ਹਾਂ ਆਪਣੇ ਕਰੀਅਰ ਦਾ ਪਹਿਲਾ ਨੈਸ਼ਨਲ ਫਿਲਮ ਐਵਾਰਡ ਜਿੱਤਿਆ।

ਅਕਸ (2001)

2001 ‘ਚ ਹੀ ਸਾਈਕੋਲੌਜਿਕਲ ਥ੍ਰਿਲਰ ਫਿਲਮ ਰਾਕੇਸ਼ ਦਾ ਨਿਰਦੇਸ਼ਨ ਓਮਪ੍ਰਕਾਸ਼ ਮਹਿਰਾ ਨੇ ਕੀਤਾ ਹੈ। ਫਿਲਮ ‘ਚ ਰਵੀਨਾ ਦੇ ਨਾਲ ਅਮਿਤਾਭ ਬੱਚਨ ਤੇ ਮਨੋਜ ਵਾਜਪਾਈ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸਨ। ਬਾਕਸ ਆਫਿਸ ‘ਤੇ ਅਸਫਲ ਰਹਿਣ ਦੇ ਬਾਵਜੂਦ ਫਿਲਮ ਨੇ 47ਵੇਂ ਫਿਲਮਫੇਅਰ ਐਵਾਰਡਜ਼ ‘ਚ ਤਿੰਨ ਪੁਰਸਕਾਰ ਜਿੱਤੇ, ਜਿਸ ਵਿਚ ਰਵੀਨਾ ਨੂੰ ਸਪੈਸ਼ਲ ਪਰਫਾਰਮੈਂਸ ਪੁਰਸਕਾਰ ਵੀ ਮਿਲਿਆ ਸੀ।

ਸੱਤਾ (2003)

ਰਵੀਨਾ ਟੰਡਨ ਮਧੁਰ ਭੰਡਾਰਕਰ ਦੀ ਫਿਲਮ ‘ਚ ਅਨੁਰਾਧਾ ਦੀ ਮੁੱਖ ਭੂਮਿਕਾ ‘ਚ ਨਜ਼ਰ ਆਈ ਸੀ। ਅਤੁਲ ਕੁਲਕਰਨੀ, ਗੋਵਿੰਦ ਨਾਮਦੇਵ ਤੇ ਸਮੀਰ ਧਰਮਾਧਿਕਾਰੀ ਸਹਾਇਕ ਭੂਮਿਕਾਵਾਂ ‘ਚ ਨਜ਼ਰ ਆਏ। ਇਹ ਫ਼ਿਲਮ ਰਵੀਨਾ ਦੇ ਕਿਰਦਾਰ ਅਨੁਰਾਧਾ ਦੀ ਕਹਾਣੀ ਹੈ ਜੋ ਇਕ ਸਾਧਾਰਨ ਔਰਤ ਤੋਂ ਸਿਆਸੀ ਦੁਨੀਆਂ ‘ਚ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ ਹੈ। ਅਨੁਰਾਧਾ ਦੀ ਭੂਮਿਕਾ ਨੂੰ ਰਵੀਨਾ ਟੰਡਨ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

‘KGF 2’ (2022)

ਯਸ਼ ਨੂੰ ‘ਕੇਜੀਐਫ’ ਫਰੈਂਚਾਇਜ਼ੀ ‘ਚ ਮੁੱਖ ਭੂਮਿਕਾ ‘ਚ ਦੇਖਿਆ ਜਾ ਸਕਦਾ ਹੈ, ਪਰ ਇਹ ਸਹਾਇਕ ਕਲਾਕਾਰ ਹੈ ਜੋ ਉਸਦੇ ਕਿਰਦਾਰ ‘ਚ ਡੂੰਘਾਈ ਜੋੜਦਾ ਹੈ। ਅਜਿਹਾ ਹੀ ਇਕ ਅਹਿਮ ਕਿਰਦਾਰ ਪ੍ਰਧਾਨ ਮੰਤਰੀ ਰਾਮਿਕਾ ਸੇਨ, ਜਿਸ ਨੂੰ ਰਵੀਨਾ ਟੰਡਨ ਨੇ ਨਿਭਾਇਆ ਹੈ। ਉਸ ਦੇ ਕਿਰਦਾਰ ਤੇ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉਨ੍ਹਾਂ ਦਾ ਦਿਲ ਜਿੱਤ ਲਿਆ।