ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਦੇ ਬਲਾਕ ਵਿਕਾਸ ਪੰਚਾਇਤ ਅਫ਼ਸਰ (BDPO) ਦੇ ਦਫ਼ਤਰ ’ਚ ਕਰੀਬ 60 ਲੱਖ ਰੁਪਏ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਅਧਿਕਾਰੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਧਾਇਕ ਤਰੁਣਪ੍ਰੀਤ ਸਿੰਘ ਸੋਂਧ (Tarunpreet Singh Sondh) ਤੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ (Satnam Singh Soni) ਨੇ ਸ਼ੁੱਕਰਵਾਰ ਸਾਂਝੀ ਪ੍ਰੈੱਸ ਕਾਨਫਰੰਸ ’ਚ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਸੋਮਵਾਰ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਐਮਰਜੈਂਸੀ ਮੀਟਿੰਗ ਸੱਦੀ, ਜਿਸ ’ਚ ਵਿਧਾਇਕ ਸੋਂਧ ਵੀ ਪੁੱਜੇ। ਮੀਟਿੰਗ ’ਚ ਵਿਧਾਇਕ ਤੇ ਚੇਅਰਮੈਨ ਸਮੇਤ 12 ਬਲਾਕ ਸੰਮਤੀ ਮੈਂਬਰਾਂ ਨੇ ਬੀਡੀਪੀਓ ਖ਼ਿਲਾਫ਼ ਮਤਾ ਪਾਸ ਕਰ ਦਿੱਤਾ। ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਕਾਰਵਾਈ ਲਈ ਭੇਜੇ ਇਸ ਮਤੇ ’ਚ ਬੀਡੀਪੀਓ ਖ਼ਿਲਾਫ਼ ਅਨੁਸ਼ਾਸਨੀ ਤੇ ਪ੍ਰਸ਼ਾਸਨਿਕ ਦੋਵੇਂ ਪ੍ਰਕਾਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਹੁਣ ਤਕ ਜੋ ਘੁਟਾਲੇ ਸਾਹਮਣੇ ਆਈਆਂ ਹਨ, ਉਸ ਨਾਲ ਬੈਂਕ ਅਧਿਕਾਰੀਆਂ ਤੇ ਸਰਪੰਚਾਂ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਉਠ ਰਹੇ ਹਨ।

ਵਿਧਾਇਕ ਨੇ ਬੈਂਕ ਐਂਟਰੀਆਂ ਦਾ ਕੀਤਾ ਪਰਦਾਫਾਸ਼

ਵਿਧਾਇਕ ਤਰੁਣਪ੍ਰੀਤ ਸੋਂਦ ਨੇ ਬੈਂਕ ਐਂਟਰੀਆਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੱਸਿਆ ਬੀਡੀਪੀਓ ਕੁਲਵਿੰਦਰ ਸਿੰਘ ਨੇ ਈਓਪੀਐੱਸ ਦੇ ਤਿੰਨ ਜਾਅਲੀ ਖਾਤੇ ਖੁੱਲ੍ਹਵਾਏ। ਇਨ੍ਹਾਂ ’ਚੋਂ 2 ਅਮਲੋਹ ਤੇ 1 ਖੰਨਾ ਵਿਖੇ ਖੋਲ੍ਹਿਆ ਗਿਆ। ਨਸਰਾਲੀ ਪਿੰਡ ਦੀ ਪੰਚਾਇਤ ਦੇ 40 ਲੱਖ ਰੁਪਏ ਤੇ ਬੁੱਲੇਪੁਰ ਪੰਚਾਇਤ ਦੇ 20 ਲੱਖ ਰੁਪਏ ਆਪਣੇ ਚਹੇਤਿਆਂ ਦੀਆਂ ਜਾਅਲੀ ਫਰਮਾਂ ਨੂੰ ਟਰਾਂਸਫਰ ਕਰ ਦਿੱਤੇ ਗਏ। ਅਜਿਹੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਕ-ਇਕ ਪੈਸਾ ਵਸੂਲਿਆ ਜਾਵੇਗਾ। ਵਿਧਾਇਕ ਨੇ ਕਿਹਾ ਮਤਾ ਪਾਸ ਕਰ ਕੇ ਇਸ ਨੂੰ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਡਾਇਰੈਕਟਰ ਤੇ ਡੀਸੀ ਨੂੰ ਭੇਜ ਦਿੱਤਾ ਗਿਆ ਹੈ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਇਹ ਘੁਟਾਲਾ ਸਾਮਣੇ ਆਇਆ, ਉਸ ਦਿਨ ਤੋਂ ਬੀਡੀਪੀਓ ਫ਼ਰਾਰ ਹੈ। ਫੋਨ ਵੀ ਬੰਦ ਆ ਰਿਹਾ ਹੈ।

ਚੇਅਰਮੈਨ ਨੇ ਖੋਲ੍ਹੇ ਕਈ ਰਾਜ਼

ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਕਿਹਾ ਖਾਤੇ ਖੋਲ੍ਹਣ ਤੋਂ ਲੈ ਕੇ ਅਦਾਇਗੀਆਂ ਕਰਨ ਤਕ ਘੁਟਾਲੇ ਹੀ ਘੁਟਾਲੇ ਹਨ। ਬਤੌਰ ਚੇਅਰਮੈਨ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਤੇ ’ਤੇ ਕਿਸੇ ਵੀ ਬਲਾਕ ਸੰਮਤੀ ਮੈਂਬਰ ਵੱਲੋਂ ਦਸਤਖ਼ਤ ਨਹੀਂ ਕੀਤੇ ਗਏ। ਕੋਈ ਐਸਟੀਮੇਟ ਨਹੀਂ ਲਗਵਾਇਆ ਗਿਆ। ਖਾਤੇ ਗ਼ੈਰ-ਕਾਨੂੰਨੀ ਢੰਗ ਨਾਲ ਖੋਲ੍ਹੇ ਗਏ। ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਬੀਡੀਪੀਓ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਵੀ ਕੀਤੀ ਜਾਵੇਗੀ। ਚੇਅਰਮੈਨ ਨੇ ਦੱਸਿਆ ਕਿ ਅੱਜ ਦੇ ਮਤੇ ’ਚ ਵਿਧਾਇਕ ਤੇ ਉਨ੍ਹਾਂ ਤੋਂ ਇਲਾਵਾ ਬਲਾਕ ਸੰਮਤੀ ਉਪ ਚੇਅਰਮੈਨ ਮਨਜੀਤ ਕੌਰ, ਪਰਮਜੀਤ ਸਿੰਘ ਨਸਰਾਲੀ, ਸੋਹਣ ਸਿੰਘ ਮਾਜਰੀ, ਕੁਲਵਿੰਦਰ ਸਿੰਘ ਰਸੂਲੜਾ, ਸਤਿੰਦਰ ਸਿੰਘ ਗੋਹ, ਜਸਵੀਰ ਸਿੰਘ ਰਤਨਹੇੜੀ, ਮਨਜੀਤ ਸਿੰਘ ਬੀਜਾ, ਯਾਦਵਿੰਦਰ ਸਿੰਘ ਭੁਮੱਦੀ, ਗੁਰਮੀਤ ਕੌਰ ਕੌੜੀ, ਮਨਜੀਤ ਕੌਰ ਜਟਾਣਾ (ਸਾਰੇ ਬਲਾਕ ਸੰਮਤੀ ਮੈਂਬਰ) ਨੇ ਸਹਿਮਤੀ ਪ੍ਰਗਟਾਈ।