ਜਲਦ ਹੋਣਾ ਚਾਹੀਦਾ ਕੈਨੇਡਾ-ਅਮਰੀਕਾ ਵਪਾਰ ਸਮਝੌਤਾ: ਫੋਰਡ
ਓਟਵਾ:- ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਉਮੀਦ ਜਤਾਈ ਹੈ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਜਲਦੀ ਮੁੜ ਸ਼ੁਰੂ ਹੋਵੇਗੀ ਅਤੇ ਦੋਵੇਂ ਦੇਸ਼ ਕਿਸੇ
ਸਮਝੌਤੇ 'ਤੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਲਗਾਤਾਰ ਜਾਰੀ ਵਪਾਰਕ ਜੰਗ ਦੋਵਾਂ ਦੇਸ਼ਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸੋਮਵਾਰ ਸਵੇਰੇ ਓਟਵਾ ਵਿੱਚ ਫਰਸਟ ਨੇਸ਼ਨਜ਼ ਦੇ ਆਗੂਆਂ
ਅਤੇ ਪ੍ਰੋਵਿੰਸ਼ੀਅਲ ਪ੍ਰੀਮੀਅਰਾਂ ਨਾਲ ਮੀਟਿੰਗ ਲਈ ਜਾਂਦੇ ਸਮੇਂ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡੀਅਨ ਵਸਤਾਂ 'ਤੇ ਟੈਰਿਫ ਲਗਾਉਣਾ ਅਮਰੀਕੀ
ਲੋਕਾਂ 'ਤੇ ਟੈਕਸ ਲਗਾਉਣ ਦੇ ਬਰਾਬਰ ਹੈ। ਉਨ੍ਹਾਂ ਮੁਤਾਬਕ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੀ ਇਸ ਦਾ ਪ੍ਰਭਾਵ ਮਹਿਸੂਸ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਵਪਾਰਕ
ਤਣਾਅ ਅਗਸਤ ਦੇ ਅਖੀਰ ਵਿੱਚ ਵਧਿਆ ਸੀ, ਜਦੋਂ ਕੈਨੇਡਾ ਨੇ ਅਮਰੀਕਾ ਦੀਆਂ ਕੁਝ ਮੰਗਾਂ ਤੋਂ ਬਾਅਦ ਰਸਮੀ ਗੱਲਬਾਤ ਰੋਕ ਦਿੱਤੀ ਸੀ। ਇਸ ਦੇ ਜਵਾਬ ਵਿੱਚ ਵਾਸ਼ਿੰਗਟਨ ਨੇ
ਕੈਨੇਡੀਅਨ ਵਸਤਾਂ 'ਤੇ ਟੈਰਿਫ ਲਗਾਏ, ਜਿਸ ਤੋਂ ਬਾਅਦ ਓਟਵਾ ਨੇ ਵੀ ਜਵਾਬੀ ਕਦਮ ਚੁੱਕੇ। ਐਤਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਕੈਨੇਡਾ ਨਾਲ ਵਪਾਰਕ ਜੰਗ ਜਲਦੀ ਖ਼ਤਮ ਹੋ
ਸਕਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਕੈਨੇਡੀਅਨ ਵਸਤਾਂ 'ਤੇ 50 ਫ਼ੀ ਸਦੀ ਟੈਰਿਫ ਹਟਾਉਣ ਦੇ ਨਾਲ ਕਈ ਹੋਰ ਉਤਪਾਦਾਂ 'ਤੇ ਨਵੇਂ ਟੈਰਿਫ ਲਗਾਉਣ ਦਾ ਐਲਾਨ ਕੀਤਾ
ਸੀ। ਫੋਰਡ ਨੇ ਕਿਹਾ ਕਿ ਸਮਝੌਤਾ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਹੋਵੇਗਾ ਜਾਂ ਨਹੀਂ, ਇਸ ਬਾਰੇ ਉਹ ਪੱਕੇ ਤੌਰ 'ਤੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ
ਇਸ ਸਬੰਧੀ ਫ਼ੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨ੍ਹਾਂ ਦੀ ਟੀਮ ਨੇ ਕਰਨਾ ਹੈ, ਜਦਕਿ ਉਹ ਕੈਨੇਡਾ ਦੀ ਸਰਕਾਰ ਦਾ ਸਮਰਥਨ ਕਰਨਗੇ।



