ਸਪੋਰਟਸ ਡੈਸਕ, ਨਵੀਂ ਦਿੱਲੀ : ਵਨਡੇ ਸੀਰੀਜ਼ ਦਾ ਆਗਾਜ਼ ਟੀਮ ਇੰਡੀਆ ਨੇ ਸ਼ਾਨਦਾਰ ਢੰਗ ਨਾਲ ਕੀਤਾ ਹੈ। ਕੇਐੱਲ ਰਾਹੁਲ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਸਾਊਥ ਅਫ਼ਰੀਕਾ ਨੂੰ ਪਹਿਲੇ ਇੱਕ ਰੋਜ਼ਾ ਮੁਕਾਬਲੇ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ। ਅਰਸ਼ਦੀਪ ਅਤੇ ਆਵੇਸ਼ ਖਾਨ ਅੱਗੇ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਦੀ ਇੱਕ ਨਹੀਂ ਚੱਲੀ ਅਤੇ ਪੂਰੀ ਟੀਮ ਸਿਰਫ਼ 116 ਦੌੜਾਂ ਬਣਾ ਕੇ ਆਊਟ ਹੋ ਗਈ। ਡੈਬਿਊਟੈਂਟ ਸਾਈ ਸੁਦਰਸ਼ਨ ਅਤੇ ਸ਼੍ਰੇਅਸ ਅਈਅਰ ਦੀ ਅਰਧ-ਸੈਂਕੜਾ ਪਾਰੀ ਦੇ ਬਲ ‘ਤੇ ਭਾਰਤ ਨੇ 117 ਦੌੜਾਂ ਦੇ ਟੀਚੇ ਨੂੰ 16.4 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ।

ਸੁਦਰਸ਼ਨ-ਅਈਅਰ ਦਾ ਬੋਲਿਆ ਬੱਲਾ

117 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰਿਤੂਰਾਜ ਗਾਇਕਵਾੜ ਸਿਰਫ਼ 5 ਦੌੜਾਂ ਬਣਾ ਕੇ ਚਲਦੇ ਬਣੇ। ਹਾਲਾਂਕਿ, ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਇੱਕ ਰੋਜ਼ਾ ਕ੍ਰਿਕਟ ‘ਚ ਆਪਣੇ ਡੈਬਿਊ ਕਰਰਹੇ ਸਾਈ ਸੁਦਰਸ਼ਨ ਨੇ ਮੋਰਚਾ ਸੰਭਾਲਿਆ। ਦੋਵਾਂ ਨੇ ਮਿਲ ਕੇ ਦੂਜੀ ਵਿਕਟ ਲਈ 88 ਦੌੜਾਂ ਬਣਾਈਆਂ। ਅਈਅਰ ਨੇ 45 ਗੇਂਦਾਂ ਵਿੱਚ 52 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਅਈਅਰ ਨੇ 6 ਚੌਕੇ ਅਤੇ ਇਕ ਛੱਕਾ ਲਗਾਇਆ। ਉੱਥੇ, ਸਾਈ ਸੁਦਰਸ਼ਨ 55 ਦੌੜਾਂ ਬਣਾ ਕੇ ਅਜੇਤੂ ਰਹੇ ਅਤੇ ਟੀਮ ਨੂੰ ਜਿੱਤ ਦਿਵਾ ਕੇ ਪਰਤੇ।

ਬੁਰੀ ਤਰ੍ਹਾਂ ਫਲਾਪ ਦੱਖਣੀ ਅਫ਼ਰੀਕਾ ਦਾ ਬੈਟਿੰਗ ਆਰਡਰ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਦੱਖਣੀ ਅਫ਼ਰੀਕਾ ਦਾ ਫ਼ੈਸਲਾ ਇਕਦਮ ਗਲਤ ਸਾਬਤ ਹੋਇਆ। ਰੀਜ਼ ਹੈਂਡ੍ਰਿਕਸ ਨੂੰ ਅਰਸ਼ਦੀਪ ਨੇ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਦਾ ਰਸਤਾ ਵਿਖਾਇਆ। ਉੱਥੇ, ਰੇਸੀ ਵੇਨ ਡਰ ਡੁਸੇਨ ਵੀ ਜ਼ੀਰੋ ‘ਤੇ ਚਲਦੇ ਬਣੇ। ਟੋਨੀ ਦੇ ਜੋਰਜੀ 28 ਦੌੜਾਂ ਬਣਾਉਣ ਤੋਂ ਬਾਅਦ ਅਰਸ਼ਦੀਪ ਸਿੰਘ ਦਾ ਤੀਜਾ ਸ਼ਿਕਾਰ ਬਣੇ। ਕਪਤਾਨ ਐਡਮ ਮਾਰਕਰਮ ਵੀ ਬੱਲੇ ਨਾਲ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਅਤੇ ਸਿਰਫ਼ 12 ਦੌੜਾਂ ਬਣਾ ਕੇ ਆਊਟ ਹੋਏ।

ਹੇਨਰਿਕ ਕਲਾਸੇਨ ਦੱਖਣੀ ਅਫ਼ਰੀਕਾ ਦੀ ਡੁੱਬਦੀ ਬੇੜੀ ਨੂੰ ਪਾਰ ਨਹੀਂ ਲਾ ਸਕੇ ਅਤੇ ਸਿਰਫ਼ 6 ਦੌੜਾਂ ਬਣਕੇ ਆਊਟ ਹੋਏ। ਡੇਵਿਡ ਮਿਲਰ ਨੂੰ 2 ਦੌੜਾਂ ਦੇ ਸਕੋਰ ‘ਤੇ ਆਵੇਸ਼ ਖਾਨ ਨੇ ਚਲਦਾ ਕੀਤਾ। ਦੱਖਣੀ ਅਫ਼ਰੀਕਾ ਦੀ ਪੂਰੀ ਟੀ2 27.3 ਓਵਰਾਂ ‘ਚ ਸਿਰਫ਼ 116 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਅਰਸ਼ਦੀਪ-ਆਵੇਸ਼ ਨੇ ਵਰ੍ਹਾਇਆ ਕਹਿਰ

ਗੇਂਦਬਾਜ਼ੀ ‘ਚ ਭਾਰਤ ਵੱਲੋਂ ਅਰਸ਼ਦੀਪ ਸਿੰਘ ਅਤੇ ਆਵੇਸ਼ ਖਾਨ ਨੇ ਜੰਮ ਕੇ ਕਹਿਰ ਵਰ੍ਹਾਇਆ। ਅਰਸ਼ਦੀਪ ਨੇ ਬਿਹਤਰੀ ਗੇਂਦਬਾਜ਼ੀ ਕਰਦੇ ਹੋਏ ਪੰਜ ਵਿਕਟਾਂ ਲਈਆਂ। ਅਰਸ਼ਦੀਪ ਇੱਕ ਰੋਜ਼ਾ ਕ੍ਰਿਕਟ ‘ਚ ਦੱਖਣੀ ਅਫ਼ਰੀਕਾ ਦੀ ਧਰਤੀ ‘ਤੇ ਪੰਜ ਵਿਕਆਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਵੀ ਬਣੇ। ਉੱਥੇ, ਆਵੇਸ਼ ਨੇ ਵੀ ਖ਼ਤਰਨਾਕ ਗੇਂਦਬਾਜ਼ੀ ਕਰਦੇ ਹੋਏ ਸਿਰਫ਼ 27 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦਾ ਵਾਧਾ ਹਾਸਲ ਕਰ ਲਿਆ ਹੈ।