ਸਟਾਫ ਰਿਪੋਰਟਰ, ਖੰਨਾ : ਖੰਨਾ ’ਚ ਗਊਮਾਸ ਤਸਕਰੀ ਦੇ ਮਾਮਲੇ ’ਚ ਪੁਲਿਸ ਦੀ ਢਿੱਲੀ ਕਾਰਜਗੁਜ਼ਾਰੀ ਖ਼ਿਲਾਫ਼ ਹਿੰਦੂ ਸੰਗਠਨਾਂ ਨੇ ਮੰਗਲਵਾਰ ਦੀ ਰਾਤ ਨੂੰ ਨੈਸ਼ਨਲ ਹਾਈਵੇ ’ਤੇ ਧਰਨਾ ਲਾ ਕੇ ਟ੍ਰੈਫਿਕ ਜਾਮ ਕੀਤਾ ਸੀ। ਇਸ ਦੌਰਾਨ ਸਿਟੀ ਥਾਣਾ 2 ਦੇ ਐੱਸਐੱਚਓ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ’ਤੇ ਗੰਭੀਰ ਦੋਸ਼ ਲਾਏ ਗਏ ਸਨ। ਇਸ ਧਰਨਾ ਪ੍ਰਦਰਸ਼ਨ ਤੋਂ ਬਾਅਦ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਸਖ਼ਤ ਕਾਰਵਾਈ ਦੇਖਣ ਨੂੰ ਮਿਲੀ। ਸਿਟੀ ਥਾਣਾ 2 ਦੇ ਐੱਸਐੱਚਓ ਕੁਲਜਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ। ਨਾਲ ਹੀ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਫੜੇ ਗਊਮਾਸ ਦੇ ਕੰਟੇਨਰ ਮਾਮਲੇ ’ਚ ਐੱਫਆਈਆਰ ਦੇ ਬਾਅਦ ਬਣਦੀ ਕਾਰਵਾਈ ਨਹੀਂ ਕਰਨ ਤੇ ਪੂਰੇ ਮਾਮਲੇ ’ਚ ਲਾਪਰਵਾਹੀ ਵਰਤਣ ਕਾਰਨ ਐੱਸਐੱਚਓ ਨੂੰ ਸਸਪੈਂਡ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਇਸ ਕਾਰਵਾਈ ’ਤੇ ਐੱਸਐੱਸਪੀ ਕੌਂਡਲ ਦੀ ਸ਼ਲਾਘਾ ਕੀਤੀ।

ਇਸ ਮਾਮਲੇ ’ਚ 2 ਮੁਲਜ਼ਮ ਫਰਾਰ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਪਰ ਇਸ ’ਚ ਮੰਗਲਵਾਰ ਨੂੰ ਜੰਮੂ-ਕਸ਼ਮੀਰ ਤੋਂ ਕੁੱਝ ਲੋਕ ਕੰਟੇਨਰ ਦੀ ਬਰਾਮਦਗੀ ਲੈਣ ਪਹੁੰਚ ਗਏ ਸਨ। ਜਿਨ੍ਹਾਂ ਨੂੰ ਥਾਣੇ ’ਚ ਵੇਖ ਕੇ ਹਿੰਦੂ ਸੰਗਠਨ ਭੜਕ ਉੱਠੇ ਸਨ। ਇਸ ਦੌਰਾਨ ਐੱਸਐੱਚਓ ਧਰਨਾਕਾਰੀਆਂ ਨੂੰ ਸਮਝਾਉਣ ’ਚ ਅਸਫਲ ਰਹੇ ਸਨ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸੀ। ਧਰਨਾਕਾਰੀਆਂ ਨੇ ਐੱਸਐੱਚਓ ’ਤੇ ਮੁਲਜ਼ਮਾਂ ਨੂੰ ਸ਼ਹਿ ਦੇਣ ਦਾ ਇਲਜ਼ਾਮ ਲਗਾਇਆ ਸੀ। ਕੰਟੇਨਰ ਦੀ ਬਰਾਮਦਗੀ ਲੈਣ ਆਏ ਲੋਕਾਂ ਨੂੰ ਕਮਰੇ ’ਚ ਬਿਠਾ ਕੇ ਫਲ ਖਵਾਉਣ ਤੇ ਵੀਆਈਪੀ ਟ੍ਰੀਟਮੈਂਟ ਦੀ ਗੱਲ ਕਹੀ ਗਈ ਸੀ।

ਐੱਸਐੱਸਪੀ ਅਮਨੀਤ ਕੌਂਡਲ ਨੇ ਸਿਟੀ ਥਾਣਾ 2 ਦੇ ਐੱਸਐੱਚਓ ਕੁਲਜਿੰਦਰ ਸਿੰਘ ਨੂੰ ਸਸਪੈਂਡ ਕਰਨ ਦੀ ਪੁਸ਼ਟੀ ਕੀਤੀ। ਨਾਲ ਹੀ ਦੱਸਿਆ ਕਿ ਗਊਮਾਸ ਤਸਕਰੀ ਦੇ ਮਾਮਲਿਆਂ ’ਚ ਲਾਪਰਵਾਹੀ ਤੋਂ ਇਲਾਵਾ ਹੋਰ ਵੀ ਕਈ ਸ਼ਿਕਾਇਤਾਂ ਸਨ ਜਿਨ੍ਹਾਂ ਦੇ ਆਧਾਰ ’ਤੇ ਐੱਸਐੱਚਓ ਖਿਲਾਫ ਕਾਰਵਾਈ ਕੀਤੀ ਗਈ। ਐੱਸਐੱਸਪੀ ਨੇ ਸਖ਼ਤ ਲਹਿਜ਼ੇ ’ਚ ਕਿਹਾ ਕਿ ਡਿਊਟੀ ’ਚ ਲਾਪਰਵਾਹੀ ਕਰਨ ਵਾਲੇ ਮੁਲਾਜ਼ਮ ਕਿਸੇ ਕੀਮਤ ’ਤੇ ਬਖਸ਼ੇ ਨਹੀਂ ਜਾਣਗੇ।