ਆਨਲਾਈਨ ਡੈਸਕ, ਨਵੀਂ ਦਿੱਲੀ : ਕਪਤਾਨ ਸੂਰਿਆਕੁਮਾਰ ਯਾਦਵ ਦੀ ਨਜ਼ਰ ਬੈਂਗਲੂਰ ਦੇ ਐਮ ਚਿੰਨਾਸਵਾਮੀ ‘ਚ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੇ ਪੰਜਵੇਂ ਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ‘ਚ ਵਿਰਾਟ ਕੋਹਲੀ ਦੇ ਵੱਡੇ ਰਿਕਾਰਡ ਨੂੰ ਤੋੜਨ ‘ਤੇ ਹੋਵੇਗੀ। ਟੀ-20 ‘ਚ ਸੂਰਿਆ ਮੈਦਾਨ ‘ਤੇ ਖੁੱਲ੍ਹੇ ਹੱਥਾਂ ਨਾਲ ਤੂਫਾਨੀ ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ।

ਇਸ ਸੀਰੀਜ਼ ਦੇ ਦੂਜੇ ਮੈਚ ‘ਚ ਉਸ ਨੇ 80 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ ਜਦਕਿ ਪਿਛਲੇ ਮੈਚ ‘ਚ ਉਹ ਸਿਰਫ ਇਕ ਦੌੜ ਹੀ ਬਣਾ ਸਕਿਆ ਸੀ। ਹੁਣ ਸੂਰਿਆ ਦੀ ਨਜ਼ਰ ਪੰਜਵੇਂ ਤੇ ਆਖਰੀ ਟੀ-20 ‘ਚ ਵੱਡਾ ਰਿਕਾਰਡ ਹਾਸਲ ਕਰਨ ‘ਤੇ ਹੋਵੇਗੀ।

Suryakumar Yadav ਦੇ ਨਿਸ਼ਾਨੇ ’ਤੇ ਹੋਵੇਗਾ Virat Kohli ਦਾ ਵੱਡਾ ਰਿਕਾਰਡ

ਦਰਅਸਲ ਸਾਲ 2021 ਵਿੱਚ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੂਰਿਆਕੁਮਾਰ ਯਾਦਵ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਸ ਫਾਰਮੈਟ ਵਿੱਚ ਕਾਫੀ ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ ਭਾਰਤ ਲਈ ਹੁਣ ਤੱਕ ਖੇਡੇ ਗਏ 57 ਟੀ-20 ਮੈਚਾਂ ‘ਚ 1980 ਦੌੜਾਂ ਬਣਾਈਆਂ ਹਨ।

ਸੂਰਿਆ ਨੂੰ ਆਖਰੀ ਟੀ-20 ਮੈਚ ‘ਚ ਸਿਰਫ 20 ਦੌੜਾਂ ਦੀ ਜ਼ਰੂਰਤ ਹੈ ਜਿਸ ਨੂੰ ਹਾਸਲ ਕਰਨ ‘ਤੇ ਉਹ ਟੀ-20 ‘ਚ ਭਾਰਤ ਲਈ ਸਭ ਤੋਂ ਤੇਜ਼ 2000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਜਾਵੇਗਾ। ਇਸ ਮਾਮਲੇ ‘ਚ ਸੂਰਿਆ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦੇਵੇਗਾ ਜਿਸ ਨੇ ਆਪਣੀ 56ਵੀਂ ਪਾਰੀ ‘ਚ ਇਹ ਉਪਲੱਬਧੀ ਹਾਸਲ ਕੀਤੀ।

ਇਸ ਨਾਲ ਹੀ ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਤੇਜ਼ੀ ਨਾਲ 2 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਦੇ ਨਾਂ ਹੈ ਜਿਨ੍ਹਾਂ ਨੇ ਸਿਰਫ 52ਵੀਂ ਪਾਰੀ ‘ਚ ਇਹ ਉਪਲੱਬਧੀ ਹਾਸਲ ਕੀਤੀ। ਬਾਬਰ ਦੇ ਨਾਲ ਸਾਂਝੇ ਤੌਰ ‘ਤੇ ਮੁਹੰਮਦ ਰਿਜ਼ਵਾਨ ਦਾ ਨਾਂ ਵੀ ਸਿਖਰ ‘ਤੇ ਹੈ।

ਭਾਰਤ ਨੇ ਸੀਰੀਜ਼ ‘ਤੇ ਪਹਿਲਾਂ ਹੀ ਕਰ ਲਿਆ ਹੈ ਕਬਜ਼ਾ

ਭਾਰਤੀ ਟੀਮ ਨੇ ਚੌਥੇ ਟੀ-20 ਮੈਚ ‘ਚ 20 ਦੌੜਾਂ ਨਾਲ ਮੈਚ ਜਿੱਤ ਕੇ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਸੀ। ਹੁਣ ਸੂਰਿਆ ਦੀ ਨੌਜਵਾਨ ਬ੍ਰਿਗੇਡ ਦੀ ਨਜ਼ਰ ਆਖਰੀ ਟੀ-20 ਮੈਚ ਜਿੱਤ ਕੇ ਸੀਰੀਜ਼ ‘ਤੇ ਹੈ।