ਗੀਤ ਰੂਹ ਦੀ ਖ਼ੁਰਾਕ ਹੁੰਦਾ ਹੈ ਪਰ ਪਿਛਲੇ ਕੁਝ ਸਾਲਾਂ ਦੀ ਪੰਜਾਬੀ ਗਾਇਕੀ ਤੇ ਗੀਤਕਾਰੀ ਦਾ ਮੁਲਾਂਕਣ ਕਰੀਏ ਤਾਂ ਸੁਰ ਤੇ ਅਲਫ਼ਾਜ਼ ਦੀ ਥਾਂ ਸ਼ੋਰ ਹੀ ਪਰੋਸਿਆ ਜਾ ਰਿਹਾ ਹੈ। ਆਸ਼ਕੀ, ਨਸ਼ਾ ਤੇ ਹਿੰਸਾ ਦੇ ਇਰਦ-ਗਿਰਦ ਘੁੰਮਦੀ ਪੰਜਾਬੀ ਗਾਇਕੀ ਤੇ ਗੀਤਕਾਰੀ ਦਾ ਦਾਇਰਾ ਵਸੀਹ ਹੋਣਾ ਆਸ ਦੀ ਕਿਰਨ ਹੈ। ਕਿਸਾਨ ਅੰਦੋਲਨ ਸਮੇਂ ਪੰਜਾਬੀ ਗਾਇਕੀ ਤੇ ਗੀਤਕਾਰੀ ਨੂੰ ਵੀ ਮੋੜਾ ਪਿਆ। ਸਾਲ 2023 ਦੀ ਗਾਇਕੀ ਤੇ ਗੀਤਕਾਰੀ ਦੇ ਕੁਝ ਹਾਂ-ਪੱਖੀ ਰੁਝਾਨਾਂ ’ਤੇ ਚਰਚਾ ਕਰਨੀ ਬਣਦੀ ਹੈ।

ਇਸ ਵਰ੍ਹੇ ਦੀ ਗਾਇਕੀ ਦਾ ਸਭ ਤੋਂ ਬਿਹਤਰੀਨ ਪੱਖ ਪੰਜਾਬੀਅਤ ਦੇ ਅਸਲ ਅਰਥਾਂ ਨੂੰ ਕਲਾਵੇ ’ਚ ਲੈਣਾ ਹੈ। ਇਸ ਪੱਖੋਂ ਹੁਸਤਿੰਦਰ ਦਾ ‘ਜਦ ਮਰਜ਼ੀ ਦੇਖ ਲੀਂ ਆ ਕੇ ਹੱਸਦੇ ਹੀ ਰਹਿੰਨੇ ਆਂ’, ਕੁਲਵਿੰਦਰ ਬਿੱਲਾ ਦਾ ‘ਉਹ ਸਾਡਾ ਹੋ ਜਾਂਦਾ ਜੀਹਨੂੰ ਮਿਲ ਲੈਨੇਂ ਆਂ’, ‘ਮੇਰੇ ਨਾਲ-ਨਾਲ ਰਹਿੰਦਾ ਐ ਪੰਜਾਬ’, ਸੱਜਣ ਅਦੀਬ ਦਾ ‘ਪੰਜਾਬ ਕਿੱਥੇ ਦੇਖਿਆ’ ਜਿਹੇ ਗੀਤ ਗੌਲਣਯੋਗ ਹਨ। ਦੁੱਖ ਤੇ ਤੰਗੀਆਂ ਜਿੰਨਾ ਮਰਜ਼ੀ ਘੇਰਾ ਪਾ ਲੈਣ, ਚੜ੍ਹਦੀ ਕਲਾ ’ਚ ਰਹਿਣਾ ਪੰਜਾਬੀਆਂ ਦਾ ਖ਼ਾਸਾ ਹੈ, ਜਿਸ ਨੂੰ ਫ਼ਤਿਹ ਸ਼ੇਰਗਿੱਲ, ਸੁਖ ਆਮਦ, ਵਰਿੰਦਰ ਔਲਖ ਜਿਹੇ ਨਵੇਂ ਪੂਰ ਦੇ ਗੀਤਕਾਰਾਂ ਨੇ ਬੜੀ ਖ਼ੂਬਸੂਰਤੀ ਨਾਲ ਪਰੋਇਆ ਹੈ।

ਰਿਸ਼ਤਿਆਂ ਦੇ ਮੋਹ ਨੂੰ ਇਸ ਸਾਲ ਕਈ ਗਾਣਿਆਂ ’ਚ ਬੜੀ ਭਾਵੁਕਤਾ ਨਾਲ ਬਿਆਨ ਕੀਤਾ ਗਿਆ ਹੈ। ਰਾਜਬੀਰ ਜਵੰਧਾ ਦੇ ਗੀਤ ‘ਧੀਆਂ’ ’ਚ ਮਾਂ, ਬਾਬਲ ਤੇ ਭਰਾ ਪ੍ਰਤੀ ਵਿਆਂਹਦੜ ਦਾ ਪਿਆਰ ਹਰ ਇਕ ਦੀ ਅੱਖ ਨਮ ਕਰ ਦਿੰਦਾ ਹੈ। ਗੀਤ ਦਾ ਅੰਤ ਬਹੁਤ ਕੁਝ ਕਹਿ ਜਾਂਦਾ ਹੈ। ਇਸੇ ਤਰ੍ਹਾਂ ਫ਼ਿਰੋਜ਼ ਖ਼ਾਨ ਦੀ ਆਵਾਜ਼ ’ਚ ‘ਧੀਏ’ ਧੀਆਂ-ਧਿਆਣੀਆਂ ਨੂੰ ਸੁਨੇਹਾ ਦਿੰਦਾ ਬਹੁਤ ਹੀ ਖ਼ੂਬਸੂਰਤ ਗੀਤ ਹੈ। ਜੋਬਨ ਸੰਧੂ ਦਾ ‘ਜੂੜਾ ਕਰਦੀ ਬਾਤ ਨੀ ਬੀਬੀ ਨਾ ਭੁੱਲਦੀਆਂ ਤੇਰੀਆਂ ਅਸੀਸਾਂ ਨੇ’ ਸੁਣ ਕੇ ਹਰ ਉਸ ਇਨਸਾਨ ਦਾ ਦਿਲ ਕੁਰਲਾ ਉੱਠਦਾ ਹੈ, ਜਿਸ ਦੀ ਮਾਂ ਇਸ ਦੁਨੀਆ ’ਚ ਨਹੀਂ ਰਹੀ।

ਫੁਕਰੀ ਵਾਲੀ ਆਸ਼ਕੀ ਦੀ ਥਾਂ ਸੱਚੇ-ਸੁੱਚੇ ਪਿਆਰ ਦੀ ਗੱਲ ਕਰਦੇ ਕਈ ਗੀਤ ਇਸ ਵਰ੍ਹੇ ਜਵਾਨ ਉਮਰ ਦੇ ਸਰੋਤਿਆਂ ਨੇ ਬਹੁਤ ਪਸੰਦ ਕੀਤੇ ਹਨ। ਸਰਤਾਜ ਵਿਰਕ ਦਾ ਗੀਤ ‘ਜਾਨ ਵਾਰਦਾ’ ਇਸ ਪੱਖੋਂ ਬਹੁਤ ਸੋਹਣਾ ਗੀਤ ਹੈ। ਮੁਟਿਆਰ ਦੇ ਹੁਸਨ ਦੀ ਸਿਫ਼ਤ ਕਰਦਿਆਂ ਨਵੇਂ ਗੀਤਕਾਰ ਸੁਹਜ ਨੂੰ ਉਭਾਰਦੇ ਹਨ, ਜੋ ਪੰਜਾਬੀ ਬੋਲੀ ਲਈ ਮਾਣ ਵਾਲੀ ਗੱਲ ਹੈ। ਸਿੰਘਜੀਤ ਦੇ ਲਿਖੇ ਇਕ ਗੀਤ ਦੇ ਬੋਲ ਹਨ :

ਹੁਸਨ ਲਿਆਕਤ ਸਾਦਗੀਆਂ ਉਹਦਾ ਹੱਸਣਾ ਤੱਕਣਾ

ਕਿਆ ਹੀ ਬਾਤਾਂ ਨੇ

ਉਹਦੇ ਮੱਸਿਆ ਵਰਗੇ ਕੇਸਾਂ ਦੇ ਵਿੱਚ

ਸੌਂਦੀਆਂ ਰਾਤਾਂ ਨੇ

ਇਸ ਵਰ੍ਹੇ ਦੀ ਗਾਇਕੀ ਦਾ ਇਕ ਹੋਰ ਵਧੀਆ ਪੱਖ ਵੀਡੀਓ ਫਿਲਮਾਂਕਣ ’ਚ ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਉਭਾਰਨਾ ਹੈ। ਜਿੱਥੇ ਇਕ ਪਾਸੇ ਸਬਸਿਡੀ ਦੇ ਚੱਕਰ ’ਚ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵਿਦੇਸ਼ਾਂ ’ਚ ਕੀਤੀ ਜਾ ਰਹੀ ਹੈ, ਉੱਥੇ ਹੀ ਪਿੰਡਾਂ ਦੀਆਂ ਗਲੀਆਂ ਤੇ ਖੇਤਾਂ ’ਚ ਜਾ ਕੇ ਵੀਡੀਓ ਫਿਲਮਾਂਕਣ ਕਰਨਾ ਸ਼ੁਭ ਸ਼ਗਨ ਹੈ। ਸਟਾਲਿਨਵੀਰ ਜਿਹੇ ਵੀਡੀਓ ਨਿਰਦੇਸ਼ਕ ਦਾ ਹੋਣਾ ਪੰਜਾਬੀ ਇੰਡਸਟਰੀ ਲਈ ਬੜੇ ਮਾਣ ਵਾਲੀ ਗੱਲ ਹੈ। ਸ਼ਹਿਰੀ ਪਿੱਠਭੂਮੀ ਹੋਣ ਦੇ ਬਾਵਜੂਦ ਪਿੰਡ ਆਪਣੀ ਬੁੱਕਲ ’ਚ ਵਿਰਸੇ ਨੂੰ ਸਮੋਈ ਬੈਠੇ ਹਨ, ਇਸ ਦਾ ਝਲਕਾਰਾ ਸਾਡੇ ਗੀਤਾਂ ’ਚ ਵੀ ਮਿਲਦਾ ਹੈ। ਰਾਜਬੀਰ ਜਵੰਦਾ ਬੜੇ ਥੋੜ੍ਹੇ ਸਮੇਂ ’ਚ ਵਿਲੱਖਣ ਸਥਾਨ ਹਾਸਲ ਕਰਨ ਵਾਲਾ ਸੁਰੀਲਾ ਗਾਇਕ ਹੈ। ਇਸ ਸਾਲ ਉਸ ਦਾ ਗਾਣਾ ‘ਦਿਲ ਕਰਦਾ ਏ ਤੇਰਾ ਨਾਂ ਸਕੂਨ ਰੱਖ ਦੇਵਾਂ’ ਬਹੁਤ ਜ਼ਿਆਦਾ ਮਕਬੂਲ ਹੋਇਆ। ਉਸ ਦੇ ਇਕ ਹੋਰ ਗੀਤ ਦੇ ਬੋਲ ਦਿਲ ਨੂੰ ਟੁੰਬਣ ਵਾਲੇ ਹਨ, ਜਿਸ ਨੂੰ ਲਿਖਿਆ ਹੈ ਸਿੰਘਜੀਤ ਨੇ :

ਸੁਣ ਕਵਿਤਾ ਵਰਗੀ ਕੁੜੀਏ

ਮੈਂ ਲੋਕ ਗੀਤ ਵਰਗਾ

ਮੈਂ ਤੈਨੂੰ ਪੜ੍ਹਦਾ ਰਹੁੂੰਗਾ

ਤੂੰ ਮੈਨੂੰ ਗਾ ਲਿਆ ਕਰੀਂ

ਪਰਵਾਸ ਦੇ ਭਖਦੇ ਮਸਲੇ ’ਤੇ ਰਾਜਬੀਰ ਜਵੰਦਾ ਦੇ ਇਕ ਗੀਤ ਨੇ ਸਭ ਦਾ ਧਿਆਨ ਖਿੱਚਿਆ ਹੈ, ਜੋ ਢਾਡੀ ਰਾਗ ’ਚ ਗਾਇਆ ਗਿਆ ਹੈ। ਕਈ ਪੁਰਾਣੇ ਗਾਇਕਾਂ ਦੇ ਇਸ ਸਾਲ ਵੀ ਵਧੀਆ ਗੀਤ ਸੁਣਨ ਨੂੰ ਮਿਲੇ। ਸਾਲ ਦੀ ਸ਼ੁਰੂਆਤ ’ਚ ਹੀ ਗਾਇਕ ਬਲਕਾਰ ਸਿੱਧੂ ਦਾ ਗੀਤ ‘ਚੰਨ ਵਰਗੀ’ ਆਇਆ, ਜਿਸ ’ਚ ਵਿਆਂਹਦੜ ਮੁਟਿਆਰ ਦੇ ਹੁਸਨ ਦੀ ਸਿਫ਼ਤ ਬੜੇ ਦਿਲਕਸ਼ ਅੰਦਾਜ਼ ’ਚ ਕੀਤੀ ਗਈ ਹੈ। ਰਵਿੰਦਰ ਗਰੇਵਾਲ ਦਾ ਦੋਗਾਣਾ ‘ਇੰਜਣ’ ਪੁਰਾਤਨ ਦੋਗਾਣਾ ਗਾਇਕ ਜੋੜੀਆਂ ਦੀ ਯਾਦ ਤਾਜ਼ਾ ਕਰਵਾ ਗਿਆ। ਇਸ ਸਾਲ ਉਸ ਦੇ ਕਈ ਧਾਰਮਿਕ ਗੀਤ ਆਏ, ਜਿਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਉਸ ਦੇ ਗੀਤ ਨੇ ਵੀ ਸਭ ਦਾ ਧਿਆਨ ਖਿੱਚਿਆ।

ਕੁਲਬੀਰ ਝਿੰਜਰ ਦਾ ਗੀਤ ‘ਰੌਲਾ ਦੋ ਰੋਟੀਆਂ ਦਾ ਦੱਸ ਕਿਉਂ ਫ਼ਿਕਰਾਂ ’ਚ ਪੈਣਾ’ ਫਲਸਫ਼ਾਨਾ ਨਜ਼ਰੀਏ ਵਾਲਾ ਗੀਤ ਹੈ। ਇਸੇ ਤਰ੍ਹਾਂ ਮੰਗਲ ਹਠੂਰ ਵੱਲੋਂ ਲਿਖਿਆ ਤੇ ਰਣਜੀਤ ਬਾਵਾ ਦਾ ਗਾਇਆ ‘ਮਿੱਟੀਏ’ ਇਨਸਾਨ ਨਾਲ ਮਿੱਟੀ ਦੇ ਰਿਸ਼ਤੇ ਨੂੰ ਦਰਸਾਉਂਦਾ ਬਹੁਤ ਵਧੀਆ ਗੀਤ ਹੈ, ਜੋ ਬੁੱਲੇ੍ਹ ਸ਼ਾਹ ਦੀ ‘ਮਿੱਟੀ ਕੁਦਮ ਕਰੇਂਦੀ ਯਾਰ’ ਦੀ ਯਾਦ ਤਾਜ਼ਾ ਕਰਵਾਉਦਾ ਹੈ। ਅਜੋਕੀ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਦਿਆਂ ਮਹਾਰਾਜਾ ਦਲੀਪ ਸਿੰਘ ਬਾਰੇ ਰਣਜੀਤ ਬਾਵਾ ਦਾ ਇਸ ਸਾਲ ਗੀਤ ਆਇਆ। ਰਣਜੀਤ ਬਾਵਾ ਨੂੰ ਇਸ ਸਾਲ ‘ਜੱਟ ਲਲਕਾਰੇ ਮਾਰਦਾ, ਟੀਮ ਵੈਰੀਆਂ ਦੀ ਚੀਕਾਂ ਫਿਰੇ ਮਾਰਦੀ’ ਜਿਹਾ ਗੀਤ ਗਾਉਣ ਦੀ ਕੀ ਲੋੜ ਪਈ, ਇਹ ਸਮਝ ਤੋਂ ਬਾਹਰ ਹੈ।

ਸਲੀਮ ਦੀ ਆਵਾਜ਼ ’ਚ ‘ਜਾ ਚਲ ਜਾ’ ਤੇ ਰਣਜੀਤ ਬਾਵਾ ਦੀ ਆਵਾਜ਼ ’ਚ ‘ਮੇਲਾ ਦੇਖਣ ਆਈ ਜਿੰਦੜੀਏ ਮੇਲਾ ਤੂੰ’ ਆਏ, ਜਿਨ੍ਹਾਂ ਦੀਆਂ ਸੰਗੀਤਕ ਧੁਨਾਂ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦੀਆਂ ਹਨ। ਜੀ ਗੁਰੀ, ਦੇਸੀ ਕਰਿਊ, ਬਲੈਕ ਵਾਇਰਸ, ਮਿਊਜ਼ਿਕ ਅੰਪਾਇਰ ਜਿਹੇ ਸੰਗੀਤ ਨਿਰਦੇਸ਼ਕਾਂ ਨੇ ਵੀ ਵਧੀਆ ਕੰਮ ਕੀਤਾ। ਕੁੱਲ ਮਿਲਾ ਕੇ ਸਾਲ 2023 ਦੀ ਗਾਇਕੀ ਤੇ ਗੀਤਕਾਰੀ ਕਈ ਪੱਖਾਂ ਤੋਂ ਬਿਹਤਰੀਨ ਰਹੀ, ਜਿਸ ਤੋਂ ਆਸ ਬੱਝਦੀ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ’ਤੇ ਹਿੰਸਾ ਤੇ ਨਸ਼ਿਆਂ ਦੀ ਥਾਂ ਪਿਆਰ ਦਾ ਸੁਨੇਹਾ ਦੇਣ ਵਾਲੇ ਗੀਤ ਗੰੂਜਣਗੇ।

ਸੱਜਣ ਅਦੀਬ ਦੀ ਗਾਇਕੀ ਦਾ ਰੰਗ

ਸੱਜਣ ਅਦੀਬ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਸ਼ਬਦਾਂ ਨੂੰ ਆਪਣੀ ਮਿੱਠੀ ਆਵਾਜ਼ ਦਿੰਦਾ ਹੈ ਤਾਂ ਪੰਜਾਬ ਦੀ ਆਤਮਾ ਉਸ ਦੇ ਬੋਲਾਂ ’ਚ ਬੜੀ ਸ਼ਿੱਦਤ ਨਾਲ ਧੜਕਦੀ ਹੈ। ਇਸ ਸਾਲ ਉਸ ਦੇ ਕਈ ਗੀਤ ਆਏ, ਜਿਨ੍ਹਾਂ ’ਚ ਪਿੰਡਾਂ ਦਾ ਸੱਭਿਆਚਾਰ, ਰਹਿਣ-ਸਹਿਣ, ਸੁਭਾਅ ਬੜੀ ਕਲਾਤਮਿਕਤਾ ਨਾਲ ਪੇਸ਼ ਹੋਇਆ ਹੈ। ‘ਚੜ੍ਹਦੀ ਕਲਾ ’ਚ ਰੱਖੀਂ’ ਗੀਤ ’ਚ ਸਰਬੱਤ ਦਾ ਭਲਾ ਲੋਚਿਆ ਗਿਆ ਹੈ। ‘ਸਾਨੂੰ ਪੀਐੱਚਡੀ ਵਰਗੇ ਅਣਖੀ ਦੇ ਨਾਵਲ ਨੀ’ ਜਿਹੇ ਗੀਤਾਂ ਦੇ ਬੋਲ ਅਜੋਕੀ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ’ਚ ਸਹਾਈ ਹੋਣਗੇ।

– ਗੁਰਪ੍ਰੀਤ ਖੋਖਰ