ਚੰਡੀਗੜ੍ਹ (ਪੀਟੀਆਈ) : ਪੰਜਾਬ ਕਿੰਗਜ਼ ਨੇ ਸ਼ੁੱਕਰਵਾਰ ਨੂੰ ਸਾਬਕਾ ਭਾਰਤੀ ਗੇਂਦਬਾਜ਼ੀ ਕੋਚ ਸੰਜੇ ਬਾਂਗੜ ਨੂੰ ਆਗਾਮੀ ਆਈਪੀਐੱਲ ਸੈਸ਼ਨ ਲਈ ਆਪਣਾ ਕਿ੍ਰਕਟ ਵਿਕਾਸ ਮੁਖੀ ਨਿਯੁਕਤ ਕੀਤਾ। ਸਾਬਕਾ ਭਾਰਤੀ ਆਲਰਾਊਂਡਰ 2014 ’ਚ ਫ੍ਰੈਂਚਾਈਜ਼ੀ ਦੇ ਸਹਾਇਕ ਕੋਚ ਸੀ ਜਦੋਂ ਟੀਮ ਉਪ ਜੇਤੂ ਰਹੀ ਸੀ। ਅਗਲੇ ਦੋ ਸੈਸ਼ਨਣ ’ਚ ਉਹ ਮੁਖ ਕੋਚ ਸਨ ਜਦੋਂ ਟੀਮ ਅੰਕ ਸੂਚੀ ’ਚ ਹੇਠਲੇ ਸਥਾਨ ’ਤੇ ਰਹੀ ਸੀ।

ਬਾਂਗੜ ਨੇ ਕਿਹਾ, ਮੁੜ ਪੰਜਾਬ ਕਿੰਗਜ਼ ਦੇ ਨਾਲ ਹੋਣਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ। ਬਾਂਗੜ ਟੀਮ ਦੇ ਮੁੱਖ ਕੋਚ ਟ੍ਰੈਵਰ ਬੈਲਿਸ ਨਾਲ ਮਿਲ ਕੇ ਕੰਮ ਕਰਨਗੇ ਤੇ ਦੋਵੇਂ 19 ਦਸੰਬਰ ਨੂੰ ਦੁਬਈ ’ਚ ਹੋਣ ਵਾਲੀ ਆਈਪੀਐੱਲ ਨਿਲਾਮੀ ਲਈ ਯੋਜਨਾ ਬਣਾਉਣਗੇ। ਬਾਂਗੜ ਰਾਇਲ ਚੈਲੰਜਰਸ ਦੇ ਬੱਲੇਬਾਜ਼ੀ ਸਲਾਹਕਾਰ ਸਨ, ਜਿਸ ਤੋਂ ਬਾਅਦ ਅਗਲੇ ਦੋ ਸਾਲਾਂ ਲਈ ਉਨ੍ਹਾਂ ਨੂੰ ਟੀਮ ਦਾ ਮੁੱਖ ਕੋਚ ਨਿਯੁਕਤ ਕਰ ਦਿੱਤਾ ਗਿਆ। ਪੰਜਾਬ ਕਿੰਗਜ਼ ਨੇ ਪੰਜ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ, ਜਿਨ੍ਹਾਂ ’ਚ ਤਾਮਿਲਨਾਡੂ ਦੇ ਸ਼ਾਹਰੁਖ ਖ਼ਾਨ ਵੀ ਸ਼ਾਮਲ ਸਨ।