ਨਵੀਂ ਦਿੱਲੀ, ਸਪੋਰਟਸ ਡੈਸਕ : ਯਸ਼ਸਵੀ ਜੈਸਵਾਲ (100) ਤੇ ਰਵੀ ਬਿਸ਼ਨੋਈ (3 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 ‘ਚ ਜੇਤੂ ਸ਼ੁਰੂਆਤ ਕੀਤੀ। ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਕੁਆਰਟਰ ਫਾਈਨਲ ਮੈਚ ‘ਚ ਨੇਪਾਲ ਨੂੰ 23 ਦੌੜਾਂ ਨਾਲ ਹਰਾਇਆ।
ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ ਚਾਰ ਵਿਕਟਾਂ ਗੁਆ ਕੇ 202 ਦੌੜਾਂ ਬਣਾਈਆਂ। ਜਵਾਬ ‘ਚ ਨੇਪਾਲ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 179 ਦੌੜਾਂ ਹੀ ਬਣਾ ਸਕੀ। ਭਾਰਤ ਲਈ ਰਿੰਕੂ ਸਿੰਘ (37*) ਅਤੇ ਰਵੀ ਬਿਸ਼ਨੋਈ (3 ਵਿਕਟਾਂ) ਅਤੇ ਅਵੇਸ਼ ਖਾਨ (3 ਵਿਕਟਾਂ) ਨੇ ਵੀ ਵਧੀਆ ਪ੍ਰਦਰਸ਼ਨ ਕੀਤਾ।
Asian Games: India advance to semi-final in men’s cricket; beat Nepal by 23 runs
Read @ANI Story | https://t.co/TQ49LqCbEl#India #AsianGames2023 #Nepal #Cricket pic.twitter.com/ASe5cVjSw5
— ANI Digital (@ani_digital) October 3, 2023
ਨੇਪਾਲ ਦੀ ਪਾਰੀ ਦਾ ਹਾਲ
203 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਨੂੰ ਚੌਥੇ ਓਵਰ ‘ਚ ਅਵੇਸ਼ ਖਾਨ ਨੇ ਵੱਡਾ ਝਟਕਾ ਦਿੱਤਾ। ਅਵੇਸ਼ ਨੇ ਆਸਿਫ ਸ਼ੇਖ ਨੂੰ ਵਿਕਟਕੀਪਰ ਜਿਤੇਸ਼ ਸ਼ਰਮਾ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਸਾਈ ਕਿਸ਼ੋਰ ਨੇ ਪਾਰੀ ਦੇ 9ਵੇਂ ਓਵਰ ‘ਚ ਕੁਸ਼ਾਲ ਭੁਰਤਲ ਨੂੰ ਅਵੇਸ਼ ਖਾਨ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਦੂਜੀ ਸਫਲਤਾ ਦਿਵਾਈ।
ਇਸ ਤੋਂ ਬਾਅਦ ਨੇਪਾਲ ਨੇ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਦੀਪੇਂਦਰ ਸਿੰਘ ਐਰੀ (32) ਤੇ ਸੰਦੀਪ ਜੌੜਾ (29) ਨੇ ਕੁਝ ਛੱਕੇ ਜੜ ਕੇ ਮੈਚ ਦਾ ਉਤਸ਼ਾਹ ਬਰਕਰਾਰ ਰੱਖਿਆ, ਪਰ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਭਾਰਤ ਲਈ ਰਵੀ ਬਿਸ਼ਨੋਈ ਤੇ ਅਵੇਸ਼ ਖਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਨੂੰ ਦੋ ਵਾਰ ਸਫ਼ਲਤਾ ਮਿਲੀ। ਡੈਬਿਊ ਕਰਨ ਵਾਲੇ ਸਾਈ ਕਿਸ਼ੋਰ ਨੇ ਇਕ ਵਿਕਟ ਲਈ।
ਭਾਰਤ ਦੀ ਪਾਰੀ ਦਾ ਹਾਲ
ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ (100) ਅਤੇ ਕਪਤਾਨ ਰੁਤੁਰਾਜ ਗਾਇਕਵਾੜ (25) ਨੇ 103 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਏਰੀ ਨੇ ਗਾਇਕਵਾੜ ਨੂੰ ਕਪਤਾਨ ਰੋਹਿਤ ਪੌਡੇਲ ਹੱਥੋਂ ਕੈਚ ਆਊਟ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਤਿਲਕ ਵਰਮਾ (2) ਅਤੇ ਜਿਤੇਸ਼ ਸ਼ਰਮਾ (5) ਤੇਜ਼ੀ ਨਾਲ ਪੈਵੇਲੀਅਨ ਪਰਤ ਗਏ।
ਯਸ਼ਸਵੀ ਜੈਸਵਾਲ ਨੇ ਆਪਣਾ ਹਮਲਾਵਰ ਅੰਦਾਜ਼ ਬਰਕਰਾਰ ਰੱਖਦੇ ਹੋਏ ਸਿਰਫ਼ 48 ਗੇਂਦਾਂ ‘ਚ 8 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਖੱਬੇ ਹੱਥ ਦਾ ਇਹ ਬੱਲੇਬਾਜ਼ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਹਾਲਾਂਕਿ ਆਪਣਾ ਸੈਂਕੜਾ ਪੂਰਾ ਕਰਦੇ ਹੀ ਉਹ ਉਸੇ ਗੇਂਦ ‘ਤੇ ਬੋਹਰਾ ਦੇ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਏ।
ਰਿੰਕੂ ਸਿੰਘ ਨੇ ਬਿਖੇਰਿਆ ਜਲਵਾ
ਜਦੋਂ ਭਾਰਤੀ ਟੀਮ ਦੀ ਰਨ ਰੇਟ ਥੋੜ੍ਹਾ ਘਟਿਆ ਤਾਂ ਰਿੰਕੂ ਸਿੰਘ ਨੇ ਆਖਰੀ ਓਵਰਾਂ ‘ਚ ਸ਼ਾਨਦਾਰ ਪਾਰੀ ਖੇਡੀ ਤੇ ਭਾਰਤ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ। ਰਿੰਕੂ ਸਿੰਘ ਨੇ ਸਿਰਫ 15 ਗੇਂਦਾਂ ‘ਤੇ 2 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 37 ਦੌੜਾਂ ਬਣਾਈਆਂ। ਉਸ ਨੇ ਸ਼ਿਵਮ ਦੂਬੇ (25*) ਨਾਲ ਪੰਜਵੀਂ ਵਿਕਟ ਲਈ 52 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਦੁਬੇ ਨੇ 19 ਗੇਂਦਾਂ ‘ਚ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਨਾਬਾਦ 25 ਦੌੜਾਂ ਬਣਾਈਆਂ। ਨੇਪਾਲ ਲਈ ਦੀਪੇਂਦਰ ਸਿੰਘ ਏਰੀ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਸੋਮਪਾਲ ਕਾਮੀ ਅਤੇ ਸੰਦੀਪ ਲਾਮਿਛਾਨੇ ਨੂੰ ਇਕ-ਇਕ ਵਿਕਟ ਮਿਲੀ।



