ਜਾਸ, ਜੈਪੁਰ: ਸ੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈੜੀ ਹੱਤਿਆਕਾਂਡ ‘ਚ ਸ਼ਨਿੱਚਰਵਾਰ ਨੂੰ ਪਹਿਲੀ ਗ੍ਰਿਫ਼ਤਾਰੀ ਹੋਈ ਹੈ। ਹੱਤਿਆ ਦੀ ਸਾਜ਼ਿਸ਼ ‘ਚ ਸ਼ਾਮਲ ਹਰਿਆਣਾ ‘ਚ ਮਹਿੰਦਰਗੜ੍ਹ ਜ਼ਿਲ੍ਹੇ ਦੇ ਸੁਰੇਤੀ ਪਿਲਾਨੀਆ ਨਿਵਾਸੀ ਰਾਮਵੀਰ (23) ਪੁੱਤਰ ਸਤਵੀਰ ਨੂੰ ਜੈਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਜੈਪੁਰ ਪੁਲਿਸ ਦੀ ਟੀਮ ਨੇ ਰਾਮਵੀਰ ਨੂੰ ਉਸ ਦੇ ਪਿੰਡ ਤੋਂ ਫੜਿਆ ਹੈ। ਰਾਮਵੀਰ ਸ਼ੂਟਰ ਨਿਤਿਨ ਫ਼ੌਜੀ ਦਾ ਖਾਸ ਦੋਸਤ ਹੈ। ਗੋਗਾਮੈੜੀ ਦੀ ਹੱਤਿਆ ਨਿਤਿਨ ਅਤੇ ਰੋਹਿਤ ਰਾਠੌੜ ਨੇ ਕੀਤੀ ਸੀ। ਨਿਤਿਨ ਦੇ ਜੈਪੁਰ ‘ਚ ਰਹਿਣ ਸਮੇਤ ਪੂਰੇ ਪ੍ਰਬੰਧ ਰਾਮਵੀਰ ਨੇ ਆਪਣੇ ਸਬੰਧਾਂ ਨਾਲ ਕਰਵਾਏ ਸਨ।

ਵਧੀਕ ਪੁਲਿਸ ਕਮਿਸ਼ਨਰ ਕੈਲਾਸ਼ ਚੰਦਰ ਬਿਸ਼ਨੋਈ ਨੇ ਦੱਸਿਆ,

‘ਰਾਮਵੀਰ ਅਤੇ ਨਿਤਿਨ ਦਾ ਪਿੰਡ ਆਸ-ਪਾਸ ਹੈ। ਦੋਵੇਂ ਮਹਿੰਦਰਗੜ੍ਹ ਸਥਿਤ ਆਈਪੀਐੱਮਸ ਸਕੂਲ ‘ਚ 12ਵੀਂ ਜਮਾਤ ਤੱਕ ਪੜ੍ਹੇ ਸਨ। ਰਾਮਵੀਰ ਨੇ ਜੈਪੁਰ ਦੇ ਮਾਨਸਰੋਵਰ ‘ਚ ਸਥਿਤ ਸੇਂਟ ਵਿਲਫਰਡ ਕਾਲਜ ਤੋਂ 2017 ਤੋਂ 2020 ਤੱਕ ਬੀਐੱਸਸੀ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਐੱਮਐੱਸਸੀ ਦੀ ਪੜ੍ਹਾਈ ਕੀਤੀ।’

ਪੁਲਿਸ ਅਨੁਸਾਰ, ਨਿਤਿਨ ਗੋਗਾਮੈੜੀ ਦੀ ਹੱਤਿਆ ਕਰਨ ਤੋਂ ਪਹਿਲਾਂ ਇੱਕ ਹੋਟਲ ਅਤੇ ਫਿਰ ਇਕ ਫਲੈਟ ਵਿੱਚ ਰੁਕਿਆ ਸੀ। ਇੱਥੇ ਰਹਿ ਕੇ ਉਸ ਨੇ ਗੋਗਾਮੈੜੀ ਦੀ ਦਿਨ-ਚਰਿਆ ‘ਤੇ ਨਿਗਰਾਨੀ ਰੱਖੀ ਸੀ। ਉਸ ਬਾਰੇ ਜਾਣਕਾਰੀ ਲਈ ਸੀ। ਪੁਲਿਸ ਨੇ ਗੋਗਾਮੈੜੀ ਦੀ ਹੱਤਿਆ ਤੋਂ ਬਾਅਦ ਸੂਤਰ ਨਾਲ ਸੂਤਰ ਜੋੜੇ ਤਾਂ ਸ਼ਨਿੱਚਰਵਾਰ ਨੂੰ ਰਾਮਵੀਰ ਤੱਕ ਪਹੁੰਚੀ। ਹੁਣ ਰਾਮਵੀਰ ਤੋਂ ਪੁੱਛਗਿੱਛ ਤੋਂ ਬਾਅਦ ਹੱਤਿਆਕਾਂਡ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਆਵੇਗੀ।

ਆਪਣੇ ਪੱਧਰ ‘ਤੇ ਕੀਤਾ ਸੀ ਸੁਰੱਖਿਆ ਦਾ ਇੰਤਜਾਮ

ਪੁਲਿਸ ਤੋਂ ਜਦੋਂ ਸੁਰੱਖਿਆ ਨਾ ਮਿਲੀ ਤਾਂ ਗੋਗਾਮੈੜੀ ਨੇ ਆਪਣੇ ਪੱਧਰ ‘ਤੇ ਛੇ ਸੁਰੱਖਿਆਕਰਮੀ ਰੱਖੇ ਸਨ, ਪਰ ਘਟਨਾ ਦੇ ਦਿਨ ਉਨ੍ਹਾਂ ਵਿੱਚੋਂ ਪੰਜ ਛੁੱਟੀ ‘ਤੇ ਆਪਣੇ ਪਿੰਡ ਗਏ ਹੋਏ ਸਨ। ਵਿਧਾਨ ਸਭਾ ਚੋਣਾਂ ਕਾਰਨ ਸਾਰਿਆਂ ਦੇ ਹਥਿਆਰ ਪੁਲਿਸ ਥਾਣਿਆਂ ਵਿੱਚ ਜਮ੍ਹਾ ਸਨ। ਅਜਿਹੇ ਵਿੱਚ ਗੋਗਾਮੈੜੀ ਨੇ ਉਨ੍ਹਾਂ ਨੂੰ ਪਿੰਡ ਜਾਣ ਦੀ ਆਗਿਆ ਦਿੱਤੀ ਸੀ। ਗੋਗਾਮੈੜੀ ਖੁਦ ਵੀ ਹਮੇਸ਼ਾ ਆਪਣੇ ਕੋਲ ਪਿਸਤੌਲ ਰੱਖਦੇ ਸਨ, ਪਰ ਉਨ੍ਹਾਂ ਦੀ ਪਿਸਤੌਲ ਵੀ ਪੁਲਿਸ ਨੇ ਜਮ੍ਹਾ ਕਰਵਾ ਲਈ ਸੀ। ਉਹ ਘਰੋਂ ਬਾਹਰ ਜਾਂਦੇ ਸੀ ਤਾਂ ਹਮੇਸ਼ਾ ਬੁਲਟ ਪਰੂਫ਼ ਜੈਕੇਟ ਪਹਿਨਦੇ ਸਨ ਪਰ ਉਸ ਦਿਨ ਉਹ ਘਰ ਵਿੱਚ ਹੀ ਸਨ, ਇਸ ਲਈ ਜੈਕੇਟ ਨਹੀਂ ਪਹਿਨੀ ਸੀ।

ਜ਼ਿਕਰਯੋਗ ਹੈ ਕਿ ਗੋਗਾਮੈੜੀ ਦੀ ਪੰਜ ਦਸੰਬਰ ਨੂੰ ਜੈਪੁਰ ਵਿੱਚ ਸ਼ਿਆਮਨਗਰ ਸਥਿਤ ਉਨ੍ਹਾਂ ਦੇ ਘਰ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਛੇ ਗੋਲ਼ੀਆਂ ਲੱਗੀਆਂ ਸਨ। ਦੋਵੇਂ ਸ਼ੂਟਰ ਨਿਤਿਨ ਤੇ ਰੋਹਿਤ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ।