ਜਾਗਰਣ ਸੰਵਾਦਦਾਤਾ, ਲੁਧਿਆਣਾ : ਰਿਸ਼ੀ ਨਗਰ ਇਲਾਕੇ ’ਚ ਵੀਰਵਾਰ ਸਵੇਰੇ ਜਿਮ ਗਏ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਨਾਲ ਕੁਝ ਗ਼ਲਤ ਹੋਇਆ ਹੈ। ਉਨ੍ਹਾਂ ਪੁਲਿਸ ਤੋਂ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਛਾਣ ਰਿਸ਼ੀ ਨਗਰ ਦੇ ਰਹਿਣ ਵਾਲੇ 29 ਸਾਲਾ ਸੁਖਚੈਨ ਸਿੰਘ ਉਰਫ਼ ਸ਼ੈਰੀ ਵਜੋਂ ਹੋਈ ਹੈ। ਥਾਣਾ ਪੀਏਯੂ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਹੈ।

ਜਾਂਚ ਅਧਿਕਾਰੀ ਏਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸੁਖਚੈਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮਿ੍ਰਤਕ ਦੀ ਮਾਂ ਹਰਬੰਸ ਕੌਰ ਨੇ ਦੱਸਿਆ ਕਿ ਸੁਖਚੈਨ ਇਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਸੀ। ਫਰਵਰੀ ਮਹੀਨੇ ਉਸ ਦਾ ਵਿਆਹ ਹੋਣਾ ਸੀ। ਉਹ ਰਿਸ਼ੀ ਨਗਰ ਸਥਿਤ ਜਿਮ ’ਚ ਕੁਝ ਦਿਨ ਪਹਿਲਾਂ ਹੀ ਜਾਣ ਲੱਗਾ ਸੀ। ਵੀਰਵਾਰ ਸਵੇਰੇ ਜਿਮ ਜਾਣ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਇਕ ਫੋਟੋ ਭੇਜੀ ਤੇ ਜਿਮ ਦੀ ਫੀਸ ਪਾਉਣ ਨੂੰ ਕਿਹਾ। ਪਰਿਵਾਰ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ ਇਕ ਨੌਜਵਾਨ ਉਨ੍ਹਾਂ ਦੇ ਘਰ ਆਇਆ, ਜਿਸ ਨੇ ਉਨ੍ਹਾਂ ਦੇ ਕਿਰਾਏਦਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟਾ ਪੌੜੀਆਂ ਤੋਂ ਡਿੱਗ ਪਿਆ ਹੈ। ਜਦ ਉਹ ਹਸਪਤਾਲ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਿਮ ’ਚ ਉਨ੍ਹਾਂ ਦੇ ਬੇਟੇ ਨਾਲ ਕੁਝ ਗ਼ਲਤ ਹੋਇਆ ਤੇ ਸਾਜ਼ਿਸ਼ ਤਹਿਤ ਉਸ ਦੀ ਜਾਨ ਗਈ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।