ਨਵੀਂ ਦਿੱਲੀ (ਏਜੰਸੀ) : ਲੋਕ ਸਭਾ ’ਚੋਂ ਬਰਖ਼ਾਸਤ ਤ੍ਰਿਣਮੂਲ ਕਾਂਗਰਸ ਦੀ ਆਗੂ ਮਹੂਆ ਮੋਇਤਰਾ ਨੂੰ ਹੁਣ ਛੇਤੀ ਹੀ ਆਪਣੀ ਸਰਕਾਰੀ ਰਿਹਾਇਸ਼ ਵੀ ਖ਼ਾਲੀ ਕਰਨੀ ਪਵੇਗੀ। ਲੋਕ ਸਭਾ ਹਾਊਸ ਕਮੇਟੀ ਨੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੂੰ ਸੰਸਦ ਦੇ ਹੇਠਲੇ ਸਦਨ ’ਚੋਂ ਮਹੂਆ ਦੀ ਬਰਖ਼ਾਸਤਗੀ ਬਾਰੇ ਸੂਚਿਤ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਉਨ੍ਹਾਂ ਦੇ ਟੈਲੀਗ੍ਰਾਫ਼ ਲੇਨ ਸਥਿਤ ਘਰ ਨੂੰ ਖ਼ਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਮੋਇਤਰਾ ਨੂੰ ਜ਼ਾਬਤਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਸ਼ੁੱਕਰਵਾਰ ਨੂੰ ਲੋਕ ਸਭਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਨ੍ਹਾਂ ’ਤੇ ਸੰਸਦ ’ਚ ਸਵਾਲ ਪੁੱਛਣ ਲਈ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਤੋਂ ਨਕਦ ਰਾਸ਼ੀ ਤੇ ਤੋਹਫ਼ੇ ਲੈਣ ਦਾ ਦੋਸ਼ ਸੀ। ਲੋਕ ਸਭਾ ਜ਼ਾਬਤਾ ਕਮੇਟੀ ਨੇ ਜਾਂਚ ’ਚ ਉਨ੍ਹਾਂ ਨੂੰ ਅਨੈਤਿਕ ਵਿਹਾਰ ਦਾ ਦੋਸ਼ੀ ਪਾਇਆ ਸੀ। ਕਮੇਟੀ ਨੇ ਦੇਖਿਆ ਕਿ ਕਿ ਸੰਸਦ ਦੇ ਅਕਸ ਨੂੰ ਮਹੂਆ ਨੇ ਆਪਣੇ ਮਾੜੇ ਵਿਹਾਰ ਨਾਲ ਠੇਸ ਪਹੁੰਚਾਈ। ਸੰਸਦ ਮੈਂਬਰ ਦੇ ਆਪਣੇ ਪੋਰਟਲ ਦੀ ਯੂਜ਼ਰ ਆਈਡੀ ਤੇ ਪਾਸਵਰਡ ਨਾਜਾਇਜ਼ ਵਿਅਕਤੀਆਂ ਨਾਲ ਸਾਂਝਾ ਕਰ ਕੇ ਨਾ ਸਿਰਫ਼ ਸਦਨ ਦੀ ਉਲੰਘਣਾ ਕੀਤੀ ਹੈ ਸਗੋਂ ਇਹ ਕੌਮੀ ਸੁਰੱਖਿਆ ਲਈ ਵੀ ਖ਼ਤਰਨਾਕ ਤੇ ਚਿੰਤਾਜਨਕ ਹੈ। ਇਸ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਸਦਨ ’ਚ ਲਿਆਂਦੇ ਗਏ ਸਰਕਾਰ ਦੇ ਮਤੇ ਨੂੰ ਇਕਮਤ ਨਾਲ ਪਾਸ ਕਰਦਿਆਂ ਮਹੂਆ ਦੀ ਲੋਕ ਸਭਾ ਮੈਂਬਰੀ ਖ਼ਤਮ ਕਰ ਦਿੱਤੀ ਗਈ ਸੀ।


