ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲੇ ਵਨਡੇ ‘ਚ ਆਸਟ੍ਰੇਲੀਆ ਹੱਥੋਂ 6 ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਫੀਲਡਿੰਗ ‘ਤੇ ਸਵਾਲ ਖੜ੍ਹੇ ਕੀਤੇ। ਨਾਲ ਹੀ ਖਿਡਾਰੀਆਂ ਨੂੰ ਹਮਲਾਵਰ ਕ੍ਰਿਕਟ ਖੇਡਣ ਲਈ ਕਿਹਾ। ਭਾਰਤੀ ਕਪਤਾਨ ਇਸ ਹਾਰ ਤੋਂ ਨਿਰਾਸ਼ ਨਜ਼ਰ ਆਈ।

ਆਸਟ੍ਰੇਲੀਆ ਖਿਲਾਫ ਭਾਰਤ ਦੇ 282/8 ਦੇ ਸਰਵੋਤਮ ਵਨਡੇ ਸਕੋਰ ਦੇ ਬਾਵਜੂਦ ਮਹਿਮਾਨ ਟੀਮ ਨੇ 47ਵੇਂ ਓਵਰ ਵਿਚ ਟੀਚਾ ਹਾਸਲ ਕਰ ਲਿਆ। ਆਸਟ੍ਰੇਲੀਆ ਦੀ ਸਲਾਮੀ ਬੱਲੇਬਾਜ਼ ਫੋਬੇ ਲਿਚਫੀਲਡ (78) ਅਤੇ ਐਲਿਸ ਪੇਰੀ (75) ਨੇ 148 ਦੌੜਾਂ ਦੀ ਸਾਂਝੇਦਾਰੀ ਕੀਤੀ।

ਫੀਲਡਰਾਂ ਨੂੰ ਝਿੜਕਿਆ

ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ,’ਅਸੀਂ ਮੈਚ ਜਿੱਤਣ ਵਾਲਾ ਸਕੋਰ ਬਣਾਇਆ ਸੀ, ਗੇਂਦਬਾਜ਼ਾਂ ਨੇ ਆਪਣਾ ਕੰਮ ਕੀਤਾ ਪਰ ਫੀਲਡਿੰਗ ਚੰਗੀ ਨਹੀਂ ਰਹੀ। ਕੁਝ ਸਮੇਂ ਬਾਅਦ ਤ੍ਰੇਲ ਪੈ ਗਈ ਪਰ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਮੈਂ ਫੀਲਡਿੰਗ ਤੋਂ ਨਾਖੁਸ਼ ਸੀ। ਸਾਨੂੰ ਆਪਣੇ ਆਪ ਦਾ ਸਮਰਥਨ ਕਰਨ ਤੇ ਹਮਲਾਵਰ ਕ੍ਰਿਕਟ ਖੇਡਣ ਦੀ ਲੋੜ ਹੈ।

ਐਲਿਸ ਹੀਲੀ ਨੇ ਟੀਮ ਦੀ ਕੀਤੀ ਸ਼ਲਾਘਾ

ਇਸ ਦੇ ਨਾਲ ਹੀ ਐਲਿਸ ਹੀਲੀ ਨੇ ਕਿਹਾ ਕਿ ਉਸ ਦੀ ਟੀਮ ਦੇ ਸਾਥੀ ਸਮਝ ਗਏ ਹਨ ਕਿ ਭਾਰਤ ਤੋਂ ਸਖ਼ਤ ਮੁਕਾਬਲਾ ਹੋਣ ਵਾਲਾ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਆਪਣਾ ਪੱਧਰ ਉੱਚਾ ਕਰੀਏ। ਕੁਝ ਦਿਨ ਪਹਿਲਾਂ ਇਸੇ ਮੈਦਾਨ ‘ਤੇ ਭਾਰਤ ਨੇ ਆਸਟ੍ਰੇਲੀਆ ਨੂੰ ਇਕੋ-ਇਕ ਟੈਸਟ ‘ਚ 8 ਵਿਕਟਾਂ ਨਾਲ ਹਰਾਇਆ ਸੀ।

ਹੀਲੀ ਨੇ ਕਿਹਾ, ‘ਸਾਨੂੰ ਟੈਸਟ ‘ਚ ਭਾਰਤ ਤੋਂ ਝਟਕਾ ਲੱਗਾ ਹੈ, ਇਸ ਲਈ ਸਾਨੂੰ ਆਪਣਾ ਪੱਧਰ ਉੱਚਾ ਚੁੱਕਣਾ ਹੋਵੇਗਾ। ਮੈਨੂੰ ਲੱਗਾ ਸਕੋਰ 280 ਦੇ ਆਸ-ਪਾਸ ਹੋ ਸਕਦਾ ਹੈ। ਗੇਂਦਬਾਜ਼ੀ ‘ਚ ਸੁਧਾਰ ਕਰਨ ਤੋਂ ਬਾਅਦ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅਸੀਂ ਸਕਾਰਾਤਮਕ ਰਹੇ।’ ਚੰਗੀ ਸ਼ੁਰੂਆਤ ਕੀਤੀ ਅਤੇ ਮੈਚ ਜਿੱਤਿਆ।

ਅਜਿਹੀ ਰਹੀ ਭਾਰਤੀ ਪਾਰੀ

ਜੇ ਭਾਰਤੀ ਪਾਰੀ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਲਈ ਜੇਮਿਮਾ ਰੌਡਰਿਗਸ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਜੇਮਿਮਾ ਨੇ 82 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਹਰਫਨਮੌਲਾ ਪੂਜਾ ਵਸਤਰਕਾਰ ਨੇ 62 ਅਜੇਤੂ ਦੌੜਾਂ ਦੀ ਤੇਜ਼ ਪਾਰੀ ਖੇਡੀ। ਯਸਤਿਕਾ ਭਾਟੀਆ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਈ ਅਤੇ 49 ਦੌੜਾਂ ਬਣਾ ਕੇ ਆਊਟ ਹੋ ਗਈ।