ਜੇਐੱਨਐੱਨ, ਲਖਨਊ : ਆਈਸੀਸੀ ਵਿਸ਼ਵ ਕੱਪ ‘ਚ ਜਿੱਤ ਦੇ ਰੱਥ ‘ਤੇ ਸਵਾਰ ਭਾਰਤ ਦਾ ਅਗਲਾ ਮੁਕਾਬਲਾ ਸਾਬਕਾ ਚੈਂਪੀਅਨ ਇੰਗਲੈਂਡ ਨਾਲ ਐਤਵਾਰ ਨੂੰ ਲਖਨਊ ‘ਚ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਭਾਰਤ-ਇੰਗਲੈਂਡ ਦਾ ਮੈਚ ਨੰਬਰ ਪੰਜ ਪਿੱਚ ‘ਤੇ ਖੇਡਿਆ ਜਾ ਸਕਦਾ ਹੈ। ਇਹ ਪਿੱਚ ਕਾਲੀ ਅਤੇ ਲਾਲ ਮਿੱਟੀ ਤੋਂ ਤਿਆਰ ਕੀਤੀ ਗਈ ਹੈ, ਜੋ ਸਪਿੰਨਰਾਂ ਲਈ ਢੁੱਕਵੀਂ ਮੰਨੀ ਜਾਂਦੀ ਹੈ। ਅਜਿਹੇ ‘ਚ ਟੀਮ ਇੰਡੀਆ ਤਿੰਨ ਸਪਿੰਨ ਗੇਂਦਬਾਜ਼ਾਂ ਦੇ ਨਾਲ ਉਤਰ ਸਕਦੀ ਹੈ। ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ, ਆਰ. ਅਸ਼ਵਿਨ ਸਪਿੰਨ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।
ਅਸ਼ਵਿਨ ਨੇ ਨੈੱਟ ‘ਤੇ ਕੀਤੀ ਗੇਂਦਬਾਜ਼ੀ
ਬੁੱਧਵਾਰ ਨੂੰ ਲਖਨਊ ਪਹੁੰਚੀ ਭਾਰਤੀ ਟੀਮ ਨੇ ਇਕ ਦਿਨ ਦੇ ਅਭਿਆਸ ਤੋਂ ਬਾਅਦ ਵੀਰਵਾਰ ਨੂੰ ਅਭਿਆਸ ਸ਼ੁਰੂ ਕੀਤਾ। ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਏਕਾਨਾ ਸਟੇਡੀਅਮ ਦੇ ਮੁੱਖ ਮੈਦਾਨ ‘ਚ ਕਰੀਬ 45 ਮਿੰਟ ਬਿਤਾਉਣ ਤੋਂ ਬਾਅਦ ਬੀ-ਗ੍ਰਾਊਂਡ ਵੱਲ ਰਵਾਨਾ ਹੋਈ।
ਇੱਥੇ ਅਸ਼ਵਿਨ ਨੇ ਲੰਬੇ ਸਮੇਂ ਤੱਕ ਨੈੱਟ ‘ਤੇ ਗੇਂਦਬਾਜ਼ੀ ਕੀਤੀ। ਉਸ ਨੇ ਸ਼ੁਭਮਨ ਗਿੱਲ, ਵਿਰਾਟ ਕੋਹਲੀ ਅਤੇ ਸੂਰਿਆ ਕੁਮਾਰ ਯਾਦਵ ਨੂੰ ਕਈ ਓਵਰ ਸੁੱਟੇ। ਇਸ ਦੌਰਾਨ ਭਾਰਤੀ ਗੇਂਦਬਾਜ਼ੀ ਕੋਚ ਪਾਰਸ ਮੌਮਬਰੇ ਦੀ ਨਜ਼ਰ ਅਸ਼ਵਿਨ ‘ਤੇ ਸੀ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਉਹ ਇੰਗਲੈਂਡ ਖਿਲਾਫ ਟੀਮ ਇਲੈਵਨ ਦਾ ਹਿੱਸਾ ਹੋਣਗੇ।
ਵਿਰਾਟ ਨੇ ਰੋਹਿਤ ਨੂੰ ਕੀਤੀ ਗੇਂਦਬਾਜ਼ੀ
ਭਾਰਤੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਨੂੰ ਨੈੱਟ ‘ਤੇ ਗੇਂਦਬਾਜ਼ੀ ਕੀਤੀ।ਵਿਰਾਟ ਨੇ ਲਗਭਗ ਚਾਰ ਓਵਰ ਗੇਂਦਬਾਜ਼ੀ ਕੀਤੀ। ਵਿਰਾਟ ਦੇ ਨਵੇਂ ਲੁੱਕ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਉਹ ਆਉਣ ਵਾਲੇ ਮੈਚ ‘ਚ ਹਾਰਦਿਕ ਪਾਂਡਿਆ ਦੀ ਭੂਮਿਕਾ ਨਿਭਾ ਸਕਦੇ ਹਨ। ਰੋਹਿਤ ਸ਼ਰਮਾ ਉਸ ਨੂੰ ਪਾਰਟ ਟਾਈਮ ਗੇਂਦਬਾਜ਼ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹਨ।
ਅਹਿਮ ਹੋਵੇਗੀ ਟਾਸ ਦੀ ਭੂਮਿਕਾ
ਸ਼੍ਰੀਲੰਕਾ ਅਤੇ ਨੀਦਰਲੈਂਡ ਵਿਚਾਲੇ ਆਖਰੀ ਮੈਚ ਏਕਾਨਾ ਸਟੇਡੀਅਮ ਦੀ ਪੰਜ ਨੰਬਰ ਪਿੱਚ ‘ਤੇ ਖੇਡਿਆ ਗਿਆ, ਜਿਸ ‘ਚ ਪਹਿਲੇ ਦਸ ਓਵਰਾਂ ‘ਚ ਬੱਲੇਬਾਜ਼ੀ ਕਰਨਾ ਮੁਸ਼ਕਲ ਸੀ। ਹਾਲਾਂਕਿ ਇਹ ਮੈਚ ਸਵੇਰੇ 10.30 ਵਜੇ ਸ਼ੁਰੂ ਹੋਇਆ। ਭਾਰਤ-ਇੰਗਲੈਂਡ ਦਾ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਏਕਾਨਾ ਦੀ ਪਿੱਚ ‘ਤੇ ਪਹਿਲੇ ਦਸ ਓਵਰ ਧਿਆਨ ਨਾਲ ਖੇਡਣੇ ਹੋਣਗੇ। ਹਾਲਾਂਕਿ ਕ੍ਰੀਜ਼ ‘ਤੇ ਇਕ ਘੰਟਾ ਬਿਤਾਉਣ ਤੋਂ ਬਾਅਦ ਇੱਥੇ ਵੱਡਾ ਸਕੋਰ ਬਣਾਇਆ ਜਾ ਸਕਦਾ ਹੈ। ਅਜਿਹੇ ‘ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਭਾਰਤ ਦਾ ਪੱਲੜਾ ਭਾਰੀ
ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਭਾਰਤ ‘ਚ ਖੇਡੇ ਗਏ ਵਨਡੇ ਮੈਚਾਂ ‘ਤੇ ਨਜ਼ਰ ਮਾਰੀਏ ਤਾਂ ਮੇਜ਼ਬਾਨ ਟੀਮ ਦਾ ਹੀ ਪੱਲੜਾ ਭਾਰੀ ਹੈ। ਭਾਰਤ ਨੇ ਘਰੇਲੂ ਮੈਦਾਨ ‘ਤੇ ਇੰਗਲੈਂਡ ਖਿਲਾਫ 51 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 33 ਮੈਚ ਜਿੱਤੇ ਹਨ, ਜਦਕਿ 17 ਮੈਚਾਂ ‘ਚ ਹਾਰ ਦਾ ਸਾਹਮਣਾ ਕੀਤਾ ਹੈ।


