ਆਨਲਾਈਨ ਡੈਸਕ, ਨਵੀਂ ਦਿੱਲੀ : ਯੁਵਾ ਭਾਰਤੀ ਸਪਿਨਰ ਰਵੀ ਬਿਸ਼ਨੋਈ ਆਈਸੀਸੀ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਪੁਰਸ਼ਾਂ ਦੀ ਟੀ-20ਆਈ ਰੈਂਕਿੰਗ ਵਿੱਚ ਨੰਬਰ 1 ਗੇਂਦਬਾਜ਼ ਬਣਨ ਤੋਂ ਬਾਅਦ ਖੁਸ਼ ਹੈ।

ਪਲੇਅਰ ਆਫ ਦਿ ਸੀਰੀਜ਼ ਬਿਸ਼ਨੋਈ ਬਣਿਆ

ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ ਖਿਲਾਫ਼ ਟੀ-20 ਸੀਰੀਜ਼ 4-1 ਨਾਲ ਜਿੱਤੀ ਤੇ ਬਿਸ਼ਨੋਈ ਨੂੰ ਪਲੇਅਰ ਆਫ ਦਿ ਸੀਰੀਜ਼ ਦਾ ਐਵਾਰਡ ਦਿੱਤਾ ਗਿਆ। ਫਰਵਰੀ 2022 ਵਿੱਚ ਵੈਸਟਇੰਡੀਜ਼ ਵਿਰੁੱਧ ਆਪਣਾ ਡੈਬਿਊ ਕਰਨ ਤੋਂ ਬਾਅਦ ਬਿਸ਼ਨੋਈ ਨੇ 21 ਟੀ-20 ਮੈਚਾਂ ਵਿੱਚ ਕੁੱਲ 34 ਵਿਕਟਾਂ ਲਈਆਂ ਹਨ।

ਬੀਸੀਸੀਆਈ ਨੇ ਪੋਸਟ ਕੀਤਾ ਇਹ ਵੀਡੀਓ

ਬੀਸੀਸੀਆਈ ਵੱਲੋਂ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਬਿਸ਼ਨੋਈ ਨੇ ਕਿਹਾ, “ਮੈਂ ਕਦੇ ਨੰਬਰ ਇੱਕ ਗੇਂਦਬਾਜ਼ ਬਣਨ ਬਾਰੇ ਨਹੀਂ ਸੋਚਿਆ ਸੀ ਪਰ ਹੁਣ ਜਦੋਂ ਮੈਂ ਨੰਬਰ ਇੱਕ ਹਾਂ ਤਾਂ ਮੈਨੂੰ ਚੰਗਾ ਮਹਿਸੂਸ ਹੋ ਰਿਹਾ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਇਹ ਪ੍ਰਦਰਸ਼ਨ ਜਾਰੀ ਰਖੂਗਾਂ ਤੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਮਦਦ ਕਰਾਂਗਾ”

ਏਸ਼ੀਆ ਕੱਪ ‘ਚ ਵੀ ਮਿਲਿਆ ਸੀ ਮੌਕਾ

ਬਿਸ਼ਨੋਈ ਨੇ ਅੱਗੇ ਕਿਹਾ, ”ਮੈਂ 15 ਫਰਵਰੀ ਨੂੰ ਆਪਣਾ ਡੈਬਿਊ ਕੀਤਾ ਸੀ ਤੇ ਇਸ ਸਫਰ ‘ਚ ਉਤਰਾਅ-ਚੜ੍ਹਾਅ ਆਏ ਪਰ ਪਿਛਲੇ 1-1.5 ਸਾਲ ਚੰਗਾ ਰਿਹਾ ਹੈ ਕਿਉਂਕਿ ਮੈਨੂੰ ਕੁਝ ਚੰਗੇ ਮੈਚ ਖੇਡਣ ਦਾ ਮੌਕਾ ਮਿਲਿਆ। ਇਸ ਦੌਰਾਨ ਮੈਂ ਏਸ਼ਿਆਈ ਖੇਡਾਂ ਤੇ ਏਸ਼ੀਆ ਕੱਪ ’ਚ ਵੀ ਖੇਡਿਆ।”

ਮਿਹਨਤ ਦਾ ਫਲ ਮਿਲਿਆ

ਬਿਸ਼ਨੋਈ ਨੇ ਅੱਗੇ ਕਿਹਾ ਕਿ ਮੈਨੂੰ ਮੌਕੇ ਮਿਲੇ ਹਨ ਤੇ ਜਦੋਂ ਮੈਨੂੰ ਮੌਕੇ ਮਿਲਦੇ ਹਨ ਤਾਂ ਮੈਂ ਚੰਗਾ ਖੇਡਣ ਦੀ ਉਮੀਦ ਕਰਦਾ ਹਾਂ। ਇਹ ਪਿਛਲੇ ਪੰਜ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। “ਹੁਣ ਤੱਕ ਸਭ ਕੁਝ ਚੰਗਾ ਰਿਹਾ ਹੈ ਤੇ ਮੈਂ ਇਸਦਾ ਆਨੰਦ ਲੈ ਰਿਹਾ ਹਾਂ।”

ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਬਿਸ਼ਨੋਈ ਨੰਬਰ ਇਕ ਗੇਂਦਬਾਜ਼ ਬਣ ਗਏ।

2020 ’ਚ ਆਏ ਸੀ ਲੋਕਾਂ ਦੀਆਂ ਨਜ਼ਰਾਂ ’ਚ

ਬਿਸ਼ਨੋਈ ਨੇ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਆਈਸੀਸੀ ਪੁਰਸ਼ ਅੰਡਰ-19 ਵਿਸ਼ਵ ਕੱਪ 2020 ਵਿੱਚ ਲੋਕਾਂ ਦਾ ਧਿਆਨ ਖਿੱਚਿਆ। ਜਦੋਂ ਉਸਨੇ ਟੂਰਨਾਮੈਂਟ ਵਿੱਚ 17 ਵਿਕਟਾਂ ਲਈਆਂ ਕਿਸੇ ਵੀ ਖਿਡਾਰੀ ਦੁਆਰਾ ਸਭ ਤੋਂ ਵੱਧ ਅਤੇ ਭਾਰਤ ਬੰਗਲਾਦੇਸ਼ ਤੋਂ ਬਾਅਦ ਰਨਰ-ਅਪ ਰਿਹਾ ਸੀ।