ਨਵੀਂ ਦਿੱਲੀ, ਪੀਟੀਆਈ: ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਸੋਮਵਾਰ ਨੂੰ ਬੈਠਕ ਕੀਤੀ। ਇਸ ਦੌਰਾਨ ਦੋਵੇਂ ਪਾਰਟੀਆਂ ਵੱਲੋਂ ਸੀਟਾਂ ਦੀ ਵੰਡ ਅਤੇ ਚੋਣ ਮੁੱਦਿਆਂ ਤੇ ਚਰਚਾ ਕੀਤੀ ਗਈ। ਅਜੇ ਤੱਕ ਸੀਟ ਸ਼ੇਅਰਿੰਗ ਨੂੰ ਲੈ ਕੇ ਆਖ਼ਰੀ ਫ਼ੈਸਲਾ ਲੈਣਾ ਬਾਕੀ ਹੈ।

ਕਾਂਗਰਸ ਸਾਂਸਦ ਮੁਕੁਲ ਵਾਸਨਿਕ ਨੇ ਕਿਹਾ ਕਿ ਚੋਣਾਂ ਦੇ ਕਈ ਮੁੱਦਿਆਂ ਤੇ ਚਰਚਾ ਹੋਈ। ਅਸੀਂ ਅਗਾਊਂ ਚੋਣਾਂ ਲਈ ਕਈ ਮੁੱਦਿਆਂ ਤੇ ਇਕ ਬੈਠਕ ਕੀਤੀ। ਗੱਲਬਾਤ ਜਾਰੀ ਰਹੇਗੀ ਅਤੇ ਅਸੀਂ ਮੁੜ ਮਿਲਾਂਗੇ। ਉਸ ਤੋਂ ਬਾਅਦ ਹੀ ਸੀਟਾਂ ਦੀ ਵੰਡ ਤੇ ਆਖ਼ਰੀ ਫ਼ੈਸਲਾ ਲਿਆ ਜਾਵੇਗਾ। ਹਰ ਚੀਜ਼ ‘ਤੇ ਵਿਸਥਾਰ ਨਾਲ ਚਰਚਾ ਹੋਈ। ਅਸੀਂ ਇਕੱਠੇ ਚੋਣਾਂ ਲੜਾਂਗੇ ਅਤੇ ਅਸੀਂ ਭਾਜਪਾ ਨੂੰ ਕਰਾਰ ਜਵਾਬ ਦਿਆਂਗੇ।

ਬੈਠਕ ‘ਚ ਆਪ ਵੱਲੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ, ਦਿੱਲੀ ਕੈਬਨਿਟ ਮੰਤਰੀ ਆਤਿਸ਼ੀ ਅਤੇ ਵਿਧਾਇਕ ਸੌਰਭ ਭਾਰਦਵਾਜ ਸ਼ਾਮਲ ਹੋਏ। ਕਾਂਗਰਸ ਵੱਲੋਂ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੁਕੁਲ ਵਾਸਨਿਕ, ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਲਵਲੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਸਲਮਾਨ ਖ਼ੁਰਸ਼ੀਦ ਅਤੇ ਮੋਹਨ ਪ੍ਰਕਾਸ਼ ਵੀ ਮੌਜ਼ੂਦ ਸਨ।

ਹਰਿਆਣਾ ‘ਚ ਵੀ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ

ਆਮ ਆਦਮੀ ਪਾਰਟੀ ਦੇ ਹਰਿਆਣਾ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਹਾਈ ਕਮਾਨ ਨੂੰ ਹਰਿਆਣਾ ‘ਚ ਪੰਜ ਸੀਟਾਂ ‘ਤੇ ਗਠਜੋੜ ਦੀ ਮੰਗ ਕੀਤੀ ਹੈ। ਕਾਂਗਰਸ ਦਾ ਤਾਂ ਅਜੇ ਸੰਗਠਨ ਵੀ ਨਹੀਂ ਬਣਿਆ, ਅਸੀਂ ਬੂਥ ਪੱਧਰ ‘ਤੇ ਸੰਗਠਨ ਬਣਾ ਚੁੱਕੇ ਹਾਂ।

ਹਰਿਆਣਾ ‘ਚ ਆਈਐੱਨਡੀਆਈਏ ਦੀ ਸੀਟ ਸ਼ੇਅਰਿੰਗ ਦੇ ਮੁੱਦੇ ‘ਤੇ ਸੁਸ਼ੀਲ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਦੇਸ਼ ‘ਚ ਲੋਕਤੰਤਰ ਨੂੰ ਖਤਮ ਕਰਨ ਦਾ ਸੋਚ ਰਹੀ ਹੈ। ਈਡੀ ਅਤੇ ਸੀਬੀਆਈ ਦੇਸ਼ ਦੇ ਹਰ ਵਿਰੋਧੀ ਨੇਤਾ ਦੇ ਪਿੱਛੇ ਲੱਗੀ ਹੈ।

ਲੋਕਤੰਤਰ ਨੂੰ ਬਚਾਉਣ ਲਈ ਆਈਐੱਨਡੀਆਈਏ ਦਾ ਗਠਨ ਹੋਇਆ ਹੈ। ਵਿਧਾਨ ਸਭਾ ਚੋਣਾਂ ਅਸੀਂ ਆਪਣੇ ਦਮ ‘ਤੇ ਲੜਾਂਗੇ। ਇਹ ਮਹਾਗਠਜੋੜ ਲੋਕ ਸਭਾ ਚੋਣਾਂ ਲਈ ਹੈ। ਰਾਸ਼ਟਰੀ ਲੀਡਰਸ਼ਿਪ ਜੋ ਫ਼ੈਸਲਾ ਕਰੇਗੀ, ਉਸ ਦਾ ਅਸੀਂ ਸਨਮਾਨ ਕਰਾਂਗੇ।

ਉਨ੍ਹਾਂ ਕਿਹਾ ਕਿ ਹਰਿਆਣਾ ‘ਚ ਲੋਕ ਸਭਾ ਦੀਆਂ ਪੰਜ ਸੀਟਾਂ ‘ਤੇ ਆਪ ਦਾ ਦਾਅਵਾ ਹੈ। 28 ਜਨਵਰੀ ਨੂੰ ਜੀਂਦ ‘ਚ ਸਾਡੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਹਨ। 28 ਜਨਵਰੀ ਨੂੰ ਸਾਡੀ ਕੋਸ਼ਿਸ਼ ਹੈ ਕਿ ਹਰ ਵਾਰਡ ਹਰ ਵਰਗ ਦੇ ਲੋਕ ਜੀਂਦ ਪਹੁੰਚਣ।