ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਕਿਸਾਨ ਅਤੇ ਪਸ਼ੂ ਪਾਲਣ ਮੇਲੇ ਦਾ ਅੱਜ ਆਖਰੀ ਦਿਨ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਪਹੁੰਚ ਕੇ ਖੇਤੀਬਾੜੀ ਖੇਤਰ ਨੂੰ ਪ੍ਰਫੁੱਲਤ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ।ਕਲਮ ਛੋੜ ਹੜਤਾਲ ਕਰਨ ਵਾਲੇ ਯਾਦ ਰੱਖਣ ਕਿ ਜੇਕਰ ਉਨ੍ਹਾਂ ਨੇ ਇੱਕ ਵਾਰ ਕਲਮ ਛੱਡ ਦਿੱਤੀ ਤਾਂ ਸਰਕਾਰ ਤਹਿ ਕਰੇਗੀ ਕਿ ਕਲਮ ਉਨ੍ਹਾਂ ਨੂੰ ਵਾਪਸ ਦੇਣੀ ਹੈ ਜਾਂ ਨਹੀਂ। ਪੀਏਯੂ ਦੇ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਪੰਜ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਨ ਪਿੱਛੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖੀ। ਖੇਤੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਪੰਜਾਬ ਦੀ ਰੂਹ ਹੈ। ਉਨ੍ਹਾਂ ਕਿਹਾ ਕਿ ਪੀਏਯੂ ਮੇਰੇ ਲਈ ਨਵੀਂ ਨਹੀਂ ਹੈ, ਮੈ ਬਤੌਰ ਕਲਾਕਾਰ ਵੀ ਇੱਥੇ ਆ ਚੁੱਕਾ ਹਾਂ। ਉਨ੍ਹਾਂ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਬੀਜ ਦੀਆਂ ਬੋਰੀਆਂ ਲਿਜਾ ਰਹੇ ਜ਼ਿਆਦਾਤਰ ਕਿਸਾਨ ਨੌਜਵਾਨ ਹਨ। ਇਸ ਤੋਂ ਪਹਿਲਾਂ ਪੀਏਯੂ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ।

ਪੰਜਾਬ ਭਾਰਤ ਵਿੱਚ ਬਾਸਮਤੀ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ: ਮੁੱਖ ਮੰਤਰੀ

ਸੀਐਮ ਭਗਵੰਤ ਮਾਨ ਨੇ ਪ੍ਰੋਗਰਾਮ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬਾਸਮਤੀ ਚੌਲਾਂ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਹੈ। ਪੰਜਾਬ ਭਾਰਤ ਵਿੱਚ ਬਾਸਮਤੀ ਦਾ ਸਭ ਤੋਂ ਵੱਡਾ ਉਤਪਾਦਕ ਹੈ। ਅਸੀਂ ਵਿਦੇਸ਼ਾਂ ਵਿੱਚ ਬਾਸਮਤੀ ਸਬੰਧੀ ਮਿਆਰਾਂ ਬਾਰੇ ਪਤਾ ਲਗਾਇਆ। ਜੋ ਕੀਟਨਾਸ਼ਕ ਵਿਦੇਸ਼ਾਂ ਵਿੱਚ ਬਾਸਮਤੀ ਲਈ ਵਰਜਿਤ ਸਨ। ਸਾਡੀ ਸਰਕਾਰ ਨੇ ਇਨ੍ਹਾਂ ਵਿੱਚੋਂ ਦਸ ਸਪਰੇਆਂ ‘ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਬਾਸਮਤੀ ਦੀ ਵੱਧ ਤੋਂ ਵੱਧ ਖਰੀਦ ਕੀਤੀ ਜਾਵੇ।