ਕਰਮਜੀਤ ਸਿੰਘ ਆਜ਼ਾਦ, ਮਾਛੀਵਾੜਾ ਸਾਹਿਬ : ਬੇਟ ਇਲਾਕੇ ਦੇ ਪਿੰਡ ਹੇਡੋਂ ਬੇਟ ਦੇ ਰਹਿਣ ਵਾਲੇ ਸੁਰਿੰਦਰ ਸਿੰਘ (56) ਨੇ ਖੇਤਾਂ ਵਿਚ ਜਾ ਕੇ ਦਰੱਖਤ ਨਾਲ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸੁਰਿੰਦਰ ਸਿੰਘ ਜੋ ਕਿ ਵਿਦੇਸ਼ ਦੁਬਈ ਵਿਖੇ ਨੌਕਰੀ ਕਰਦਾ ਸੀ ਅਤੇ ਹੁਣ ਕਾਫ਼ੀ ਸਮੇਂ ਤੋਂ ਆਪਣੇ ਪਿੰਡ ਵਿਚ ਰਹਿੰਦਾ ਸੀ। ਕੁਝ ਸਾਲ ਪਹਿਲਾਂ ਉਸਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਸਦੇ ਸਿਰ ਵਿਚ ਸੱਟ ਲੱਗੀ ਅਤੇ ਉਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਲੰਘੀ ਰਾਤ ਉਹ ਆਪਣੇ ਪਿੰਡ ਹੇਡੋਂ ਬੇਟ ਘਰ ਤੋਂ ਮੋਟਰਸਾਈਕਲ ’ਤੇ ਨਿਕਲਿਆ ਅਤੇ ਉਸਨੇ ਕਾਉਂਕੇ ਪਿੰਡ ਨੇੜੇ ਜਾ ਕੇ ਖੇਤਾਂ ਵਿਚ ਜਾ ਕੇ ਦਰੱਖਤ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਉੱਥੋਂ ਲੰਘਦੇ ਰਾਹਗੀਰ ਨੇ ਅੱਜ ਸਵੇਰੇ ਉਸਦੀ ਲਾਸ਼ ਦਰੱਖਤ ਨਾਲ ਲਟਕਦੀ ਦੇਖੀ ਜਿਸ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਸੂਚਨਾ ਮਿਲਦੇ ਹੀ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ, ਚੌਕੀ ਇੰਚਾਰਜ਼ ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਮੌਕੇ ’ਤੇ ਪਹੁੰਚੇ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਵਜੋਂ ਹੋਈ ਜਿਸ ’ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਪੁਲਿਸ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਸੁਰਿੰਦਰ ਸਿੰਘ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਆਤਮ-ਹੱਤਿਆ ਵਰਗਾ ਖ਼ੌਫ਼ਨਾਕ ਕਦਮ ਚੁੱਕਿਆ। ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।