ਜਾਸ, ਲੁਧਿਆਣਾ : ਪੰਜਾਬ ’ਚ ਹੁਣ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ। ਰਹੀ ਸਹੀ ਕਸਰ ਸੰਘਣੀ ਧੁੰਦ ਨੇ ਪੂਰੀ ਕਰ ਦਿੱਤੀ ਹੈ। ਕਈ ਥਾਵਾਂ ’ਤੇ ਧੁੰਦ ਕਾਰਨ ਦ੍ਰਿਸ਼ਤਾ ਬਹੁਤ ਘੱਟ ਰਹੀ। ਖ਼ਾਸ ਕਰ ਸਵੇਰੇ ਪੰਜ ਤੋਂ ਸੱਤ ਵਜੇ ਦੌਰਾਨ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਸੂਬੇ ’ਚ ਕੁਝ ਥਾਵਾਂ ’ਤੇ ਬੂੰਦਾਬਾਂਦੀ ਵੀ ਹੋਈ। ਸ਼ਨਿਚਰਵਾਰ ਨੂੰ ਲੁਧਿਆਣਾ, ਅੰਮ੍ਰਿਤਸਰ ਤੇ ਫ਼ਤਹਿਗੜ੍ਹ ਸਾਹਿਬ ਪੰਜਾਬ ਦੇ ਸਭ ਤੋਂ ਠੰਢੇ ਇਲਾਕੇ ਰਹੇ। ਇਨ੍ਹਾਂ ਸ਼ਹਿਰਾਂ ਦਾ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਫ਼ਰੀਦਕੋਟ ’ਚ 4.2, ਗੁਰਦਾਸਪੁਰ ’ਚ 4.3, ਮੋਗੇ ’ਚ 4.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ 20 ਦਸੰਬਰ ਤੱਕ ਪੰਜਾਬ ’ਚ ਸੰਘਣੀ ਧੁੰਦ ਪਵੇਗੀ। ਸੋਮਵਾਰ ਨੂੰ ਤਾਪਮਾਨ ਦੋ ਤੋਂ ਤਿੰਨ ਡਿਗਰੀ ਹੋਰ ਡਿੱਗ ਸਕਦਾ ਹੈ। ਹਾਲਾਂਕਿ ਬਾਰਿਸ਼ ਦੀ ਅਜੇ ਸੰਭਾਵਨਾ ਨਹੀਂ। ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ’ਚ ਬੱਦਲਵਾਈ ਰਹਿਣ ਤੇ ਕੁਝ ਥਾਈਂ ਬੂੰਦਾਬਾਂਦੀ ਦੀ ਸੰਭਾਵਨਾ ਹੈ।