World Cup 2023 : ਵਨਡੇ ਵਿਸ਼ਵ ਕੱਪ 2023 ‘ਚ ਮਿਲੀ ਹਾਰ ਤੋਂ ਬਾਅਦ ਪੀਐਮ ਮੋਦੀ ਟੀਮ ਇੰਡੀਆ ਦੇ ਡਰੈਸਿੰਗ ਰੂਮ ‘ਚ ਪਹੁੰਚੇ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਪੀਐਮ ਮੋਦੀ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ, ਪਲੇਅਰ ਆਫ ਦਿ ਟੂਰਨਾਮੈਂਟ ਵਿਰਾਟ ਕੋਹਲੀ, ਗੋਲਡਨ ਬਾਲ ਜੇਤੂ ਮੁਹੰਮਦ ਸ਼ਮੀ, ਆਲਰਾਊਂਡਰ ਰਵਿੰਦਰ ਜਡੇਜਾ ਸਮੇਤ ਸਾਰੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਅਜਿਹਾ ਹੁੰਦਾ ਰਹਿੰਦਾ ਹੈ, ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ। ਪੀਐਮ ਮੋਦੀ ਨੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਦਿੱਲੀ ਆਉਣ ਦਾ ਸੱਦਾ ਵੀ ਦਿੱਤਾ ਹੈ।

ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਤੋਂ ਬਾਅਦ ਪੀਐਮ ਮੋਦੀ ਭਾਰਤੀ ਟੀਮ ਦੇ ਡਰੈਸਿੰਗ ਰੂਮ ‘ਚ ਪਹੁੰਚੇ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨਾਲ ਹੱਥ ਮਿਲਾਇਆ ਤੇ ਕਿਹਾ ਕਿ ਤੁਸੀਂ ਸਾਰੇ 10 ਮੈਚ ਜਿੱਤ ਕੇ ਆਏ ਹੋ। ਖੇਡ ‘ਚ ਅਜਿਹਾ ਹੁੰਦਾ ਰਹਿੰਦਾ ਹੈ, ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ।

ਇਸ ਤੋਂ ਬਾਅਦ ਪੀਐਮ ਮੋਦੀ ਨੇ ਮੁੱਖ ਕੋਚ ਰਾਹੁਲ ਦ੍ਰਾਵਿੜ ਨਾਲ ਹੱਥ ਮਿਲਾਇਆ। ਫਿਰ ਰਵਿੰਦਰ ਜਡੇਜਾ ਕੋਲ ਪਹੁੰਚੇ ਤੇ ਗੁਜਰਾਤੀ ‘ਚ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਮੁਹੰਮਦ ਸ਼ਮੀ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਦੀ ਪਿੱਠ ਥਪਥਪਾਉਂਦੇ ਹੋਏ ਵਧਾਈ ਦਿੱਤੀ। ਕੋਲ ਖੜ੍ਹੇ ਜਸਪ੍ਰੀਤ ਬੁਮਰਾਹ ਨਾਲ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਹ ਗੁਜਰਾਤੀ ਜਾਣਦੇ ਹਨ, ਜਿਸ ‘ਤੇ ਬੁਮਰਾਹ ਨੇ ਕਿਹਾ- ਹਾਂ, ਥੋੜ੍ਹੀ-ਥੋੜ੍ਹੀ ਆਉਂਦੀ ਹੈ।

ਪੀਐਮ ਮੋਦੀ ਨੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੁਲਦੀਪ ਯਾਦਵ ਤੇ ਕੇਐਲ ਰਾਹੁਲ ਨਾਲ ਵੀ ਹੱਥ ਮਿਲਾਇਆ। ਇਸ ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਵਾਰ-ਵਾਰ ਕਿਹਾ ਕਿ ਕੋਈ ਗੱਲ ਨਹੀਂ, ਅਜਿਹਾ ਹੁੰਦਾ ਰਹਿੰਦਾ ਹੈ। ਤੁਸੀਂ ਸਾਰੇ ਇਕ ਦੂਜੇ ਨੂੰ ਉਤਸ਼ਾਹਿਤ ਕਰੋ ਤੇ ਜੇਕਰ ਤੁਹਾਨੂੰ ਫੁਰਸਤ ਮਿਲੇ ਤਾਂ ਦਿੱਲੀ ਆਇਓ, ਅਸੀਂ ਇਕੱਠੇ ਬੈਠਾਂਗੇ। ਪੀਐਮ ਮੋਦੀ ਨੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਤੇ ਮੁਸਕਰਾ ਕੇ ਸਾਰੇ ਖਿਡਾਰੀਆਂ ਦਾ ਹੌਸਲਾ ਵਧਾਇਆ।