ਡਿਜੀਟਲ ਡੈਸਕ, ਨਵੀਂ ਦਿੱਲੀ : ਆਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਮੁਕਾਬਲਾ ਕਰਨ ਬਣਿਆ ਵਿਰੋਧੀ ਗਠਜੋੜ I.N.D.I.A ਹੁਣ ਖਿਲਰਨ ਲੱਗਿਆ ਹੈ। ਹਿੰਦੀ ਹਾਰਟਲੈਂਡ ਯਾਨੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਤਿੰਨ ਸੂਬਿਆਂ ‘ਚ ਕਾਂਗਰਸ ਨੂੰ ਮਿਲੀ ਹਾਰ ਨੇ ਵਿਰੋਧੀ ਗਠਜੋੜ ਦੀ ਏਕਤਾ ਵਿਚ ਦਰਾਰ ਪੈਦਾ ਕਰ ਦਿੱਤੀ ਹੈ।

ਹੁਣ ਮਮਤਾ ਬੈਨਰਜੀ, ਅਖਿਲੇਸ਼ ਯਾਦਵ ਅਤੇ ਨਿਤੀਸ਼ ਕੁਮਾਰ ਵਰਗੇ ਆਗੂ ਕਾਂਗਰਸ ਨਾਲ ਨਹੀਂ ਖੜ੍ਹਨਾ ਚਾਹੁੰਦੇ, ਜੋ ਹੁਣ ਤਕ ਇਸ ਗਠਜੋੜ ਦੀ ਅਗਵਾਈ ਕਰ ਰਹੀ ਸੀ। 6 ਦਸੰਬਰ ਨੂੰ ਹੋਣ ਵਾਲੀ I.N.D.I.A ਗਠਜੋੜ ਦੀ ਬੈਠਕ ‘ਚ ਸ਼ਾਮਲ ਹੋਣ ਲਈ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਸਪਾ ਮੁਖੀ ਅਖਿਲੇਸ਼ ਯਾਦਵ ਨੇ ਵੀ ਮੀਟਿੰਗ ਵਿਚ ਸ਼ਾਮਲ ਹੋਣ ਦੀ ਯੋਜਨਾ ਨਹੀਂ ਬਣਾਈ ਹੈ।

ਚੋਣਾਂ ‘ਚ ਕਾਂਗਰਸ ਦੀ ਰਣਨੀਤੀ ਸਹੀ ਨਹੀਂ ਸੀ: ਮਮਤਾ ਬੈਨਰਜੀ

ਦਰਅਸਲ ਗਠਜੋੜ ‘ਚ ਸ਼ਾਮਲ ਪਾਰਟੀਆਂ ਨੇ ਪਿਛਲੀਆਂ ਕਈ ਬੈਠਕਾਂ ‘ਚ ਕਾਂਗਰਸ ਨਾਲ ਸੀਟਾਂ ਦੀ ਵੰਡ ‘ਤੇ ਚਰਚਾ ਕੀਤੀ ਸੀ ਪਰ ਕਾਂਗਰਸ ਨੇ ਇਸ ਮੁੱਦੇ ‘ਤੇ ਕੋਈ ਫੈਸਲਾ ਨਹੀਂ ਲਿਆ। ਤਿੰਨ ਸੂਬਿਆਂ ਵਿਚ ਹਾਰ ਤੋਂ ਬਾਅਦ ਟੀਐਮਸੀ ਨੇਤਾ ਅਤੇ ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਕਾਂਗਰਸ ਦੀ ਚੋਣ ਰਣਨੀਤੀ ਸਹੀ ਨਹੀਂ ਸੀ।

ਸੋਮਵਾਰ ਨੂੰ ਅਭਿਸ਼ੇਕ ਬੈਨਰਜੀ ਨੇ ਕਿਹਾ ਸੀ ਕਿ ਕਾਂਗਰਸ ਨੂੰ ਜੋ ਵੀ ਗੱਲ ਕਹਿੰਦੀ ਹੈ, ਉਸ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਅਖਿਲੇਸ਼ ਯਾਦਵ ਨੇ ਮੱਧ ਪ੍ਰਦੇਸ਼ ‘ਚ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਸੀ। ਜੇਡੀਯੂ ਆਗੂ ਨੇ ਕਿਹਾ ਕਿ ਸਾਲ 2024 ਲਈ ਭਰੋਸੇਮੰਦ ਆਗੂ ਦੀ ਲੋੜ ਹੈ।

ਮਮਤਾ ਬੈਨਰਜੀ ਦਾ ਰਵੱਈਆ ਚੋਣਾਂ ਤੋਂ ਪਹਿਲਾਂ ਵੀ ਅਜਿਹਾ ਹੀ ਸੀ: ਅਧੀਰ ਰੰਜਨ ਚੌਧਰੀ

ਕਾਂਗਰਸ ਨੇ ਵੀ ਟੀਐਮਸੀ ਨੇਤਾ ਦੇ ਅਜਿਹੇ ਬਿਆਨਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮਮਤਾ ਬੈਨਰਜੀ ਦਾ ਰਵੱਈਆ ਚੋਣਾਂ ਤੋਂ ਪਹਿਲਾਂ ਵੀ ਅਜਿਹਾ ਹੀ ਸੀ। ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ਵਿਚ ਚੋਣਾਂ ਹੋਣ ਦੇ ਬਾਵਜੂਦ ਮਮਤਾ ਨੇ ਭਾਜਪਾ ਨੂੰ ਹਰਾਉਣ ਲਈ ਕਦੇ ਵੀ ਲੋਕਾਂ ਨੂੰ ਵਿਰੋਧੀ ਧਿਰ ਨੂੰ ਵੋਟ ਦੇਣ ਦੀ ਅਪੀਲ ਨਹੀਂ ਕੀਤੀ।

ਭਾਜਪਾ ਵੀ ਵਿਰੋਧੀ ਧਿਰ ਦੇ ਇਸ ਨਵੇਂ ਸਮੀਕਰਨ ‘ਤੇ ਨਜ਼ਰ ਰੱਖ ਰਹੀ ਹੈ। ਮੰਗਲਵਾਰ ਨੂੰ ਭਾਜਪਾ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾ ਕਿ ਮਮਤਾ ਬੈਨਰਜੀ ਸਮਝ ਗਈ ਹੈ ਕਿ I.N.D.I.A ਗਠਜੋੜ ਦਾ ਕੋਈ ਭਵਿੱਖ ਨਹੀਂ ਹੈ, ਇਸ ਲਈ ਉਹ ਮੀਟਿੰਗ ਵਿਚ ਸ਼ਾਮਿਲ ਨਹੀਂ ਹੋ ਰਹੀ।

ਮੀਟਿੰਗ ‘ਚ ਇਨ੍ਹਾਂ ਮੁੱਦਿਆਂ ‘ਤੇ ਕੀਤੀ ਜਾਵੇਗੀ ਚਰਚਾ

6 ਦਸੰਬਰ ਨੂੰ ਆਈਐੱਨਡੀਆਈਏ ਗਠਜੋੜ ਦੀ ਆਗਾਮੀ ਬੈਠਕ ‘ਚ ਪੰਜ ਸੂਬਿਆਂ ‘ਚ ਚੋਣ ਨਤੀਜਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਅਤੇ ਗਠਜੋੜ ਦੇ ਕੋਆਰਡੀਨੇਟਰ ਦੇ ਨਾਂ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ।