ਜ.ਸ, ਲੁਧਿਆਣਾ : ਪੰਜਾਬ ’ਚ ਵੀਰਵਾਰ ਨੂੰ ਦੂਜੇ ਦਿਨ ਵੀ ਮੌਸਮ ਦਾ ਮਿਜ਼ਾਜ ਬਦਲਿਆ ਰਿਹਾ। ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋਈ ਤੇ ਕਈ ਥਾੲੀਂ ਬੱਦਲ ਛਾਏ ਰਹੇ। ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਤੋਂ ਬਾਅਦ ਹੁੰਮਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਵੀ ਹੋਈ। ਭਾਰੀ ਬਾਰਿਸ਼ ਵਾਲੇ ਇਲਾਕਿਆਂ ’ਚ ਸੜਕਾਂ ’ਤੇ ਪਾਣੀ ਜਮ੍ਹਾ ਹੋ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਗੁਰਦਾਸਪੁਰ ’ਚ ਸਭ ਤੋਂ ਜ਼ਿਆਦਾ 49.7 ਮਿਲੀਮੀਟਰ, ਐੱਸਬੀਐੱਸ ਨਗਰ ’ਚ 17.3, ਲੁਧਿਆਣਾ ’ਚ 35.8, ਹੁਸ਼ਿਆਰਪੁਰ ’ਚ 2.5 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਬਾਰਿਸ਼ ਕਾਰਨ ਤਾਪਮਾਨ ’ਚ ਵੀ ਕਮੀ ਆਈ। ਜ਼ਿਆਦਾਤਰ ਜ਼ਿਲ੍ਹਿਆਂ ’ਚ ਤਾਪਮਾਨ 33 ਤੋਂ 35 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27 ਤੋਂ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਖ਼ਾਸ ਤੌਰ ’ਤੇ ਲੁਧਿਆਣਾ, ਪਟਿਆਲਾ, ਐੱਸਬੀਐੱਸ ਨਗਰ, ਰੋਪੜ, ਮੋਗਾ ਤੇ ਜਲੰਧਰ ’ਚ। ਇਸ ਤੋਂ ਬਾਅਦ 16 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਸਤੰਬਰ ਦੇ ਪਹਿਲੇ 12 ਦਿਨਾਂ ’ਚ ਪੰਜਾਬ ’ਚ ਬਾਰਿਸ਼ ਨਹੀਂ ਹੋਈ। ਪਰ ਹੁਣ ਬਾਰਿਸ਼ ਦੀ ਝੜੀ ਲੱਗ ਗਈ ਹੈ।