ਨਵੀਂ ਦਿੱਲੀ, ਸਪੋਰਟਸ ਡੈਸਕ : ਵਿਸ਼ਵ ਕੱਪ 2023 ਵਿਚ ਭਾਰਤੀ ਟੀਮ ਨੇ ਲਗਾਤਾਰ ਛੇਵੀਂ ਜਿੱਤ ਦਰਜ ਕਰ ਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਮੈਚ ਤੋਂ ਬਾਅਦ ਬੈਸਟ ਫੀਲਡਰ ਆਫ ਦਿ ਮੈਚ ਦੇ ਸਮਾਰੋਹ ਦਾ ਪੱਧਰ ਵੀ ਵਧਿਆ ਅਤੇ ਇਸ ਵਾਰ ਜੇਤੂ ਦਾ ਐਲਾਨ ਬਿਲਕੁਲ ਵੱਖਰੇ ਅਤੇ ਦਿਲਚਸਪ ਢੰਗ ਨਾਲ ਕੀਤਾ ਗਿਆ। ਕੇਐੱਲ ਰਾਹੁਲ ਨੂੰ ਇੰਗਲੈਂਡ ਖ਼ਿਲਾਫ਼ ਮੈਚ ਦਾ ਸਰਵੋਤਮ ਫੀਲਡਰ ਚੁਣਿਆ ਗਿਆ। ਰਾਹੁਲ ਨੇ ਇਸ ਦੌੜ ਵਿਚ ਈਸ਼ਾਨ ਕਿਸ਼ਨ ਅਤੇ ਮੁਹੰਮਦ ਸਿਰਾਜ ਨੂੰ ਪਿੱਛੇ ਛੱਡ ਦਿੱਤਾ। ਫੀਲਡਿੰਗ ਕੋਚ ਟੀ ਦਿਲੀਪ ਨੇ ਜੇਤੂ ਦੇ ਨਾਂ ਦਾ ਐਲਾਨ ਕਰਨ ਲਈ ਪੂਰੀ ਟੀਮ ਨੂੰ ਪੈਵੇਲੀਅਨ ਤੋਂ ਬਾਹਰ ਬੁਲਾਇਆ। ਏਕਾਨਾ ਸਟੇਡੀਅਮ ਵਿਚ ਲਾਈਟ ਸ਼ੋਅ ਰਾਹੀਂ ਕੇਐਲ ਰਾਹੁਲ ਦਾ ਨਾਂ ਤੇ ਜਰਸੀ ਦਿਖਾਈ ਗਈ।
BCCI ਨੇ ਸ਼ੇਅਰ ਕੀਤੀ ਹੈ ਵੀਡੀਓ
ਕੇਐੱਲ ਰਾਹੁਲ ਦੇ ਜੇਤੂ ਬਣਨ ‘ਤੇ ਪੂਰੀ ਟੀਮ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਸ਼੍ਰੇਅਸ ਅਈਅਰ ਨੇ ਵਿਕਟਕੀਪਰ ਨੂੰ ਸਰਵੋਤਮ ਫੀਲਡਰ ਦਾ ਮੈਡਲ ਭੇਟ ਕੀਤਾ। ਜ਼ਿਕਰਯੋਗ ਹੈ ਕਿ ਕੇਐੱਲ ਰਾਹੁਲ ਨੇ ਮੈਚ ਵਿਚ ਇੱਕ ਕੈਚ ਅਤੇ ਇੱਕ ਸਟੰਪਿੰਗ ਕੀਤੀ। ਉਸ ਨੇ ਸ਼ਮੀ ਦੀ ਗੇਂਦ ‘ਤੇ ਮੋਇਨ ਅਲੀ (15) ਦਾ ਕੈਚ ਕੀਤਾ। ਫਿਰ ਕ੍ਰਿਸ ਵੋਕਸ (10) ਜਡੇਜਾ ਦੀ ਗੇਂਦ ‘ਤੇ ਸਟੰਪ ਆਊਟ ਹੋ ਗਏ।
ਬੀਸੀਸੀਆਈ ਨੇ ਇਸ ਪਲ ਦੀ ਵੀਡੀਓ ਆਪਣੇ ਐਕਸ ਹੈਂਡਲ ‘ਤੇ ਸ਼ੇਅਰ ਕੀਤੀ ਹੈ, ਜੋ ਬਹੁਤ ਹੀ ਘੱਟ ਸਮੇਂ ‘ਚ ਵਾਇਰਲ ਹੋ ਗਈ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਰਾਹੁਲ ਨੇ ਬਾਹੂਬਲੀ ਸਟਾਈਲ ‘ਚ ਬੈਠ ਕੇ ਅਈਅਰ ਤੋਂ ਮੈਡਲ ਹਾਸਲ ਕੀਤਾ। ਇਸ ਤੋਂ ਬਾਅਦ ਰਾਹੁਲ ਨੇ ਕਿਸੇ ਐਥਲੀਟ ਦੀ ਤਰ੍ਹਾਂ ਮੂੰਹ ‘ਚ ਮੈਡਲ ਦਬਾ ਕੇ ਫੋਟੋ ਕਲਿੱਕ ਕੀਤੀ। ਪ੍ਰਸ਼ੰਸਕ ਬੀਸੀਸੀਆਈ ਦੇ ਸਰਵੋਤਮ ਫੀਲਡਰ ਦੇ ਸੰਕਲਪ ਨੂੰ ਕਾਫੀ ਪਸੰਦ ਕਰ ਰਹੇ ਹਨ।
ਭਾਰਤ ਦੀ ਇਕਤਰਫਾ ਜਿੱਤ
ਭਾਰਤੀ ਟੀਮ ਨੇ ਲਖਨਊ ਦੇ ਏਕਾਨਾ ਸਟੇਡੀਅਮ ਵਿਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ 229 ਦੌੜਾਂ ਬਣਾਈਆਂ। ਜਵਾਬ ‘ਚ ਇੰਗਲੈਂਡ ਦੀ ਟੀਮ 34.5 ਓਵਰਾਂ ‘ਚ 129 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਲਗਾਤਾਰ ਛੇ ਮੈਚਾਂ ਵਿੱਚ ਛੇਵੀਂ ਜਿੱਤ ਦਰਜ ਕੀਤੀ ਅਤੇ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਇੰਗਲੈਂਡ ਦੀ ਛੇ ਮੈਚਾਂ ‘ਚ ਇਹ ਪੰਜਵੀਂ ਹਾਰ ਸੀ ਅਤੇ ਉਹ ਆਖਰੀ ਸਥਾਨ ‘ਤੇ ਹੈ।


