ਯੂਪੀ ਚੋਣਾਂ 2027: ਭਾਜਪਾ ਦੇ ਗੜ੍ਹ ‘ਚ ਸੰਨ੍ਹ ਲਾਉਣ ਦੀ ਤਿਆਰੀ, ਸਪਾ ਵੱਲੋਂ ਆਗਰਾ ‘ਚ ਵੱਡੇ ਦਲਿਤ ਸੰਮੇਲਨ ਦਾ ਐਲਾਨ
ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੇ ਜ਼ੋਰ ਫੜ ਲਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮਜ਼ਬੂਤ ਕਿਲ੍ਹੇ ਵਿੱਚ ਸੰਨ੍ਹ ਲਾਉਣ ਲਈ ਸਮਾਜਵਾਦੀ ਪਾਰਟੀ (ਸਪਾ) ਨੇ ਆਪਣਾ ਦਲਿਤ ਕਾਰਡ ਖੇਡਣ ਦਾ ਐਲਾਨ ਕੀਤਾ ਹੈ। ਅਖਿਲੇਸ਼ ਯਾਦਵ ਦੀ ਅਗਵਾਈ ਹੇਠ ਸਪਾ ਵੱਲੋਂ 15 ਨਵੰਬਰ ਨੂੰ ਆਗਰਾ ਦੇ ਪੰਚਕੁਈਆ ਸਥਿਤ ਜੀਆਈਸੀ (GIC) ਮੈਦਾਨ ਵਿਖੇ ਇੱਕ ਵਿਸ਼ਾਲ ਦਲਿਤ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਪਾਰਟੀ ਪੱਛਮੀ ਯੂਪੀ ਦੀਆਂ 140 ਸੀਟਾਂ ਲਈ ਸਿਆਸੀ ਬਿਛਾਤ ਵਿਛਾਏਗੀ।
ਸਪਾ ਦਾ ਟੀਚਾ ਇਸ ਸੰਮੇਲਨ ਵਿੱਚ ਪੱਛਮੀ ਯੂਪੀ ਦੇ 30 ਜ਼ਿਲ੍ਹਿਆਂ (ਆਗਰਾ, ਅਲੀਗੜ੍ਹ, ਮੇਰਠ, ਸਹਾਰਨਪੁਰ, ਬਰੇਲੀ ਅਤੇ ਮੁਰਾਦਾਬਾਦ ਮੰਡਲਾਂ) ਤੋਂ ਇੱਕ ਲੱਖ ਤੋਂ ਵੱਧ ਦਲਿਤ ਅਤੇ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਇਕੱਠਾ ਕਰਨਾ ਹੈ। ਸਪਾ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਰਾਮਜੀਲਾਲ ਸੁਮਨ ਨੇ ਕਿਹਾ ਕਿ ਭਾਜਪਾ ਰਾਜ ਵਿੱਚ ਹੋ ਰਹੇ ਦਲਿਤ ਅੱਤਿਆਚਾਰ ਅਤੇ ਮਹਾਂਪੁਰਸ਼ਾਂ ਦੇ ਨਿਰਾਦਰ ਕਾਰਨ ਬਹੁਜਨ ਸਮਾਜ ਹੁਣ ਬਦਲਾਅ ਚਾਹੁੰਦਾ ਹੈ ਅਤੇ ਸਪਾ ਉਨ੍ਹਾਂ ਲਈ ਇੱਕ ਮਜ਼ਬੂਤ ਬਦਲ ਬਣ ਕੇ ਉੱਭਰ ਰਹੀ ਹੈ।
ਆਗਰਾ ਸ਼ਹਿਰ ਨੂੰ ਦਲਿਤ ਚੇਤਨਾ ਦੀ ਰਾਜਧਾਨੀ ਮੰਨਿਆ ਜਾਂਦਾ ਹੈ ਅਤੇ ਪਾਰਟੀ ਲੀਡਰਸ਼ਿਪ ਨੂੰ ਉਮੀਦ ਹੈ ਕਿ ਬਸਪਾ ਦੇ ਘਟਦੇ ਆਧਾਰ ਦਾ ਸਿੱਧਾ ਫਾਇਦਾ ਸਪਾ ਨੂੰ ਮਿਲੇਗਾ। ਸਪਾ ਦੇ ਪੀਡੀਏ (ਪੱਛੜਾ, ਦਲਿਤ, ਘੱਟਗਿਣਤੀ) ਫਾਰਮੂਲੇ ਵਿੱਚ ਦਲਿਤ ਵੋਟਰ ਅਹਿਮ ਭੂਮਿਕਾ ਨਿਭਾਉਂਦੇ ਹਨ। ਪਿਛਲੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 2017 ਅਤੇ 2022 ਵਿੱਚ ਭਾਜਪਾ ਨੇ ਆਗਰਾ ਦੀਆਂ ਸਾਰੀਆਂ 9 ਸੀਟਾਂ ਜਿੱਤੀਆਂ ਸਨ, ਪਰ ਸਪਾ 5 ਸੀਟਾਂ 'ਤੇ ਦੂਜੇ ਨੰਬਰ 'ਤੇ ਰਹੀ ਸੀ। ਪੱਛਮੀ ਯੂਪੀ ਦੀਆਂ ਕੁੱਲ 140 ਸੀਟਾਂ ਵਿੱਚੋਂ ਫਿਲਹਾਲ 111 'ਤੇ ਭਾਜਪਾ ਅਤੇ 29 'ਤੇ ਸਪਾ ਕਾਬਜ਼ ਹੈ, ਜਦਕਿ ਬਸਪਾ ਦਾ ਇੱਥੇ ਖਾਤਾ ਵੀ ਨਹੀਂ ਸੀ ਖੁੱਲ੍ਹਿਆ।
ਇਸ ਮਹਾਂਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਸਪਾ ਆਗੂ ਲਗਾਤਾਰ ਵਾਲਮੀਕਿ ਬਸਤੀਆਂ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਨ ਅਤੇ ਖਾਸ ਤੌਰ 'ਤੇ ਔਰਤਾਂ ਦੀ ਸ਼ਮੂਲੀਅਤ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।



