ਚੰਡੀਗੜ੍ਹ (ਏਜੰਸੀ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਾਜਾਇਜ਼ ਮਾਈਨਿੰਗ ਨਾਲ ਸਬੰਧਤ ਮਨੀ ਲਾਂਡ੍ਰਿੰਗ ਮਾਮਲੇ ’ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਤੇ ਉਨ੍ਹਾਂ ਦੇ ਸਾਥੀ ਕੁਲਵਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ। ਈਡੀ ਨੇ ਯਮੁਨਾਨਗਰ ਤੋਂ ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਤੇ ਕਾਂਗਰਸ ਦੇ ਸੋਨੀਪਤ ਤੋਂ ਵਿਧਾਇਕ ਸੁਰੇਂਦਰ ਪਨਵਰ ਦੇੇ ਘਰ 4 ਜਨਵਰੀ ਤੋਂ ਛਾਪੇਮਾਰੀ ਸ਼ੁਰੂ ਕੀਤੀ ਸੀ ਜਿਹੜੀ ਸੋਮਵਾਰ ਨੂੰ ਖ਼ਤਮ ਹੋਈ। ਈਡੀ ਨੇ ਇਸ ਦੌਰਾਨ 20 ਥਾਵਾਂ ’ਤੇ ਤਲਾਸ਼ੀ ਲਈ। ਸਾਬਕਾ ਵਿਧਾਇਕ ਤੇ ਉਨ੍ਹਾਂ ਦੇ ਸਾਥੀ ਨੂੰ ਮਨੀ ਲਾਂਡ੍ਰਿੰਗ ਰੋਕੂ ਐਕਟ ਦੇ ਤਹਿਤ ਗਿ੍ਫ਼ਤਾਰ ਕੀਤਾ ਗਿਆ।

ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਘਰ ‘ ਤੇ ਛਾਪੇਮਾਰੀ ਕੀਤੀ, ਜਿੱਥੇ ਗੈਰ -ਕਾਨੂੰਨੀ ਵਿਦੇਸ਼ੀ ਹਥਿਆਰ, 300 ਗੋਲੀਆਂ, 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ, 5 ਕਰੋੜ ਰੁਪਏ ਦੀ ਨਕਦੀ, 4/5 ਕਿਲੋ ਸਰਾਫਾ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ।

ਸੂਤਰਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਜਾਇਦਾਦਾਂ ਬਰਾਮਦ ਕੀਤੀਆਂ ਗਈਆਂ ਹਨ ।

ਇਹ ਛਾਪੇਮਾਰੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਕੀਤੀ ਗਈ ਸੀ। ਯਮੁਨਾਨਗਰ, ਸੋਨੀਪਤ, ਮੋਹਾਲੀ, ਫਰੀਦਾਬਾਦ, ਚੰਡੀਗੜ੍ਹ ਅਤੇ ਕਰਨਾਲ ਸਮੇਤ ਹਰਿਆਣਾ ਦੇ 20 ਸਥਾਨਾਂ ‘ਤੇ ਛਾਪੇਮਾਰੀ ਕੀਤੀ ਗਈ ।