ਆਨਲਾਈਨ ਡੈਸਕ, ਨਵੀਂ ਦਿੱਲੀ : ਸ਼ੁੱਕਰਵਾਰ ਦੇ ਕਾਰੋਬਾਰੀ ਪੱਧਰ ‘ਚ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ। ਇਸ ਨਾਲ ਹੀ ਕੌਮਾਂਤਰੀ ਬਾਜ਼ਾਰ ‘ਚ ਅਮਰੀਕੀ ਡਾਲਰ ਕਮਜ਼ੋਰ ਹੋ ਗਿਆ ਹੈ। ਇਸ ਗਿਰਾਵਟ ਨੇ ਰੁਪਏ ਵਿੱਚ ਤਿੰਨ ਦਿਨਾਂ ਦੀ ਗਿਰਾਵਟ ਨੂੰ ਰੋਕ ਦਿੱਤਾ ਹੈ। ਅੱਜ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਵਧ ਕੇ 83.23 ‘ਤੇ ਪਹੁੰਚ ਗਿਆ।

ਇਸ ਮਾਮੂਲੀ ਵਾਧੇ ਨੇ ਨਿਵੇਸ਼ਕਾਂ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਵਿਦੇਸ਼ੀ ਮੁਦਰਾ ਵਪਾਰੀਆਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਵਿਦੇਸ਼ੀ ਇਕਵਿਟੀ ਨਿਵੇਸ਼ਕਾਂ ਦਾ ਵਿਕਰੀ ਦਬਾਅ ਭਾਰਤੀ ਮੁਦਰਾ ‘ਤੇ ਅਸਰ ਪਾ ਰਿਹਾ ਹੈ।

ਰੁਪਏ ’ਚ ਵਾਧਾ

ਅੰਤਰਬੈਂਕ ਫਾਰੇਕਸ ਬਜ਼ਾਰ ਵਿੱਚ ਅੱਜ, ਸਥਾਨਕ ਯੂਨਿਟ 83.24 ‘ਤੇ ਖੁੱਲ੍ਹਿਆ ਤੇ ਗ੍ਰੀਨਬੈਕ ਦੇ ਮੁਕਾਬਲੇ 83.23 ਹੋ ਗਿਆ ਜੋ ਕਿ ਇਸਦੇ ਪਿਛਲੇ ਬੰਦ ਨਾਲੋਂ 2 ਪੈਸੇ ਵੱਧ ਹੈ। ਵੀਰਵਾਰ ਨੂੰ ਰੁਪਿਆ ਲਗਾਤਾਰ ਤੀਜੇ ਦਿਨ ਡਿੱਗਿਆ ਤੇ ਡਾਲਰ ਦੇ ਮੁਕਾਬਲੇ 8 ਪੈਸੇ ਦੀ ਗਿਰਾਵਟ ਨਾਲ 83.25 ‘ਤੇ ਬੰਦ ਹੋਇਆ। ਇਸ ਨਾਲ ਹੀ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਰੁਪਏ ‘ਚ 4 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਬੁੱਧਵਾਰ ਨੂੰ ਇਹ 1 ਪੈਸੇ ਦੀ ਗਿਰਾਵਟ ਨਾਲ ਡਾਲਰ ਦੇ ਮੁਕਾਬਲੇ 83.17 ‘ਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਬਾਜ਼ਾਰ 24 ਅਕਤੂਬਰ 2023 ਨੂੰ ਦੁਸਹਿਰੇ ਦੇ ਮੌਕੇ ‘ਤੇ ਬੰਦ ਸਨ।

ਇਸ ਦੌਰਾਨ ਡਾਲਰ ਇੰਡੈਕਸ 0.03 ਫ਼ੀਸਦੀ ਦੀ ਗਿਰਾਵਟ ਨਾਲ 106.57 ‘ਤੇ ਕਾਰੋਬਾਰ ਕਰ ਰਿਹਾ ਸੀ। ਗਲੋਬਲ ਤੇਲ ਦੀ ਕੀਮਤ ਬੈਂਚਮਾਰਕ ਬ੍ਰੈਂਟ ਕਰੂਡ ਤਿੱਖੀ 1.27 ਫ਼ੀਸਦੀ ਵਧ ਕੇ 89.05 ਅਮਰੀਕੀ ਡਾਲਰ ਪ੍ਰਤੀ ਬੈਰਲ ਹੋ ਗਈ।

ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ‘ਤੇ

ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਾ ਦੌਰ ਵੀ ਰੁਕ ਗਿਆ ਹੈ। ਅੱਜ ਸੈਂਸੈਕਸ 272.63 ਅੰਕ ਜਾਂ 0.43 ਫ਼ੀਸਦੀ ਵਧ ਕੇ 63,420.78 ‘ਤੇ ਜਦੋਂ ਕਿ ਨਿਫਟੀ 88.20 ਅੰਕ ਜਾਂ 0.47 ਫ਼ੀਸਦੀ ਵਧ ਕੇ 18,945.45 ‘ਤੇ ਪਹੁੰਚ ਗਿਆ। ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 7,702.53 ਕਰੋੜ ਰੁਪਏ ਦੀਆਂ ਇਕਵਿਟੀ ਵੇਚੀਆਂ।