ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਇੱਕ ਨੌਜਵਾਨ ਕਰਿਆਨਾ ਦੁਕਾਨਦਾਰ ਨੇ ਉਧਾਰੀ ਨਾ ਮੋੜਨ ਵਾਲਿਆਂ ਤੋਂ ਦੁਖੀ ਹੋ ਕੇ ਆਪਣੇ ਘਰ ਵਿਚ ਹੀ ਫਾਹਾ ਲੈ ਲਿਆ। ਇਸ ਮਾਮਲੇ ਵਿਚ ਜਗਰਾਓਂ ਪੁਲਿਸ ਨੇ ਮ੍ਰਿਤਕ ਦੀ ਜੇਬ ਵਿਚੋਂ ਮਿਲੇ ਸੁਸਾਈਡ ਨੋਟ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਰਾਏਕੋਟ ਰੋਡ ’ਤੇ ਸਥਿਤ ਰਾਏਕੋਟ ਚੌਂਕ ਵਿਚ ਸੰਨੀ ਪੁੱਤਰ ਅਨੂਪ ਕੁਮਾਰ ਮਾਨਿਕ ਦੀ ਕਰਿਆਨਾ ਦੀ ਦੁਕਾਨ ਹੈ ਅਤੇ ਨਾਲ ਹੀ ਦੋਵੇਂ ਪਿਉ ਪੁੱਤ ਇੱਟਾਂ ਦਾ ਭੱਠਾ ਵੀ ਚਲਾਉਂਦੇ ਹਨ। ਅੱਜ ਤੜਕਸਾਰ ਰੋਜ ਦੀ ਤਰ੍ਹਾਂ ਸੰਨੀ ਦੀ ਪਤਨੀ ਜੋ ਕਿ ਲੁਧਿਆਣਾ ਦੇ ਮੁਹੱਲਾ ਕਲੀਨਿਕ ਵਿਖੇ ਬਤੌਰ ਫਾਰਮਾਸਿਸਟ ਸੇਵਾਵਾਂ ਨਿਭਾਉਂਦੀ ਹੈ, ਡਿਊਟੀ ’ਤੇ ਚਲੀ ਗਈ। ਉਸ ਦੇ ਪਿੱਛੋਂ ਸਵੇਰੇ 7.30 ਵਜੇ ਤੋਂ ਬਾਅਦ ਘਰ ਦੇ ਹੀ ਇਕ ਕਮਰੇ ਵਿਚ ਸੰਨੀ ਨੇ ਫਾਹਾ ਲੈ ਲਿਆ।

ਕੁਝ ਸਮੇਂ ਬਾਅਦ ਹੀ ਜਦੋਂ ਉਸ ਦੀ ਧੀ ਕਮਰੇ ਵਿਚ ਆਈ ਤਾਂ ਪਿਤਾ ਦੀ ਲਾਸ਼ ਲਟਕਦਿਆਂ ਦੇਖ ਰੌਲਾ ਪਾਇਆ ਜਿਸ ’ਤੇ ਆਂਢ ਗੁਆਂਢ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਪੁੱਜੇ ਪਰ ਤਦ ਤਕ ਸੰਨੀ ਦੀ ਮੌਤ ਹੋ ਚੁੱਕੀ ਸੀ। ਇਸੇ ਦੌਰਾਨ ਸੰਨੀ ਦੀ ਜੇਬ ਵਿਚੋਂ ਇੱਕ ਸੁਸਾਈਡ ਨੋਟ ਮਿਲਿਆ ਜਿਸ ਵਿਚ ਉਸ ਨੇ ਆਪਣੇ ਮਰਨ ਦਾ ਕਾਰਨ ਦੱਸਦਿਆਂ ਉਧਾਰੀ ਨਾ ਮੋੜਨ ਵਾਲਿਆਂ ਨੂੰ ਮੌਤ ਲਈ ਜਿੰਮੇਵਾਰ ਠਹਿਰਾਇਆ। ਉਸ ਨੇ 5 ਵਿਅਕਤੀਆਂ ਦਾ ਨਾਮ ਲਿਖ ਕੇ ਉਨ੍ਹਾਂ ਤੋਂ 17 ਲੱਖ 10 ਹਜਾਰ ਰੁਪਏ ਦੀ ਉਧਾਰੀ ਲੈਣ ਦਾ ਜ਼ਿਕਰ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਉਕਤ ਪੰਜੇ ਵਾਰ ਵਾਰ ਮੰਗਣ ’ਤੇ ਉਧਾਰੀ ਨਹੀਂ ਮੋੜ ਰਹੇ, ਉਲਟਾ ਧਮਕੀਆਂ ਦਿੰਦੇ ਹਨ। ਜਿਸ ’ਤੇ ਅੱਜ ਉਹ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਦਿਲਜੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਲਾਸ਼ ਕਬਜੇ ਵਿਚ ਲੈਂਦਿਆਂ ਪੋਸਟਮਾਰਟਮ ਲਈ ਭੇਜ ਦਿੱਤੀ। ਇੰਸਪੈਕਟਰ ਦਿਲਜੀਤ ਸਿੰਘ ਨੇ ਦੱਸਿਆ ਕਿ ਸੰਨੀ ਵੱਲੋਂ ਫਾਹਾ ਲੈਣ ਦੇ ਮਾਮਲੇ ਵਿਚ ਧੀਰਜ ਮਲਹੋਤਰਾ, ਉਸ ਦੇ ਭਰਾ ਪਿ੍ਰੰਸ ਮਲਹੋਤਰਾ ਅਤੇ ਦੋਵਾਂ ਦੇ ਪਿਤਾ ਵਿਪਨ ਮਲਹੋਤਰਾ ਤੋਂ ਇਲਾਵਾ ਭੱਲਾ ਹਲਵਾਈ ਅਤੇ ਬਲਦੇਵ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।