ਨਾਮਵਰ ਸੰਗੀਤਕਾਰ ਨੌਸ਼ਾਦ ਨੇ ਕਿਸੇ ਵੇਲੇ ਭਾਰਤ ਦੇ ਚੋਟੀ ਦੇ ਗਾਇਕ ਦੀ ਸਿਫ਼ਤ ’ਚ ਕਿਹਾ ਸੀ :

ਏਕ ਦਿਨ ਏਕ ਨੌਜਵਾਂ ਗਾਇਕ ਮੁਝਕੋ ਆਯਾ ਨਜ਼ਰ,

ਜਿਸਨੇ ਰੌਸ਼ਨ ਕਰ ਦੀਏ

ਸੰਗੀਤ ਕੇ ਸ਼ਾਮ-ਓ, ਸਹਰ।

ਲਬ ਪੇ ਹਲਕਾ ਸਾ ਤਬੱਸੁਮ,

ਤਾਨਪੁਰੇ ਸਾ ਬਿਦੋਸ਼,

ਹਰ ਅਦਾ ਮਸਤੀ ਮੇਂ ਡੂਬੀ,

ਹਰ ਨਜ਼ਰ ਬਾਦਾਫ਼ਰੋਸ਼।

ਵਤਨ ਕੇ ਫ਼ਨਕਾਰੋਂ ਮੇਂ,

ਉਸਕਾ ਅਲਗ ਥਾ ਏਕ ਮੁਕਾਮ,

ਜ਼ਿਕਰ ਜਿਸਕਾ ਕਰ ਰਹਾ ਹੂੰ,

ਰਫ਼ੀ ਥਾ ਉਸਕਾ ਨਾਮ।

ਨੌਸ਼ਾਦ ਨੇ ਜਿਸ ਰਫ਼ੀ ਦਾ ਜ਼ਿਕਰ ਕੀਤਾ ਹੈ, ਉਹ ਸਨ ਧੁਰ ਅੰਦਰ ਤੱਕ ਉਤਰ ਜਾਣ ਵਾਲੀ ਮਖਮਲੀ ਆਵਾਜ਼ ਦੇ ਮਾਲਕ ਮੁਹੰਮਦ ਰਫ਼ੀ ਸਾਹਿਬ। ਹਿੰਦੀ ਫਿਲਮ ਜਗਤ ਦੇ ਪਿੱਠਵਰਤੀ ਗਾਇਕ ਵਜੋਂ ਜੋ ਸ਼ੁੁਹਰਤ ਤੇ ਵੱਖਰਾ ਮੁਕਾਮ ਰਫ਼ੀ ਸਾਹਿਬ ਨੇ ਹਾਸਲ ਕੀਤਾ, ਉਹ ਅੱਜ ਵੀ ਕਾਇਮ ਹੈ। ਦੇਸ਼ -ਵਿਦੇਸ਼ ’ਚ ਉਨ੍ਹਾਂ ਦੇ ਕਰੋੜਾਂ ਸ਼ੈਦਾਈ ਉਸ ਫ਼ਰਿਸ਼ਤਾ ਰੂਪੀ ਗਾਇਕ ਦੇ ਮਕਬੂਲ ਨਗਮਿਆਂ ਤੇ ਪੁਰਕਸ਼ਿਸ਼ ਆਵਾਜ਼ ਨੂੰ ਮਾਣ ਕੇ ਵੱਖਰੀ ਕਿਸਮ ਦਾ ਅਨੰਦ ਤੇ ਸਕੂਨ ਹਾਸਲ ਕਰਦੇ ਹਨ, ਜਿਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਰਫ਼ੀ ਸਾਹਿਬ ਦੇ ਦੀਵਾਨੇ ਵੀ ਉਹ ਸਭ ਬਿਆਨ ਨਹੀਂ ਕਰ ਸਕਦੇ, ਬਸ ਉਨ੍ਹਾਂ ਦੀਆਂ ਗੱਲਾਂ ਕਰਦੇ ਹੋਏ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਜਾਂਦੇ ਸਨ। ਅਜਿਹੇ ਮੰਜਰ ਮੈਂ ਖ਼ੁਦ ਵੇਖੇ ਹਨ। ਉਸ ਮਹਾਨ ਗਾਇਕ ਪ੍ਰਤੀ ਏਨੀ ਅਕੀਦਤ ਮੈਂ ਕਿਸੇ ਹੋਰ ਗਾਇਕ ਕਲਾਕਾਰ ਲਈ ਨਹੀਂ ਵੇਖੀ। ਉਨ੍ਹਾਂ ਦੇ ਕਈ ਸ਼ਰਧਾਲੂ ਉਨ੍ਹਾਂ ਦੀ ਯਾਦ ’ਚ ਮੰਦਰ ਬਣਾ ਕੇ ਪੂਜਾ ਤੱਕ ਕਰਦੇ ਹਨ।

200 ਤੋਂ ਵੱਧ ਕਲਾਕਾਰਾਂ ਨੂੰ ਬਖ਼ਸ਼ੀ ਆਵਾਜ਼

24 ਦਸੰਬਰ 1924 ’ਚ ਪੰਜਾਬ ਦੀ ਧਰਤੀ ਕੋਟਲਾ ਸੁਲਤਾਨ ਸਿੰਘ (ਨੇੜੇ ਮਜੀਠਾ-ਅੰਮਿ੍ਰਤਸਰ) ਨੂੰ ਭਾਗ ਲਾਉਣ ਵਾਲੇ ਰਫ਼ੀ ਸਾਹਿਬ ਨੇ ਆਪਣੇ ਚਾਰ ਦਹਾਕਿਆਂ ਦੇ ਸਫ਼ਰ ਦੌਰਾਨ 200 ਤੋਂ ਵੱਧ ਕਲਾਕਾਰਾਂ ਨੂੰ ਆਪਣੀ ਆਵਾਜ਼ ਬਖ਼ਸ਼ੀ। ਉਨ੍ਹਾਂ ਦੀ ਆਵਾਜ਼ ਦਾ ਇਹ ਕਿ੍ਰਸ਼ਮਾ ਸੀ ਕਿ ਪਰਦੇ ’ਤੇ ਤੈਰਦੀ ਉਨ੍ਹਾਂ ਦੀ ਆਵਾਜ਼ ਕਿਸੇ ਵੀ ਕਿਰਦਾਰ ਦੀ ਆਵਾਜ਼ ਬਣ ਜਾਂਦੀ ਸੀ, ਭਾਵੇਂ ਉਹ ਕੋਈ ਨਾਇਕ ਹੋਵੇ, ਕਾਮੇਡੀਅਨ ਹੋਵੇ ਜਾਂ ਕੋਈ ਕਰੈਕਟਰ ਐਕਟਰ। ਉਸ ਵੇਲੇ ਦੇ ਚੋਟੀ ਦੇ ਹੀਰੋ ਦਲੀਪ ਕੁਮਾਰ, ਦੇਵ ਆਨੰਦ, ਰਾਜਿੰਦਰ ਕੁਮਾਰ, ਸ਼ੰਮੀ ਕਪੂਰ ਤੋਂ ਲੈ ਕੇ ਭਾਰਤ ਭੂਸ਼ਣ, ਪ੍ਰਦੀਪ ਕੁਮਾਰ, ਵਿਸ਼ਵਜੀਤ, ਜੌਏ ਮੁਖਰਜੀ, ਧਰਮਿੰਦਰ, ਜਤਿੰਦਰ, ਰਾਜੇਸ਼ ਖੰਨਾ, ਰਾਜ ਕੁਮਾਰ, ਜੌਨੀ ਵਾਕਰ, ਮਹਿਮੂਦ ਯਾਨੀ ਪੂਰੀ ਫਿਲਮ ਇੰਡਸਟਰੀ ਨੂੰ ਇੱਕੋ ਸ਼ਖ਼ਸ ਮੁਹੰਮਦ ਰਫ਼ੀ ਨੇ ਸਫਲਤਾ ਤੇ ਸਰਲਤਾ ਨਾਲ ਸੰਭਾਲਿਆ ਹੋਇਆ ਸੀ।

ਸੱਚੀ ਸਾਬਤ ਹੋਈ ਫ਼ਕੀਰ ਦੀ ਗੱਲ

ਸੁਜਾਤਾ ਦੇਵ ਦੀ ਕਿਤਾਬ ਮੁਤਾਬਕ ਹਾਜੀ ਅਲੀ ਨੇ 1926 ’ਚ ਆਪਣੇ ਵੱਡੇ ਪੁੱਤਰ ਮੁਹੰਮਦ ਦੀਨ ਸਮੇਤ ਲਾਹੌਰ ਜਾਣ ਦਾ ਫ਼ੈਸਲਾ ਕਰ ਲਿਆ। ਰਿਸ਼ਤੇਦਾਰਾਂ ਦੀ ਮਦਦ ਨਾਲ ਹਾਜੀ ਅਲੀ ਨੇ ਲਾਹੌਰ ’ਚ ਢਾਬਾ ਤੇ ਪੁੱਤਰ ਮੁਹੰਮਦ ਦੀਨ ਨੇ ਨੂਰ ਮੁਹੱਲਾ ’ਚ ਨਾਈ ਦੀ ਦੁਕਾਨ ਖੋਲ੍ਹ ਲਈ ਪਰ ਫੀਕੋ ਸਮੇਤ ਪੂਰਾ ਪਰਿਵਾਰ 1936 ’ਚ ਲਾਹੌਰ ਸ਼ਿਫਟ ਹੋ ਗਿਆ ਤੇ ਸ਼ਹਿਰ ਦੇ ਬਿਲਾਲਗੰਜ ਵਿਖੇ ਦੋ ਕਮਰਿਆਂ ਦੇ ਮਕਾਨ ’ਚ ਰਹਿਣ ਲੱਗਾ। ਪਿੰਡ ਕੋਟਲਾ ਸੁਲਤਾਨ ਸਿੰਘ ’ਚੋਂ ਲੰਘਦੇ ਫ਼ਕੀਰ ਦੇ ਬੋਲ ‘ਖੇਡਣ ਦੇ ਦਿਨ ਚਾਰ ਨੀ ਮਾਏ, ਖੇਡਣ ਦੇ ਦਿਨ ਚਾਰ’ ਤੇ ਉਸ ਦੀ ਆਵਾਜ਼ ਮੁਹੰਮਦ ਰਫ਼ੀ ਦੇ ਕੰਨਾਂ ’ਚ ਗੂੰਜ ਰਹੀ ਸੀ। ਫੀਕੋ ਦੀ ਆਵਾਜ਼ ਸੁਣ ਕੇ ਉਸ ਫ਼ਕੀਰ ਨੇ ਅਸ਼ੀਰਵਾਦ ਦਿੰਦਿਆਂ ਕਿਹਾ ਸੀ, ‘ਬੇਟਾ, ਤੁਮਾਰੀ ਆਵਾਜ਼ ਮੇਂ ਐਸੀ ਕਸ਼ਿਸ਼ ਔਰ ਮਿਠਾਸ ਹੈ, ਯੇਹ ਆਵਾਜ਼ ਕਾਇਨਾਤ ਪਰ ਹਕੂਮਤ ਕਰੇਗੀ।’ ਸੱਚੇ ਫ਼ਕੀਰਾਂ ਦੀਆਂ ਕਹੀਆਂ ਗੱਲਾਂ ਹਮੇਸ਼ਾ ਹਕੀਕਤ ਬਣਦੀਆਂ ਹਨ।

ਹਾਸਲ ਕੀਤੀ

ਸੰਗੀਤ ਦੀ ਤਾਲੀਮ

ਮੁਹੰਮਦ ਰਫ਼ੀ ਦੇ ਫ਼ਨ ਨੂੰ ਉਸ ਦੇ ਵੱਡੇ ਭਰਾ ਨੇ ਹੀ ਨਹੀਂ ਸਗੋਂ ਉਸ ਦੇ ਬਹੁਤ ਵਧੀਆ ਦੋਸਤ ਹਮੀਦ ਨੇ ਵੀ ਪਛਾਣ ਲਿਆ ਸੀ। ਮੁਹੰਮਦ ਰਫ਼ੀ ਨੂੰ ਬਿਹਤਰੀਨ ਗਾਇਕ ਬਣਾਉਣ ਦੇ ਉਦੇਸ਼ ਨਾਲ ਮੁਹੰਮਦ ਦੀਨ ਤੇ ਹਮੀਦ ਨੇ ਉਸ ਨੂੰ ਸੰਗੀਤ ਤੇ ਖ਼ਾਸ ਕਰਕੇ ਬੁਨਿਆਦੀ ਸ਼ਾਸਤਰੀ ਸੰਗੀਤ ਦੀ ਸਿਖਲਾਈ ਦੁਆਉਣ ਦਾ ਫ਼ੈਸਲਾ ਕੀਤਾ। ਲਾਹੌਰ ’ਚ ਉਸ ਵੇਲੇ ਸੰਗੀਤ ਦੇ ਦੋ ਮਾਹਰ ਉਸਤਾਦ ਸਨ ਬੜੇ ਗ਼ੁਲਾਮ ਅਲੀ ਤੇ ਛੋਟੇ ਗ਼ੁਲਾਮ ਅਲੀ, ਜਿਨ੍ਹਾਂ ਤੋਂ ਮੁਹੰਮਦ ਰਫ਼ੀ ਸਾਹਿਬ ਨੇ ਥੋੜ੍ਹੇ ਸਮੇਂ ਲਈ ਸ਼ਾਸਤਰੀ ਸੰਗੀਤ ਦੀ ਬੁਨਿਆਦੀ ਸਿਖਲਾਈ ਲਈ। ਉਨ੍ਹਾਂ ਬਰਕਤ ਅਲੀ ਖ਼ਾਨ ਅਤੇ ਅਬਦੁਲ ਵਹੀਦ ਖ਼ਾਨ ਤੋਂ ਵੀ ਤਾਲੀਮ ਹਾਸਲ ਕੀਤੀ।

ਸੰਗੀਤ ਦੀਆਂ ਮਹਿਫ਼ਲਾਂ ’ਚ ਜਾਣਾ ਸ਼ੁਰੂ ਕੀਤਾ

ਲਾਹੌਰ ਰਹਿੰਦਿਆਂ ਮੁਹੰਮਦ ਰਫ਼ੀ ਆਪਣੇ ਵੱਡੇ ਭਰਾ ਮੁਹੰਮਦ ਦੀਨ ਨਾਲ ਨਾਈ ਦਾ ਕੰਮ ਤਾਂ ਕਰਦਾ ਸੀ ਪਰ ਪੂਰੇ ਮਨ ਨਾਲ ਨਹੀਂ। ਰੂਹ ’ਚ ਤਾਂ ਸੰਗੀਤ ਤੇ ਗਾਇਕੀ ਵਸ ਚੁੱਕੀ ਸੀ। ਮੁਹੰਮਦ ਦੀਨ ਨੂੰ ਆਪਣੇ ਭਰਾ ਦੇ ਵਿਲੱਖਣ ਫ਼ਨ ਦਾ ਇਲਮ ਹੋ ਚੁੱਕਾ ਸੀ। ਉਸ ਨੇ ਆਪਣੇ ਪਿਤਾ ਤੋਂ ਚੋਰੀ-ਛੁਪੀ ਸੰਗੀਤ ਦੀਆਂ ਮਹਿਫ਼ਲਾਂ ’ਚ ਲਿਜਾਣਾ ਸ਼ੁਰੂ ਕਰ ਦਿੱਤਾ। ਗਾਇਕੀ ਦੇ ਚਰਚੇ ਹੋਣ ਲੱਗੇ। ਇੱਕ ਦਿਨ ਅਜਿਹੀ ਘਟਨਾ ਵਾਪਰੀ ਜਿਸ ਨੇ ਰਫ਼ੀ ਸਾਹਿਬ ਦੀ ਸਫਲਤਾ ਦਾ ਪਹਿਲਾ ਦੁਆਰ ਖੋਲ੍ਹ ਦਿੱਤਾ। ਰੇਡੀਓ ਲਾਹੌਰ ਦੇ ਸੰਗੀਤ ਵਿਭਾਗ ਦੇ ਪ੍ਰੋਗਰਾਮ ਅਧਿਕਾਰੀ ਜੀਵਨ ਲਾਲ ਮੱਟੂ ਆਪਣੇ ਧਿਆਨੇ ਨੂਰ ਮੁਹੱਲੇ ’ਚੋਂ ਗੁਜ਼ਰ ਰਹੇ ਸਨ ਤਾਂ ਸੁਰੀਲੀ ਆਵਾਜ਼ ਸੁਣ ਕੇ ਉਨ੍ਹਾਂ ਦੇ ਕਦਮ ਰੁਕ ਗਏ। ਇਹ ਆਵਾਜ਼ ਨਾਈ ਦੀ ਦੁਕਾਨ ’ਚੋਂ ਗਾਇਕੀ ਦੇ ਸ਼ੈਦਾਈ ਨੌਜਵਾਨ ਮੁਹੰਮਦ ਰਫ਼ੀ ਦੀ ਸੀ। ਉਹ ਇਕ ਗਾਹਕ ਦੀ ਸ਼ੇਵ ਕਰਦਿਆਂ ਗੁਣਗੁਣਾ ਰਿਹਾ ਸੀ। ਜੀਵਨ ਲਾਲ ਮੱਟੂ ਦੁਕਾਨ ’ਚ ਦਾਖ਼ਲ ਹੋਇਆ ਤੇ ਸਧਾਰਨ ਜਿਹੇ ਨੌਜਵਾਨ ਦੀ ਅਸਧਾਰਨ ਆਵਾਜ਼ ਦੇ ਕਾਇਲ ਹੋ ਗਏ। ਜਦੋਂ ਪ੍ਰੋਗਰਾਮ ਅਧਿਕਾਰੀ ਨੇ ਰੇਡੀਓ ’ਤੇ ਗਾਉਣ ਦੀ ਇੱਛਾ ਬਾਰੇ ਪੁੱਛਿਆ ਤਾਂ ਮੁਹੰਮਦ ਰਫ਼ੀ ਨੇ ‘ਹਾਂ’ ਕਹਿਣ ਤੋਂ ਅਸਮਾਨ ਵੱਲ ਵੇਖ ਕੇ ਅੱਖਾਂ ਮੀਟੀਆਂ ਤੇ ਉਸ ਪਰਵਰਦਿਗਾਰ ਦਾ ਧੰਨਵਾਦ ਕੀਤਾ।

ਬੰਬਈ ਜਾਣ ਦਾ ਫ਼ੈਸਲਾ

ਦੀਨ, ਹਮੀਦ ਦੀ ਇਸ ਰਾਏ ਨਾਲ ਸਹਿਮਤ ਸੀ ਕਿ ਲਾਹੌਰ ’ਚ ਰਫ਼ੀ ਸਾਹਿਬ ਦਾ ਭਵਿੱਖ ਸੀਮਤ ਹੈ, ਇਸ ਲਈ ਉਨ੍ਹਾਂ ਨੂੰ ਬੰਬਈ ਭੇਜਣਾ ਹੀ ਵਧੀਆ ਰਹੇਗਾ ਪਰ ਜਦੋਂ ਇਸ ਗੱਲ ਦਾ ਪਿਤਾ ਹਾਜੀ ਅਲੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਨਾਰਾਜ਼ ਹੋਏ ਪਰ ਆਖ਼ਰਕਾਰ ਦੀਨ ਅਤੇ ਹਮੀਦ ਦੀਆਂ ਦਲੀਲਾਂ ਅੱਗੇ ਨਰਮ ਪੈ ਗਏ। ਦੀਨ ਨੇ ਹਮੀਦ ਨੂੰ ਰਫ਼ੀ ਸਾਹਿਬ ਨਾਲ ਬੰਬਈ ਜਾਣ ਲਈ ਬੇਨਤੀ ਕੀਤੀ, ਜਿਸ ਨੂੰ ਉਸ ਨੇ ਪਰਵਾਨ ਕਰ ਲਿਆ। ਦੀਨ ਨੇ ਨਮ ਅੱਖਾਂ ਨਾਲ ਮੁਹੰਮਦ ਰਫ਼ੀ ਨੂੰ ਕਿਹਾ, ‘ਨਾਂ ਕਮਾਉਣ ਤੋਂ ਬਿਨਾਂ ਵਾਪਸ ਨਹੀਂ ਆਉਣਾ।’ ਦੱਸਿਆ ਜਾਂਦਾ ਹੈ ਕਿ ਬੰਬਈ ਲਈ ਫਰੰਟੀਅਰ ਮੇਲ ’ਚ ਰਵਾਨਾ ਹੋਣ ਤੋਂ ਪਹਿਲਾਂ ਰਫ਼ੀ ਸਾਹਿਬ ਨੇ ਸਿਰਹਾਣੇ ਦੇ ਕਵਰ ’ਚ ਨਾਲ ਲਿਜਾਣ ਲਈ ਛੋਲੇ ਭਰ ਲਏ ਸਨ। ਸਟੇਸ਼ਨ ’ਤੇ ਅਲਵਿਦਾ ਕਹਿਣ ਲਈ ਦੀਨ ਤੇ ਸਦੀਕ ਤੋਂ ਇਲਾਵਾ ਉਨ੍ਹਾਂ ਦੇ ਮਿੱਤਰ ਹਾਜ਼ਰ ਸਨ। ਮੁਹੰਮਦ ਰਫ਼ੀ ਤੇ ਹਮੀਦ ਜਦੋਂ ਸੁਪਨ ਨਗਰੀ ਬੰਬਈ ਪਹੁੰਚੇ ਤਾਂ ਸਭ ਤੋਂ ਵੱਡੀ ਰਿਹਾਇਸ਼ ਦੀ ਸਮੱਸਿਆ ਸੀ। ਜ਼ਿਆਦਾ ਕਿਰਾਇਆ ਦੇ ਨਹੀਂ ਸੀ ਸਕਦੇ, ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਭਿੰਡੀ ਬਾਜ਼ਾਰ ਦੀ ਸੌ ਸਾਲ ਪੁਰਾਣੀ ਇਮਾਰਤ ‘ਅਲਕਾ ਮੈਨਸ਼ਨ’ ਦੀ ਦੂਜੀ ਮੰਜ਼ਲ ’ਤੇ ਛੋਟੇ ਜਿਹੇ ਕਮਰੇ ’ਚ ਰਹਿਣ ਦਾ ਸਬੱਬ ਬਣ ਗਿਆ। ਇੱਥੋਂ ਨਵਾਬ ਮਸਜਿਦ ਵੀ ਨਜ਼ਦੀਕ ਸੀ ਜਿੱਥੇ ਜਾ ਕੇ ਰਫ਼ੀ ਸਾਹਿਬ ਨਮਾਜ਼ ਪੜ੍ਹਦੇ ਰਹੇ। ਹਰ ਇਕ ਨੂੰ ਮੁਸਕਰਾਉਂਦੇ ਚਿਹਰੇ ਨਾਲ ‘ਆਦਾਬ’ ਜ਼ਰੂਰ ਕਹਿੰਦੇ।

ਕਈ ਸੰਗੀਤਕਾਰਾਂ ਨਾਲ ਕੀਤਾ ਕੰਮ

ਮੁਹੰਮਦ ਰਫ਼ੀ ਨੇ ਆਪਣੀ ਆਵਾਜ਼ ਤੇ ਅੰਦਾਜ਼ ਸਦਕਾ ਸੰਗੀਤ ਨਿਰਦੇਸ਼ਕਾਂ ਨੌਸ਼ਾਦ, ਐੱਸਡੀ ਬਰਮਨ, ਖਯਾਮ, ਓਪੀ ਨਈਅਰ, ਮਦਨ ਮੋਹਨ, ਚਿਤਰ ਗੁਪਤ, ਅਨਿਲ ਬਿਸਵਾਸ, ਰਵੀ, ਲਕਸ਼ਮੀ ਕਾਂਤ-ਪਿਆਰੇ ਲਾਲ ਤੇ ਆਰਡੀ ਬਰਮਨ ਸਮੇਤ ਕਈ ਸੰਗੀਤਕਾਰਾਂ ਤੇ ਗੀਤਕਾਰਾਂ ਡੀਐੱਨ ਮਦਹੋਕ, ਰਾਜਾ ਮੇਹਦੀ ਅਲੀ ਖ਼ਾਨ, ਕੈਫ਼ੀ ਆਜ਼ਮੀ, ਰਾਜਿੰਦਰ ਿਸ਼ਨ, ਹਸਰਤ ਜੈਪੁਰੀ, ਕਮਰ ਜਲਾਲਾਬਾਦੀ, ਜੀਐੱਸ ਨੇਪਾਲੀ, ਆਨੰਦ ਬਖ਼ਸ਼ੀ, ਸਾਹਿਰ ਲੁਧਿਆਣਵੀ, ਜਾਂਨਿਸਾਰ ਅਖ਼ਤਰ ਤੇ ਹੋਰਨਾਂ ਦੀਆਂ ਰਚਨਾਵਾਂ ਨੂੰ ਅਮਰ ਕੀਤਾ। ਸੰਗੀਤਕਾਰ ਚਿਤਰ ਗੁਪਤ ਨੇ ਆਪਣਂੀ ਨਿੱਜੀ ਡਾਇਰੀ ’ਚ ਰਫ਼ੀ ਸਾਹਿਬ ਬਾਰੇ ਲਿਖਿਆ ਹੈ, ‘ਰਫ਼ੀ ਸਾਹਿਬ ਦੀ ਆਵਾਜ਼ ਅਸਮਾਨ ’ਚ ਆਜ਼ਾਦ ਉੱਡਦੇ ਪੰਛੀ ਦੀ ਨਿਆਈਂ ਸੀ, ਜਿਸ ਦਾ ਕੋਈ ਹੱਦ-ਬੰਨ੍ਹਾ ਨਹੀਂ ਸੀ। ਉਹ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਹਮੇਸ਼ਾ ਗਾਇਕੀ ’ਚ ਆਪਣੀ ਆਤਮਾ ਰੱਖੀ।’

ਪ੍ਰਪੱਕ ਹੋਣ ਦੀ ਚਾਹਤ

ਰਫ਼ੀ ਸਾਹਿਬ ਨੇ ਬਹੁਤ ਸਾਰੇ ਸੰਗੀਤਕਾਰਾਂ ਨਾਲ ਕੰਮ ਕੀਤਾ, ਕਈ ਗੀਤਕਾਰਾਂ ਦੇ ਗੀਤ ਗਾਏ ਪਰ ਜੋ ਕਮਾਲ ਦੀ ਸਫਲਤਾ ਨੌਸ਼ਾਦ, ਸ਼ਕੀਲ ਬਦਾਯੂੰਨੀ ਤੇ ਰਫ਼ੀ ਸਾਹਿਬ ਦੀ ਤਿੱਕੜੀ ਨੇ ਹਾਸਲ ਕੀਤੀ, ਉਹ ਬੇਮਿਸਾਲ ਹੈ। ਇਸ ਤਿੱਕੜੀ ਨੇ ‘ਦੀਦਾਰ’, ‘ਆਨ’ ਤੇ ‘ਬੈਜੂ ਬਾਵਰਾ’ ’ਚ ਅਜਿਹੇ ਗੀਤ ਦਿੱਤੇ ਕਿ ਫਿਲਮ ਇੰਡਸਟਰੀ ਹੈਰਾਨ ਰਹਿ ਗਈ ਖ਼ਾਸ ਕਰਕੇ ‘ਬੈਜੂ ਬਾਵਰਾ’ ਦੇ ਗੀਤ ‘ਓ ਦੁਨੀਆ ਕੇ ਰਖਵਾਲੇ’ ਨੇ ਤਰਥੱਲੀ ਮਚਾ ਦਿੱਤੀ। ਇਸ ਗੀਤ ਬਾਰੇ ਯਾਦ ਸਾਂਝੀ ਕਰਦਿਆਂ ਨੌਸ਼ਾਦ ਦੇ ਪੁੱਤਰ ਰਹਿਮਾਨ ਨੌਸ਼ਾਦ ਨੇ ਲੇਖਕਾ ਸੁਜਾਤਾ ਦੇਵ ਨੂੰ ਦੱਸਿਆ, ‘ਰਿਕਾਰਡਿੰਗ ਮਗਰੋੋਂ ਅੱਬਾ ਬਹੁਤ ਖ਼ੁਸ਼ ਸਨ, ਉਨ੍ਹਾਂ ਰਫ਼ੀ ਸਾਹਿਬ ਦੀ ਬਹੁਤ ਪ੍ਰਸ਼ੰਸਾ ਕੀਤੀ।

ਅਗਲੀ ਸਵੇਰ ਰਫ਼ੀ ਸਾਹਿਬ ਘਰ ਆਏ ਤੇ ਕਹਿਣ ਲੱਗੇ ਕਿ ਉਨ੍ਹਾਂ ਗੀਤ ਨਾਲ ਨਿਆਂ ਨਹੀਂ ਕੀਤਾ, ਇਸ ਲਈ ਇਹ ਗੀਤ ਉਹ ਦੁਬਾਰਾ ਗਾਉਣਾ ਚਾਹੁੰਦੇ ਹਨ। ਨੌਸ਼ਾਦ ਸਾਹਿਬ ਨੇ ਕਿਹਾ ਕਿ ਗਾਏ ਗੀਤ ’ਚ ਕੋਈ ਕਮੀ ਨਹੀਂ, ਇਸ ਲਈ ਦੁਬਾਰਾ ਰਿਕਾਰਡਿੰਗ ਦਾ ਸਵਾਲ ਹੀ ਨਹੀਂ। ਜਦੋਂ ਰਫ਼ੀ ਸਾਹਿਬ ਨਾ ਮੰਨੇ ਤਾਂ ਉਨ੍ਹਾਂ ਕੁਝ ਸਖ਼ਤੀ ਨਾਲ ਕਿਹਾ, ‘ਮੈਂ ਸੰਗੀਤ ਨਿਰਦੇਸ਼ਕ ਹਾਂ ਤੇ ਮੈਨੂੰ ਪਤਾ ਹੈ ਕਿ ਤੁਸੀਂ ਇਹ ਗੀਤ ਗਾਉਣ ’ਚ ਕਮਾਲ ਕੀਤੀ ਹੈ।’ ਅਜਿਹੀ ਸੀ ਰਫ਼ੀ ਸਾਹਿਬ ਦੀ ਪ੍ਰਪੱਕਤਾ ਦੀ ਚਾਹਤ। ਨੌਸ਼ਾਦ ਦੇ ਦਿਲ ’ਚ ਉਨ੍ਹਾਂ ਪ੍ਰਤੀ ਬਹੁਤ ਸਤਿਕਾਰ ਸੀ। ਉਨ੍ਹਾਂ ਇਸ ਮਹਾਨ ਗਾਇਕ ਦੀ ਕਲਾ ਤੋਂ ਖ਼ੁਸ਼ ਹੋ ਕੇ ਬਹੁਤ ਸ਼ਿਅਰ ਵੀ ਲਿਖੇ। ਉਨ੍ਹਾਂ ਆਪਣੇ ਜਜ਼ਬਾਤ ਪ੍ਰਗਟ ਕਰਦਿਆਂ ਕਿਹਾ ਸੀ :

ਅਮੀਰੋਂ ਕੇ ਮਹਿਲੋਂ ਮੇਂ

ਗੂੰਜਤੇ ਹੈਂ ਤੇਰੇ ਨਗ਼ਮੇਂ,

ਗ਼ਰੀਬ ਕੇ ਝੋਂਪੜੋਂ ਮੇਂ

ਭੀ ਤੇਰੀ ਆਵਾਜ਼ ਹੈ।

ਸਭ ਕੋ ਅਪਨੀ ਮੌਸੀਕੀ ਪੇ

ਫ਼ਖ਼ਰ ਹੋਤਾ ਹੈ ਮਗਰ

ਮੇਰੇ ਸਾਥੀ ਆਜ ਮੌਸੀਕੀ ਕੋ

ਤੁਝ ਪੇ ਨਾਜ਼ ਹੈ।

ਦੁਖੀ ਥੇ ਲਾਖ ਫਿਰ ਭੀ ਮੁਤਮਈਨ

ਥੇ ਦਰਦ ਕੇ ਮਾਰੇ,

ਤੇਰੀ ਆਵਾਜ਼ ਕੀ ਸ਼ਬਨਮ ਸੇ ਧੁਲ ਜਾਤੇ ਥੇ ਗ਼ਮ ਸਾਰੇ।

ਤੇਰੀ ਤਾਨੋਂ ਮੇਂ ਹੁਸਨ- ਏ-ਜ਼ਿੰਦਗੀ ਲੇਤਾ ਥਾ ਅੰਗੜਾਈ,

ਤੁਝੇ ਅੱਲ੍ਹਾ ਨੇ ਬਖ਼ਸ਼ਾ ਥਾ

ਅੰਦਾਜ਼-ਏ-ਮਸੀਹਾਈ।

ਤੂ ਹੀ ਥਾ ਪਿਆਰ ਕਾ ਇਕ ਸਾਜ਼, ਇਸ ਨਫ਼ਰਤ ਕੀ ਦੁਨੀਆ ਮੇਂ,

ਗ਼ਨੀਮਤ ਥੀ ਤੇਰੀ ਆਵਾਜ਼, ਇਸ ਨਫ਼ਰਤ ਕੀ ਦੁਨੀਆ ਮੇਂ।

ਸਮੁੰਦਰ ਕਿਨਾਰੇ ਕਰਦੇ ਸਨ ਰਿਆਜ਼

ਰਫ਼ੀ ਸਾਹਿਬ ਖ਼ੁਦਾ ਦਾ ਖ਼ੌਫ਼ ਖਾਣ ਵਾਲੇ ਸਨ ਅਤੇ ਨਾ ਹੀ ਕਦੇ ਕਿਸੇ ਨੂੰ ਕੋੋਈ ਤਕਲੀਫ਼ ਦੇਣਾ ਚਾਹੁੰਦੇ ਸਨ। ਉਹ ਸਵੇਰੇ ਰਿਆਜ਼ ਵੀ ਮੈਰੀਨ ਡ੍ਰਾਈਵ ’ਤੇ ਸਮੁੰਦਰ ਕਿਨਾਰੇ ਕਰਨ ਜਾਂਦੇ ਸਨ ਤਾਂ ਕਿ ਉਨ੍ਹਾਂ ਦੇ ਗੁਆਂਢੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੱਸਿਆ ਜਾਂਦਾ ਹੈ ਕਿ ਇਕ ਸਵੇਰ ਗਾਇਕਾ-ਅਦਾਕਾਰਾ ਸੁਰਈਆ ਸਵੇਰ ਦੀ ਸੈਰ ’ਤੇ ਨਿਕਲੀ ਹੋਈ ਸੀ। ਉਸ ਨੇ ਵੇਖਿਆ ਕਿ ਬਹੁਤ ਸੁਰੀਲੀ ਆਵਾਜ਼ ਵਾਲਾ ਮੁੰਡਾ ਗਾ ਰਿਹਾ ਹੈ। ਉਹ ਮੁਤਾਸਰ ਹੋਈ ਰਫ਼ੀ ਸਾਹਿਬ ਦੇ ਕਰੀਬ ਆਈ ਤੇ ਪੁੱਛਿਆ ਕਿ ਸਮੁੰਦਰ ਕਿਨਾਰੇ ਰਿਆਜ਼ ਕਿਉਂ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਗੁਆਂਢੀਆਂ ਦੀ ਪਰੇਸ਼ਾਨੀ ਦਾ ਹਵਾਲਾ ਦਿੱਤਾ। ਸੰਗੀਤ ਪ੍ਰਤੀ ਰਫ਼ੀ ਸਾਹਿਬ ਦੀ ਸੰਜੀਦਗੀ ਦੇਖਦਿਆਂ ਸੁਰਈਆ ਨੇ ਉਨ੍ਹਾਂ ਨੂੰ ਮੈਰੀਨ ਲਾਈਨਜ਼ ਵਿਖੇ ਆਪਣੀ ਰਿਹਾਇਸ਼ ’ਤੇ ਰਿਆਜ਼ ਕਰਨ ਦੀ ਪੇਸ਼ਕਸ਼ ਕਰ ਦਿੱਤੀ।

ਖ਼ਾਨ ਸਾਹਿਬ ਹੋਏ ਗਾਇਕੀ ਦੇ ਕਾਇਲ

ਹਮੀਦ ਲਗਾਤਾਰ ਇਸ ਕੋਸ਼ਿਸ਼ ’ਚ ਸੀ ਕਿ ਰਫ਼ੀ ਸਾਹਿਬ ਨੂੰ ਜਲਦੀ ਕੰਮ ਮਿਲੇ ਤਾਂ ਕਿ ਗਾਇਕੀ ’ਚ ਨਾਂ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਹੋ ਸਕੇ। ਹਮੀਦ ਨੂੰ ਇਲਾਕੇ ਦੇ ਇਕ ਦੁਕਾਨਦਾਰ ਤੋਂ ਪਤਾ ਲੱਗਾ ਕਿ ਇਕ ਸਰਦਾਰ ਜੀ ਮਹਿਫ਼ਲ ਕਰਵਾ ਰਹੇ ਹਨ। ਉਸ ਦੁਕਾਨਦਾਰ ਨੇ ਮਹਿਫ਼ਲ ਦਾ ਸਥਾਨ ਵੀ ਦੱਸ ਦਿੱਤਾ। ਬਸ, ਫੇਰ ਹਮੀਦ, ਰਫ਼ੀ ਸਾਹਿਬ ਨੂੰ ਨਾਲ ਲੈ ਮਹਿਫ਼ਲ ’ਚ ਪਹੁੰਚ ਗਏ। ਉਨ੍ਹਾਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਜਦੋਂ ਪਤਾ ਲੱਗਾ ਕਿ ਉਸ ਵੇਲੇ ਦੇ ਮਸ਼ਹੂਰ ਗਾਇਕ ਕੇਐੱਲ ਸਹਿਗਲ ਤੇ ਇਕ ਹੋਰ ਪ੍ਰਸਿੱਧ ਗਾਇਕ ਖ਼ਾਨ ਸਾਹਿਬ ਇਸ ਮਹਿਫ਼ਲ ’ਚ ਗਾ ਰਹੇ ਸਨ। ਦੋਵੇਂ ਮਹਿਫ਼ਲ ’ਚ ਪਹੁੰਚੇ ਤਾਂ ਖ਼ਾਨ ਸਾਹਿਬ ਨੇ ਅਜੇ ਗਾਉਣਾ ਸ਼ੁਰੂ ਹੀ ਕੀਤਾ ਸੀ। ਉਨ੍ਹਾਂ ਕੁਝ ਗ਼ਜ਼ਲਾਂ ਗਾਈਆਂ। ਸਰੋਤਿਆਂ ਨੇ ਬਹੁਤ ਪਸੰਦ ਕੀਤੀਆਂ। ਇਸ ਮਗਰੋਂ ਜਿਉਂ ਹੀ ਉਨ੍ਹਾਂ ਨੇ ਆਪਣਾ ਇਕ ਗੀਤ ਮੁਕੰਮਲ ਕੀਤਾ ਤਾਂ ਹਮੀਦ ਉੱਠਿਆ ਤੇ ‘ਸਰਦਾਰ ਜੀ’ ਨਾਲ ਗੱਲ ਕਰਦਿਆਂ ਰਫ਼ੀ ਸਾਹਿਬ ਨੂੰ ਗਾਉਣ ਦਾ ਮੌਕਾ ਦੇਣ ਦੀ ਅਰਜ਼ੋਈ ਕੀਤੀ। ਸਰਦਾਰ ਜੀ ਮੰਨ ਗਏ ਪਰ ਖ਼ਾਨ ਸਾਹਿਬ ਦੀ ਪ੍ਰਵਾਨਗੀ ਜ਼ਰੂਰੀ ਸੀ। ਪਹਿਲਾਂ ਤਾਂ ਖ਼ਾਨ ਸਾਹਿਬ ਨੇ ਕੁਝ ਦੇਰ ਰਫ਼ੀ ਸਾਹਿਬ ਨੂੰ ਨਿਹਾਰਿਆ ਤੇ ਸੋਚਣ ਲੱਗੇ ਕਿ ਇਹ ਮੁੱਛ ਫੁੱਟ ਮੁੰਡਾ ਕੀ ਗਾਏਗਾ। ਖ਼ੈਰ ਉਨ੍ਹਾਂ ਨੇ ਇਕ ਗੀਤ ਦੀ ਪ੍ਰਵਾਨਗੀ ਦੇ ਦਿੱਤੀ। ਹਮੀਦ ਨੇ ਜਦੋਂ ਐਲਾਨ ਕੀਤਾ ਕਿ ਉਨ੍ਹਾਂ ਦਾ ਛੋਟਾ ਭਰਾ ਹੁਣ ਇਕ ਗੀਤ ਪੇਸ਼ ਕਰੇਗਾ। ਰਫ਼ੀ ਸਾਹਿਬ ਮੰਚ ’ਤੇ ਆਏ ਅਤੇ ਤਬਲਾਵਾਦਕ ਨੂੰ ‘ਝਪਤਾਲ’ ਵਜਾਉਣ ਲਈ ਕਿਹਾ ਪਰ ਉਹ ਨਾ ਵਜਾ ਸਕਿਆ।

ਨਰਮ ਤੇ ਸ਼ਾਂਤ ਸੁਭਾਅ ਵਾਲੇ ਰਫ਼ੀ ਸਾਹਿਬ ਨੇ ਬੜੇ ਪ੍ਰੇਮ ਨਾਲ ਉਸ ਨੂੰ ‘ਰਾਗ ਦਰਬਾਰੀ’ ਵਜਾਉਣ ਲਈ ਕਿਹਾ ਅਤੇ ਸ਼ਾਸਤਰੀ ਸੰਗੀਤ ’ਤੇ ਆਧਾਰਤ ਐਸਾ ਗੀਤ ਗਾਇਆ ਕਿ ਖ਼ਾਨ ਸਾਹਿਬ ਸਮੇਤ ਤਮਾਮ ਸਰੋਤੇ ਹੈਰਾਨ ਰਹਿ ਗਏ। ਬਹੁਤ ਪ੍ਰਸ਼ੰਸਾ ਮਿਲੀ। ਇਕ ਸਰੋਤੇ ਨੇ ਰਫ਼ੀ ਸਾਹਿਬ ਨੂੰ ਦਸ ਰੁਪਏ (ਜੋ ਉਸ ਵੇਲੇ ਇਕ ਵੱਡੀ ਰਕਮ ਸੀ) ਦਿੱਤੇ। ਹੋਰ ਵੀ ਬਹੁਤ ਰੁਪਏ ਇਕੱਠੇ ਹੋ ਗਏ। ਖ਼ਾਨ ਸਾਹਿਬ ਨੇ ਇਹ ਰਕਮ ਰਫ਼ੀ ਸਾਹਿਬ ਨੂੰ ਦੇਣੀ ਚਾਹੀ, ਜ਼ੋਰ ਵੀ ਪਾਇਆ ਪਰ ਹਮੀਦ ਤੇ ਰਫ਼ੀ ਸਾਹਿਬ ਨੇ ਪੈਸੇ ਲੈਣ ਤੋਂ ਇਨਕਾਰ ਕਰਦਿਆਂ ਕਿਹਾ, ‘ਖ਼ਾਨ ਸਾਹਿਬ, ਇਹ ਮਹਿਫ਼ਲ ਤੁਹਾਡੀ ਸੀ, ਤੁਸੀਂ ਇਸ ’ਚ ਗਾਉਣ ਦਾ ਮੌਕਾ ਦਿੱਤਾ, ਇਹੋ ਹੀ ਬਹੁਤ ਵੱਡੀ ਗੱਲ ਹੈ।’ ਉਨ੍ਹਾਂ ਧੰਨਵਾਦ ਕੀਤਾ ਤੇ ਚਲੇ ਗਏ ਪਰ ਖ਼ਾਨ ਸਾਹਿਬ ਅਜੇ ਵੀ ਚਾਹੁੰਦੇ ਸਨ ਕਿ ਕੁਝ ਰਕਮ ਮਹਾਨ ਗਾਇਕ ਨੂੰ ਦਿੱਤੀ ਜਾਵੇ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਬੇਚੈਨੀ ਇਸ ਕਦਰ ਵਧੀ ਕਿ ਉਹ ਅਗਲੀ ਹੀ ਸਵੇਰ ਭਿੰਡੀ ਬਾਜ਼ਾਰ ਸਥਿਤ ਰਫ਼ੀ ਸਾਹਿਬ ਦੀ ਰਿਹਾਇਸ਼ ’ਤੇ ਪਹੁੰਚ ਗਏ। ਰਕਮ ਉਨ੍ਹਾਂ ਨੂੰ ਦੇਣੀ ਚਾਹੀ ਪਰ ਉਨ੍ਹਾਂ ਤੇ ਹਮੀਦ ਨੇ ਰਕਮ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੈਸੇ ਨਾਲ ਉਨ੍ਹਾਂ ਦਾ ਮੋਹ ਨਹੀਂ ਸੀ, ਉਹ ਤਾਂ ਗਾਇਕੀ ’ਚ ਇਕ ਵਿਲੱਖਣ ਨਾਂ ਕਮਾਉਣ ਲਈ ਲਾਹੌਰ ਤੋਂ ਬੰਬਈ ਆਏ ਸਨ। ਰਫ਼ੀ ਸਾਹਿਬ ਤੇ ਹਮੀਦ ਮਹਿਫ਼ਲ ’ਚ ਮਿਲੇ ਮੌਕੇ ਦੀ ਗੱਲ ਕਰ ਹੀ ਰਹੇ ਸਨ ਕਿ ਕਿਸੇ ਅਜਨਬੀ ਨੇ ਦਸਤਕ ਦਿੱਤੀ। ਉਸ ਨੇ ਦੱਸਿਆ ਕਿ ਉਸ ਦੇ ਮਾਲਕ ਤੇ ਫਿਲਮ ਨਿਰਮਾਤਾ ਮੁਹੰਮਦ ਰਫ਼ੀ ਨੂੰ ਮਿਲਣਾ ਚਾਹੁੰਦੇ ਹਨ। ਇਹ ਨਿਰਮਾਤਾ ਉਸ ਮਹਿਫ਼ਲ ’ਚ ਹਾਜ਼ਰ ਸੀ, ਜਿਸ ’ਚ ਰਫ਼ੀ ਸਾਹਿਬ ਨੇ ਗੀਤ ਗਾਇਆ ਸੀ। ਦੋਵਾਂ ਨੂੰ ਲੱਗਾ ਕਿ ਗਾਉਣ ਦਾ ਇਕ ਹੋਰ ਮੌਕਾ ਮਿਲ ਰਿਹਾ ਹੈ। ਹਮੀਦ ਤੇ ਰਫ਼ੀ ਸਾਹਿਬ ਇਸ ਵਿਅਕਤੀ ਨਾਂਲ ਨਿਰਮਾਤਾ ਦੇ ਦਾਦਰ ਸਥਿਤ ਸਟੂਡੀਓ ਵੱਲ ਚੱਲ ਪਏ। ਨਿਰਮਾਤਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਰਫ਼ੀ ਸਾਹਿਬ ਨੂੰ ਮਹਿਫ਼ਲ ’ਚ ਪੇਸ਼ ਕੀਤੇ ਗਏ ਗੀਤ ਦੀ ਸ਼ਾਨਦਾਰ ਪੇਸ਼ਕਾਰੀ ਲਈ ਵਧਾਈ ਦਿੱਤੀ ਤੇ ਮਹਿਫ਼ਲ ਵਾਲਾ ਗੀਤ ਇਕ ਵਾਰ ਫਿਰ ਸੁਣਾਉਣ ਦੀ ਤਾਕੀਦ ਕੀਤੀ। ਫਿਲਮ ਨਿਰਮਾਤਾ ਇਕ ਵਾਰ ਫਿਰ ਮੰਤਰਮੁਗਧ ਹੋ ਗਿਆ। ਉਸ ਨੇ ਰਫ਼ੀ ਸਾਹਿਬ ਨੂੰ ਦੋਗਾਣੇ ਦੀ ਪੇਸ਼ਕਸ਼ ਕਰਦਿਆਂ 30 ਰੁਪਏ ਅਦਾ ਕਰਨ ਦਾ ਵਾਅਦਾ ਕੀਤਾ। ਦੋਵਾਂ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਇਹ ਪੈਸੇ ਉਨ੍ਹਾਂ ਲਈ ਵੱਡੀ ਰਕਮ ਸੀ। ਸ਼ੁਰੂ ਦੀ ਸਫ਼ਲਤਾ ਮਗਰੋਂ ਰਫ਼ੀ ਸਾਹਿਬ ਤੇ ਹਮੀਦ ਨੇ ਹੋਰ ਕੰਮ ਦੀ ਤਲਾਸ਼ ਜਾਰੀ ਰੱਖੀ। ਕੰਮ ਨਾ ਮਿਲਣ ’ਤੇ ਕਈ ਵਾਰ ਨਿਰਾਸ਼ਾ ਵੀ ਹੋਈ ਪਰ ਰਫ਼ੀ ਸਾਹਿਬ ਦੇ ਪਰਵਰਦਿਗਾਰ ’ਚ ਵਿਸ਼ਵਾਸ, ਹਮੀਦ ਦੇ ਸਾਥ ਤੇ ਹੱਲਾਸ਼ੇਰੀ ਸਦਕਾ ਉਹ ਡੋਲੇ ਨਹੀਂ। ਸ਼ੁਹਰਤ ਕਮਾਉਣ ਦੀ ਆਪਣੀ ਮੰਜ਼ਿਲ ਵੱਲ ਵਧਦੇ ਗਏ।

ਸੰਸਾਰ ਨੂੰ ਅਲਵਿਦਾ

ਆਖ਼ਰ 31 ਜੁਲਾਈ 1980 ਨੂੰ ਇਹ ਮਹਾਨ ਗਾਇਕ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਬਿਨਾਂ ਸ਼ੱਕ ਕਲਾ ਤੇ ਸੰਗੀਤ ਪ੍ਰੇਮੀਆਂ ਨੂੰ ਮੁਹੰਮਦ ਰਫ਼ੀ ਦੀ ਕਮੀ ਸਦਾ ਮਹਿਸੂਸ ਹੁੰਦੀ ਰਹੇਗੀ। ਸ਼ਾਇਦ ਇਸੇ ਲਈ ਮੁਹੰਮਦ ਰਫ਼ੀ ਨੇ ਆਪਣੇ ਗਾਏ ਗੀਤ ’ਚ ਕਿਹਾ ਸੀ ਕਿ :

‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ,

ਜਬ ਕਭੀ ਭੀ ਸੁਨੋਗੇ ਗੀਤ ਮੇਰੇ,

ਸੰਗ-ਸੰਗ ਤੁਮ ਭੀ ਗੁਣ-ਗੁਣਾਉਗੇ’

ਸਰਕਾਰਾਂ ਨੇ ਕੀਤੀ ਅਣਦੇਖੀ

ਸਮੁੱਚੀ ਦੁਨੀਆ ਲਈ ਰਫ਼ੀ ਸਾਹਿਬ ਸੰਗੀਤ ਤੇ ਗਾਇਕੀ ਦੇ ਬਾਦਸ਼ਾਹ ਹਨ ਪਰ ਮੈਂ ਹਰ ਵਾਰ ਲਿਖਦਾ ਹਾਂ ਕਿ ਸਮੇਂ ਦੀਆਂ ਸਰਕਾਰਾਂ ਨੇ ਰਫ਼ੀ ਸਾਹਿਬ ਦੇ ਮਹਾਨ ਯੋਗਦਾਨ ਨੂੰ ਨਜ਼ਰਅੰਦਾਜ਼ ਹੀ ਕੀਤਾ ਹੈ। ਉਨ੍ਹਾਂ ਦੀ ਯਾਦ ਨੂੰ ਚਿਰਸਥਾਈ ਬਣਾਉਣ ਲਈ ਨਾ

ਕੇਂਦਰ ਤੇ ਨਾ ਹੀ ਪੰਜਾਬ ਸਰਕਾਰ ਨੇ ਹੁਣ ਤੱਕ ਕੋਈ ਪਹਿਲਕਦਮੀ ਕੀਤੀ ਹੈ। ਕੇਂਦਰ ਨੇ ਤਾਂ ਉਨ੍ਹਾਂ ਨੂੰ ਪਤਾ ਨਹੀਂ ‘ਭਾਰਤ ਰਤਨ’ ਪ੍ਰਦਾਨ ਕਰਨਾ ਹੈ ਜਾਂ ਨਹੀਂ ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਇਸ ਮਹਾਨ ਸਪੂਤ ਨੂੰ ‘ਪੰਜਾਬ ਰਤਨ’ ਦੇ ਮਾਣ ਨਾਲ ਸਨਮਾਨੇ ਅਤੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਰਫ਼ੀ ਸਾਹਿਬ ਨੂੰ ਸਮਰਪਿਤ ਸ਼ਾਨਦਾਰ ਯਾਦਗਾਰ ਉਸਾਰੇ। ਇਹ ਮਹਾਨ ਗਾਇਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਅੱਜ ਬੇਸ਼ੱਕ ਰਫ਼ੀ ਸਾਹਿਬ ਜਿਸਮਾਨੀ ਤੌਰ ’ਤੇ ਸਾਡੇ ਵਿਚਕਾਰ ਨਹੀਂ ਪਰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਉਹ ਸਾਡੇ ਅੰਗ-ਸੰਗ ਨਹੀਂ। ਜਦੋਂ ਅਸੀਂ ਉਨ੍ਹਾਂ ਦੇ ਗੀਤ ਸੁਣਦੇ ਹਾਂ ਤਾਂ ਉਨ੍ਹਾਂ ਨੂੰ ਆਪਣੇ ਆਸ-ਪਾਸ ਹੀ ਮਹਿਸੂਸ ਕਰਦੇ ਹਾਂ। ਰਫ਼ੀ ਸਾਹਿਬ ਵੱਲੋਂ ਗਾਏ ਗਏ ਆਖ਼ਰੀ ਗੀਤ ਦੀਆਂ ਸਤਰਾਂ ਨਾਲ ਹੀ ਮੈਂ ਆਪਣੀ ਗੱਲ ਮੁਕੰਮਲ ਕਰਾਂਗਾ :

ਤੇਰੇ ਆਨੇ ਕੀ ਆਸ ਹੈ ਦੋਸਤ,

ਸ਼ਾਮ ਫਿਰ ਕਿਊਂ ਉਦਾਸ ਹੈ ਦੋਸਤ,

ਮਹਿਕੀ ਮਹਿਕੀ ਫ਼ਿਜ਼ਾ ਯੇ ਕਹਿਤੀ ਹੈ,

ਤੂ ਕਹੀਂ ਆਸ-ਪਾਸ ਹੈ ਦੋਸਤ।

ਕੁੰਦਨ ਸਿੰਘ ਨਾਲ ਪਿਆਰ

ਮੁਹੰਮਦ ਰਫ਼ੀ ਪਿਤਾ ਹਾਜੀ ਅਲੀ ਮੁਹੰਮਦ ਤੇ ਮਾਤਾ ਅੱਲ੍ਹਾ ਰੱਖੀ ਦੇ ਅੱਠ ਬੱਚਿਆਂ ’ਚੋਂ ਸੱਤਵੇਂ ਸਥਾਨ ’ਤੇ ਸਨ। ਉਨ੍ਹਾਂ ਦੀਆਂ ਦੋ ਭੈਣਾਂ ਚਿਰਾਗ ਬੀਬੀ ਤੇ ਰੇਸ਼ਮਾ ਬੀਬੀ ਤੋਂ ਇਲਾਵਾ ਪੰਜ ਭਰਾ ਮੁਹੰਮਦ ਸ਼ਫ਼ੀ, ਮੁਹੰਮਦ ਦੀਨ, ਮੁਹੰਮਦ ਇਸਮਾਇਲ, ਮੁਹੰਮਦ ਇਬਰਾਹਿਮ ਤੇ ਮੁਹੰਮਦ ਸਦੀਕ ਸਨ। ਸੱਤਵੀਂ ਔਲਾਦ ਦੀ ਪੈਦਾਇਸ਼ ਦੀ ਖ਼ੁਸ਼ੀ ’ਚ ਪਿਤਾ ਹਾਜੀ ਅਲੀ ਨੇ ਦਾਈ ਨੂੰ ਦੋ ਸੇਰ ਕਣਕ, ਗੁੜ, ਨਵੇਂ ਕੱਪੜੇ ਕੁਝ ਸਿੱਕੇ ਦੇ ਕੇ ਰਵਾਨਾ ਕੀਤਾ। ਸੁਜਾਤਾ ਦੇਵ ਵੱਲੋਂ ਖੋਜ ਅਤੇ ਬਹੁਤ ਮਿਹਨਤ ਨਾਲ ਤਿਆਰ ਕੀਤੀ ਗਈ ਅੰਗਰੇਜ਼ੀ ਦੀ ਕਿਤਾਬ ‘ਮੁਹੰਮਦ ਰਫ਼ੀ : ਗੋਲਡਨ ਵਾਇਸ ਆਫ ਦਿ ਸਿਲਵਰ ਸਕ੍ਰੀਨ’ ’ਚ ਰਫ਼ੀ ਸਾਹਿਬ ਦੀ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ਨੂੰ ਨੁਮਾਇਆ ਤੌਰ ’ਤੇ ਉਜਾਗਰ ਕੀਤਾ ਹੈ, ਜੋ ਅੱਜ ਤੱਕ ਸਾਹਮਣੇ ਨਹੀਂ ਆਏ। ਰਫ਼ੀ ਸਾਹਿਬ ਦੇ ਜਨਮ ਵੇਲੇ ਕੋਟਲਾ ਸੁਲਤਾਨ ਸਿੰਘ ’ਚ 60 ਮੁਸਲਿਮ, 30 ਸਿੱਖ ਤੇ ਤਿੰਨ ਕੁ ਹਿੰਦੂ ਪਰਿਵਾਰ ਰਹਿੰਦੇ ਸਨ, ਜਿਨ੍ਹਾਂ ’ਚ ਬਹੁਤ ਪ੍ਰੇਮ ਪਿਆਰ ਸੀ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਵਿਚਾਲੇ ਵੀ ਬੜਾ ਪਿਆਰ ਸੀ ਤੇ ਇਕੱਠੇ ਖੇਡਦੇ ਸਨ। ਸਾਰੇ ਮੁਹੰਮਦ ਰਫ਼ੀ ਨੂੰ ‘ਫੀਕੋ’ ਦੇ ਨਾਂ ਨਾਲ ਬੁਲਾਉਂਦੇ ਸਨ। ਰਫ਼ੀ ਸਾਹਿਬ ਦੀ ਸਰਦਾਰਾਂ ਦੇ ਦੋ ਮੁੰਡਿਆਂ ਕੁੰਦਨ ਸਿੰਘ ਸਮਰਾ ਤੇ ਬਖ਼ਸ਼ੀਸ਼ ਸਿੰਘ ਸਮਰਾ ਨਾਲ ਚੰਗੀ ਯਾਰੀ ਸੀ। ਕੁੰਦਨ ਸਿੰਘ ਨੂੰ ਤਾਂ ਉਹ ਆਪਣਾ ਛੋਟਾ ਭਰਾ ਮੰਨਦੇ ਸਨ। ਭਾਵੇਂ ਕੁੰਦਨ ਸਿੰਘ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ ਪਰ 11 ਕੁ ਸਾਲ ਪਹਿਲਾਂ ਕੋਟਲਾ ਸੁਲਤਾਨ ਸਿੰਘ ਦੀ ਜ਼ਿਆਰਤ ਕਰਦਿਆਂ ਜਦੋਂ ਮੈਂ ਬਾਪੂ ਕੁੰਦਨ ਸਿੰਘ ਨੂੰ ਮਿਲਿਆ ਸਾਂ ਤਾਂ ਉਨ੍ਹਾਂ ਬੜੀ ਭਾਵੁਕਤਾ ਨਾਲ ਰਫ਼ੀ ਸਾਹਿਬ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਸੀ। ਇਹ ਉਹੀ ਕੁੰਦਨ ਸਿੰਘ ਜੀ ਜਿਸ ਨੇ ਕਿਸੇ ਵੇਲੇ ਰਫ਼ੀ ਸਾਹਿਬ ਦੇ ਪਿਤਾ ਨੂੰ ਕਿਹਾ ਸੀ, ‘ਤੁਸੀਂ ਦੇਖਦੇ ਰਹਿਣਾ ਫੀਕੋ ਇੱਕ ਦਿਨ ਬਹੁਤ ਵੱਡਾ ਗਾਇਕ ਕਲਾਕਾਰ ਬਣੇਗਾ।’ ਬਹੁਤ ਗੱਲਾਂ ਕੀਤੀਆਂ ਬਾਪੂ ਕੁੰਦਨ ਸਿੰਘ ਨੇ। ਉਨ੍ਹਾਂ ਦੱਸਿਆ ਕਿ ਨਾਈਆਂ ਦੇ ਪਰਿਵਾਰ ਦਾ ਲਾਡਲਾ ਸੀ ਮੁਹੰਮਦ ਰਫ਼ੀ। ਥੋੜ੍ਹਾ ਸ਼ਰਮਾਕਲ ਸੀ, ਆਵਾਜ਼ ਦਾ ਧਨੀ ਸੀ। ਰਹੁ (ਗੰਨੇ ਦਾ ਰਸ) ਦਾ ਬੜਾ ਸ਼ੌਕੀਨ ਸੀ। ਉਸ ਦੇ ਪਿਤਾ ਖ਼ੁਸ਼ੀ-ਗ਼ਮੀ ਮੌਕੇ ਖਾਣਾ ਬਹੁਤ ਵਧੀਆ ਬਣਾਉਂਦੇ ਸਨ। ਸਤਰੰਗੇ ਚੌਲ ਬਣਾਉਣ ’ਚ ਖ਼ਾਸ ਮੁਹਾਰਤ ਹਾਸਲ ਸੀ। ਫੀਕੋ ਨੇ ਸਾਡੇ ਘਰ ਆਉਣਾ ਤਾਂ ਸਾਡੇ ਮਾਪਿਆਂ ਨੇ ਜੋ ਸਾਨੂੰ ਖਾਣ ਲਈ ਦੇਣਾ, ਉਹੋ ਕੁਝ ਉਸ ਨੂੰ ਵੀ ਦੇਣਾ। ਸਭ ਉਸ ਨੂੰ ਬਹੁਤ ਪਿਆਰ ਕਰਦੇ ਸਨ। ਬਾਪੂ ਬਹੁਤ ਉਦਾਸ ਹੋ ਗਿਆ ਸੀ। ਆਪਣੀ ਗੱਲ ਜਾਰੀ ਰੱਖਦਿਆਂ ਕਹਿਣ ਲੱਗਾ, ‘ਪਤਾ ਨਹੀਂ ਕਿਸੇ ਦੇ ਸੱਦੇ ’ਤੇ ਜਾਂ ਆਪਣੇ ਆਪ ਹੀ ਫੀਕੋ ਦਾ ਪਰਿਵਾਰ ਭਾਰਤ-ਪਾਕਿ ਵੰਡ ਤੋਂ ਕਈ ਵਰ੍ਹੇ ਪਹਿਲਾਂ ਲਾਹੌਰ (ਪਾਕਿਸਤਾਨ) ਚਲਾ ਗਿਆ। ਯਾਰੀ ਟੁੱਟਦੀ ਵੇਖ ਗਲ ਲੱਗ ਬਹੁਤ ਰੋਏ ਸਾਂ ਪਰ ਜਾਣ ਤੋਂ ਪਹਿਲਾਂ ਫੀਕੋ ਨੇ ਇਕ ਦਰੱਖ਼ਤ ’ਤੇ ਉਰਦੂ ’ਚ ਆਪਣਾ ਨਾਂ ਲਿਖ ਕੇ ਕਿਹਾ ਸੀ ਕਿ ਯਾਰਾ ਜੇ ਵਿਛੋੜੇ ਦਾ ਦਰਦ ਸਤਾਵੇ ਤਾਂ ਇਸ ਦਰੱਖ਼ਤ ਹੇਠ ਆ ਕੇ ਮੇਰਾ ਨਾਂ ਪੜ੍ਹ ਲਿਆ ਕਰੀਂ, ਮੈਂ ਤੇਰੇ ਆਸ-ਪਾਸ ਹੀ ਹੋਵਾਂਗਾ। ਏਨਾ ਕਹਿ ਕੇ ਕੁੰਦਨ ਸਿੰਘ ਹੋਰ ਕੁਝ ਨਾ ਕਹਿ ਸਕਿਆ।

ਰਾਜਿੰਦਰ ਕੁਮਾਰ ਦੀ ਸਫਲਤਾ ’ਚ ਹੱਥ

‘ਜੁਬਲੀ ਹੀਰੋ’ ਰਾਜਿੰਦਰ ਕੁਮਾਰ ਦੀਆਂ ਫਿਲਮਾਂ ਦੀ ਸਫਲਤਾ ਦੀ ਗਾਰੰਟੀ ਰਫ਼ੀ ਸਾਹਿਬ ਦੀ ਆਵਾਜ਼ ਮੰਨੀ ਜਾਂਦੀ ਸੀ। ਖ਼ੁਦ ਰਾਜਿੰਦਰ ਕੁਮਾਰ ਵੀ ਉਨ੍ਹਾਂ ਦਾ ਦੀਵਾਨਾ ਸੀ। ਇਸ ’ਚ ਕੋਈ ਅਤਿਕਥਨੀ ਨਹੀਂ ਕਿ ਰਾਜਿੰਦਰ ਕੁਮਾਰ ਦੇ ਸਟਾਰਡਮ ਦੀ ਠੋਸ ਬੁਨਿਆਦ ਰਫ਼ੀ ਸਾਹਿਬ ਦੀ ਆਵਾਜ਼ ਨੇ ਹੀ ਰੱਖੀ ਸੀ। ਦੱਸਿਆ ਜਾਂਦਾ ਹੈ ਕਿ ਰਾਜਿੰਦਰ ਕੁਮਾਰ ਫਿਲਮ ਨਿਰਮਾਤਾ ਨਾਲ ਕੰਟਰੈਕਟ ਕਰਨ ਸਮੇਂ ਇਹ ਵੀ ਸ਼ਰਤ ਰੱਖਦਾ ਸੀ ਕਿ ਉਸ ’ਤੇ ਫਿਲਮਾਏ ਜਾਣ ਵਾਲੇ ਗੀਤਾਂ ’ਚ ਆਵਾਜ਼ ਰਫ਼ੀ ਸਾਹਿਬ ਦੀ ਹੀ ਹੋਵੇਗੀ। ਉਸ ’ਤੇ ਫਿਲਮਾਏ ਗਏ ਗੀਤ ‘ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ’ (ਸਸੁਰਾਲ), ‘ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ’ (ਸੂਰਜ), ‘ਕਲ ਰਾਤ ਜ਼ਿੰਦਗੀ ਸੇ ਮੁਲਾਕਾਤ ਹੋ ਗਈ’ (ਪਾਲਕੀ), ‘ਮੇਰੇ ਮਹਿਬੂਬ ਤੁਝੇ ਮੇਰੀ ਮੁਹੱਬਤ ਕੀ ਕਸਮ’ ਤੇ ‘ਐ ਹੁਸਨ ਜ਼ਰਾ ਜਾਗ ਤੁਝੇ ਇਸ਼ਕ ਜਗਾਏ’ (ਮੇਰੇ ਮਹਿਬੂਬ), ‘ਯੇ ਮੇਰਾ ਪ੍ਰੇਮ ਪੱਤਰ ਪੜ੍ਹ ਕਰ’ (ਸੰਗਮ), ‘ਕਹਿ ਦੋ ਕੋਈ ਨਾ ਕਰੇ ਯਹਾਂ ਪਿਆਰ’ (ਗੂੰਜ ਉਠੀ ਸ਼ਹਿਨਾਈ) ਤੇ ਕਈ ਹੋਰ ਗੀਤ ਬੇਹੱਦ ਮਕਬੂਲ ਹੋਏ ਤੇ ਇਹ ਫਿਲਮਾਂ ਵੀ ਹਿੱਟ ਰਹੀਆਂ। ਰਫ਼ੀ ਸਾਹਿਬ ਦੀ ਆਵਾਜ਼ ਨੇ ਕਈ ਅਦਾਕਾਰਾਂ ਨੂੰ ਬਹੁਤ ਛੇਤੀ ਸਟਾਰ ਬਣਾ ਦਿੱਤਾ।

ਗੀਤ ਸੁਣ ਆਏ ਪੰਡਿਤ ਨਹਿਰੂ ਦੇ ਹੰਝੂ

ਨੌਸ਼ਾਦ ਦੇ ਸਪੁੱਤਰ ਰਹਿਮਾਨ ਨੋਸ਼ਾਦ ਦਾ ਕਹਿਣਾ ਹੈ ਕਿ ਅੱਬਾ ਕੋਲ ਜਦੋਂ ਕੰਮ ਨਾ ਹੋਣਾ ਤਾਂ ਉਨ੍ਹਾਂ ਰਫ਼ੀ ਸਾਹਿਬ ਨੂੰ ਹੋਰਨਾਂ ਸਟੂਡੀਓਜ਼ ਨਾਲ ਸੰਪਰਕ ਬਣਾਈ ਰੱਖਣ ਦੇ ਨਾਲ-ਨਾਲ ਲਗਾਤਾਰ ਰਿਆਜ਼ ਕਰਦੇ ਰਹਿਣ ਦੀ ਤਾਕੀਦ ਕਰਨੀ।’ 1946 ’ਚ ਉਨ੍ਹਾਂ ਨੂੰ ਉਸ ਵੇਲੇ ਦੇ ਮਕਬੂਲ ਗਾਇਕ ਕੇਐੱਲ ਸਹਿਗਲ ਨਾਲ ਕੋਰਸ ’ਚ ਗਾਉਣ ਦਾ ਮੌਕਾ ਮਿਲਿਆ। ਇਸ ਗੀਤ ’ਚ ‘ਰੂਹੀ, ਰੂਹੀ, ਰੂਹੀ’ ਕਹਿਣਾ ਹੀ ਮਹਾਨ ਗਾਇਕ ਦੇ ਹਿੱਸੇ ਆਇਆ ਪਰ ਇਹ ਗਾ ਕੇ ਉਨ੍ਹਾਂ ਬੜਾ ਮਾਣ ਮਹਿਸੂਸ ਕੀਤਾ। ਰਫ਼ੀ ਸਾਹਿਬ ਦੀ ਗੁੱਡੀ ਹੁਣ ਚੜ੍ਹਨ ਲੱਗ ਪਈ। ਸੰਗੀਤਕਾਰਾਂ ਤੇ ਫਿਲਮ ਨਿਰਮਾਤਾਵਾਂ ’ਚ ਉਨ੍ਹਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਣ ਲੱਗਾ। 1944 ਤੋਂ 1948 ਤੱਕ ਉਨ੍ਹਾਂ ਨੇ 100 ਕੁ ਗੀਤ ਗਾ ਲਏ ਸਨ। ‘ਚਾਂਦਨੀ ਰਾਤ’, ‘ਦਿਲ ਲਗੀ’, ‘ਜਲ ਤਰੰਗ’ ਤੇ ‘ਜ਼ੇਵਰਾਤ’ ’ਚ ਉਨ੍ਹਾਂ ਵੱਲੋਂ ਗਾਏ ਗੀਤਾਂ ਨੇ ਅਮਿੱਟ ਛਾਪ ਛੱਡੀ। 1948 ’ਚ ਜਦੋਂ ਮਹਾਤਮਾ ਗਾਂਧੀ ਦਾ ਕਤਲ ਹੋਇਆ ਤਾਂ ਉਸ ਮਗਰੋਂ ਗੀਤਕਾਰ ਰਾਜਿੰਦਰ ਿਸ਼ਨ ਨੇ ਇਕ ਗੀਤ ਲਿਖਿਆ, ‘ਸੁਨੋ ਸੁਨੋ ਐ ਦੁਨੀਆ ਵਾਲੋ ਬਾਪੂ ਕੀ ਯੇ ਅਮਰ ਕਹਾਨੀ’। ਇਸ ਨੂੰ ਆਵਾਜ਼ ਰਫ਼ੀ ਸਾਹਿਬ ਨੇ ਦਿੱਤੀ ਤੇ ਇਹ ਗੀਤ ਬਹੁਤ ਹਿੱਟ ਹੋਇਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਹ ਗੀਤ ਸੁਣਨ ਲਈ ਉਨ੍ਹਾਂ ਨੂੰ ਆਪਣੀ ਰਿਹਾਇਸ਼ ’ਤੇ ਸੱਦਿਆ। ਗੀਤ ਸੁਣਦਿਆਂ ਜਵਾਹਰ ਲਾਲ ਨਹਿਰੂ ਦੀਆਂ ਅੱਖਾਂ ’ਚ ਹੰਝੂ ਆ ਗਏ। ਉਨ੍ਹਾਂ ਰਫ਼ੀ ਸਾਹਿਬ ਨੂੰ ਆਜ਼ਾਦੀ ਦੀ ਪਹਿਲੀ ਵਰ੍ਹੇਗੰਢ ’ਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ।

ਗਾਇਕੀ ਪ੍ਰਤੀ ਸੰਜੀਦਗੀ ਤੋਂ ਨੌਸ਼ਾਦ ਹੋਏ ਹੈਰਾਨ

ਸੰਗੀਤ ਕੰਪੋਜ਼ਰ ਨੌਸ਼ਾਦ ਅਲੀ ਦਾ ਨਾਂ ਉਨ੍ਹੀਂ ਦਿਨੀਂ ਚੱਲ ਪਿਆ ਸੀ। ਹਮੀਦ ਨੇ ਸੋਚ ਲਿਆ ਸੀ ਕਿ ਰਫ਼ੀ ਸਾਹਿਬ ਨੂੰ ਨੌਸ਼ਾਦ ਨਾਲ ਜ਼ਰੂਰ ਮਿਲਾਉਣਾ ਪਵੇਗਾ। ਉਸ ਨੂੰ ਇਹ ਵੀ ਪਤਾ ਲੱਗਾ ਕਿ ਨੌਸ਼ਾਦ ਦੇ ਪਿਤਾ ਵਾਹਿਦ ਅਲੀ ਲਖਨਊ ਦੀ ਅਦਾਲਤ ’ਚ ਮੁਨਸ਼ੀ ਸਨ। ਹਮੀਦ ਰਫ਼ੀ ਸਾਹਿਬ ਨੂੰ ਨਾਲ ਲੈ ਕੇ ਲਖਨਊ ਵਾਹਿਦ ਅਲੀ ਕੋਲ ਪਹੁੰਚ ਗਿਆ। ਰਫ਼ੀ ਸਾਹਿਬ ਬਾਰੇ ਦੱਸਿਆ ਤੇ ਉਨ੍ਹਾਂ ਤੋਂ ਨੌਸ਼ਾਦ ਦੇ ਨਾਂ ਸਿਫ਼ਾਰਸ਼ੀ ਚਿੱਠੀ ਹਾਸਲ ਕੀਤੀ ਜਿਸ ’ਚ ਲਿਖਿਆ ਸੀ, ‘ਨੌਸ਼ਾਦ ਜੇ ਇਸ ਮੁੰਡੇ ਨੂੰ ਯੋਗ ਸਮਝਦੇ ਹੋ ਤਾਂ ਇਸ ਨੂੰ ਮੌਕਾ ਦੇ ਦੇਣਾ।’ ਇਹ ਪੱਤਰ ਲੈ ਕੇ ਦੋਵੇਂ ਨੌਸ਼ਾਦ ਅਲੀ ਕੋਲ ਕਾਰਦਾਰ ਸਟੂਡੀਓ ਪਹੁੰਚੇ। ਉਨ੍ਹਾਂ ਮੁਹੰਮਦ ਰਫ਼ੀ ਨੂੰ ਸੁਣਿਆ, ਚੰਗਾ ਲੱਗਾ ਤੇ ਇਹ ਕਹਿ ਕੇ ਤੋਰਿਆ ਕਿ ਜਦੋਂ ਕੰਮ ਹੋਇਆ, ਮੈਂ ਤੁਹਾਨੂੰ ਯਾਦ ਕਰਾਂਗਾ। ਕੁਝ ਸਮਾਂ ਬੀਤ ਗਿਆ। ਨੌਸ਼ਾਦ ਨੇ 1944 ’ਚ ਰਫ਼ੀ ਸਾਹਿਬ ਨੂੰ ਉਸ ਵੇਲੇ ਇਕ ਗੀਤ ਦੀ ਰਿਕਾਰਡਿੰਗ ਲਈ ਬੁਲਾਇਆ ਜਦੋਂ ਉਹ ‘ਪਹਿਲੇ ਆਪ’ ਫਿਲਮ ਦਾ ਗੀਤ ‘ਹਿੰਦੁਸਤਾਨ ਕੇ ਹਮ ਹੈਂ, ਹਿੰਦੁਸਤਾਨ ਹਮਾਰਾ’ ਰਿਕਾਰਡ ਕਰਨਾ ਚਾਹੁੰਦੇ ਸਨ। ਇਸ ਕੋਰਸ ਨੁਮਾ ਗੀਤ ’ਚ ਰਫ਼ੀ ਨਾਲ ਦੋ ਹੋਰ ਗਾਇਕ ਸ਼ਾਮ ਸੁੰਦਰ ਤੇ ਅਲਾ-ਉਦ-ਦੀਨ ਵੀ ਸਨ। ਇਸ ਗੀਤ ’ਚ ਗਾਇਕਾਂ ਨੇ ਫ਼ੌਜੀਆਂ ਵਾਂਗ ਮਾਰਚ ਕਰਨਾ ਸੀ ਤੇ ਨੋਸ਼ਾਦ ਉਨ੍ਹਾਂ ਦੇ ਕਦਮਾਂ ਦੀ ਆਵਾਜ਼ ਵੀ ਨਾਲੋ-ਨਾਲ ਰਿਕਾਰਡ ਕਰਨਾ ਚਾਹੁੰਦੇ ਸਨ। ਗੀਤ ਵਧੀਆ ਰਿਕਾਰਡ ਹੋ ਗਿਆ। ਨੌਸ਼ਾਦ ਨੇ ਰਫ਼ੀ ਸਾਹਿਬ ਨੂੰ ਸ਼ਾਬਾਸ਼ੀ ਦਿੱਤੀ ਪਰ ਵੇਖਿਆ ਕਿ ਉਨ੍ਹਾਂ ਦੇ ਇਕ ਪੈਰ ’ਚੋਂ ਖ਼ੂਨ ਨਿਕਲ ਰਿਹਾ ਹੈ। ਪੁੱਛਣ ’ਤੇ ਉਹ ਕਹਿਣ ਲੱਗੇ, ‘ਹਮੀਦ ਭਾਈ ਨੇ ਨਏ ਜੂਤੇ ਲੇ ਕਰ ਦੀਏ ਹੈਂ, ਜੋ ਕੁਛ ਜ਼ਿਆਦਾ ਹੀ ਟਾਈਟ ਹੈਂ।’ ਨੌਸ਼ਾਦ ਨੇ ਕਿਹਾ, ‘ਪਰ ਆਪਨੇ ਕੁਛ ਬੋਲਾ ਨਹੀਂ?’’ ਰਫ਼ੀ ਸਾਹਿਬ ਮੁਸਕਰਾਏ ਤੇ ਕਿਹਾ, ‘ਵੋ ਹਮ ਗਾਨਾ ਜੋ ਗਾ ਰਹੇ ਥੇ।’ ਰਫ਼ੀ ਸਾਹਿਬ ਦੀ ਗਾਇਕੀ ਪ੍ਰਤੀ ਸੰਜੀਦਗੀ ਸਦਕਾ ਮੁਹੰਮਦ ਰਫ਼ੀ ਸਾਹਿਬ ਨੇ ਉਹ ਮੁਕਾਮ ਹਾਸਲ ਕੀਤਾ ਜੋ ਕਿਸੇ ਹੋਰ ਗਾਇਕ ਦੇ ਹਿੱਸੇ ਨਹੀਂ ਆਇਆ। ਇਸੇ ਕਰਕੇ ਅੱਜ ਵੀ ਇਸ ਮਹਾਨ ਕਲਾਕਾਰ ਦੀ ਪੂਜਾ ਹੁੰਦੀ ਹੈ। ਬਹੁਤ ਸਾਰੇ ਪ੍ਰਸ਼ੰਸਕਾਂ ਨੇ ਆਪਣੇ ਘਰਾਂ ’ਚ ‘ਰਫ਼ੀ ਮੰਦਰ’ ਬਣਵਾਏ ਹੋਏ ਹਨ।

ਸੁਪਰ-ਡੁਪਰ ਹਿੱਟ ਰਹੇ ਰਫ਼ੀ ਸਾਹਿਬ ਦੇ ਗੀਤ

ਮੁਹੰਮਦ ਰਫ਼ੀ ਦੇ ਹਿੱਟ ਗੀਤਾਂ ਦੀ ਗਿਣਤੀ ਕਰੀਏ ਤਾਂ ਲੰਬੀ ਸੂਚੀ ਤਿਆਰ ਹੋ ਜਾਵੇਗੀ। ਫਿਰ ਵੀ ਉਨ੍ਹਾਂ ਦੇ ਕੁਝ ਚਰਚਿਤ ਗੀਤਾਂ ਦਾ ਜ਼ਿਕਰ ਕਰਨਾ ਬਣਦਾ ਹੈ। ਰਫ਼ੀ ਦੀ ਆਵਾਜ਼ ’ਚ ਰਿਕਾਰਡ ਹੋਏ ਧਾਰਮਿਕ ਗੀਤ ਤੇ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’, ‘ਨਾਨਕ ਨਾਮ ਜਹਾਜ਼ ਹੈ’, ਆਦਿ ਅੱਜ ਵੀ ਸਰੋਤਿਆਂ ਦੀ ਪਸੰਦ ਹਨ।

ਇਨਸਾਨੀਅਤ ਦੀ ਭਾਵਨਾ

ਰਫ਼ੀ ਸਾਹਿਬ ਸਿਰਫ਼ ਕਮਾਲ ਦੇ ਗਾਇਕ ਹੀ ਨਹੀਂ ਸਗੋਂ ਬਿਹਤਰੀਨ ਇਨਸਾਨ ਵੀ ਸਨ। ਕਿਸੇ ਦੇ ਦੁੱਖ-ਤਕਲੀਫ਼ ’ਚ ਗ਼ਮਜ਼ਦਾ ਹੋ ਜਾਂਦੇ ਸਨ। ਲੋੜਵੰਦਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਅਪਾਰ ਖ਼ੁਸ਼ੀ ਹੁੰਦੀ। ਉਨ੍ਹਾਂ ਕਈ ਨਵੇਂ ਸੰਗੀਤਕਾਰਾਂ ਤੋਂ ਗਾਉਣ ਦਾ ਕੋਈ ਪੈਸਾ ਨਾ ਲਿਆ। ਉਹ ਗਾਉਣ ਦਾ ਮਿਹਨਤਾਨਾ ਕਦੇ ਵੀ ਪਹਿਲਾਂ ਤੈਅ ਨਹੀਂ ਸਨ ਕਰਦੇ। ਗਾਇਕਾ ਊਸ਼ਾ ਤਿਮੋਥੀ, ਜਿਨ੍ਹਾਂ ਨੂੰ ਰਫ਼ੀ ਸਾਹਿਬ ਨੇ ਆਪਣੀ ਧੀ ਦਾ ਦਰਜਾ ਦਿੱਤਾ ਹੋਇਆ ਸੀ, ਨੇ ਮੈਨੂੰ ਦੱਸਿਆ ਕਿ ਰਫ਼ੀ ਸਾਹਿਬ ਕਿਤੇ ਵੀ ਆਪਣੇ ਕੰਸਰਟ ਲਈ ਜਾਂਦੇ ਸਨ ਤਾਂ ਸਾਜ਼ਿੰਦਿਆਂ ਅਤੇ ਬਾਕੀ ਟੀਮ ਦਾ ਬਹੁਤ ਖ਼ਿਆਲ ਰੱਖਦੇ ਸਨ। ਉਨ੍ਹਾਂ ਨੂੰ ਬਰਾਬਰ ਸਹੂਲਤਾਂ ਦੇਣ ਲਈ ਪ੍ਰਬੰਧਕਾਂ ਨੂੰ ਕਹਿੰਦੇ ਸਨ।

ਮੁਹੰਮਦ ਰਫ਼ੀ ਦਾ ਵਿਆਹ ਤੇ ਬੱਚੇ

ਮੁਹੰਮਦ ਰਫ਼ੀ ਦਾ ਪਹਿਲਾ ਵਿਆਹ ਭੂਆ ਦੀ ਧੀ ਬਸ਼ੀਰਾ ਨਾਲ ਹੋਇਆ। ਮੁੰਬਈ ਆ ਕੇ ਉਸ ਨੇ ਪੁਲਿਸ ਅਧਿਕਾਰੀ ਦੀ ਧੀ ਦਿਲਕਸ਼ ਨਾਲ ਦੂਜਾ ਵਿਆਹ ਕਰਵਾਇਆ। ਸਈਦ ਰਫ਼ੀ, ਹਮੀਦ ਰਫ਼ੀ, ਸਾਦਕ ਰਫ਼ੀ, ਸ਼ਾਹਿਦ ਰਫ਼ੀ, ਖਾਲਿਦ ਰਫ਼ੀ, ਯਾਸਮੀਨ ਰਫ਼ੀ, ਪਰਵੀਨ ਰਫ਼ੀ ਉਸ ਦੇ ਬੱਚੇ ਹਨ। ਉਸ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ ਸੀ। ਸਈਦ ਰਫ਼ੀ ਬੰਬਈ ਵਿਚ ਰਹਿੰਦਾ ਹੈ। ਹਮੀਦ ਰਫ਼ੀ ਜਾਪਾਨ ਵਿਚ ਆਪਣਾ ਕਾਰੋਬਾਰ ਕਰਦਾ ਹੈ। ਇਕ ਧੀ ਸਿੰਗਾਪੁਰ, ਦੂਜੀ ਮਲਾਇਆ ਤੇ ਤੀਜੀ ਧੀ ਭਾਰਤ ਵਿਚ ਹੀ ਵਿਆਹੀ ਹੋਈ ਹੈ। ਪਰਿਵਾਰ ਦੇ ਕੁਝ ਮੈਂਬਰ ਮੁਹੰਮਦ ਦੀਨ (ਵੱਡੇ ਭਰਾ) ਸਮੇਤ ਲਾਹੌਰ ਵਿਚ ਹੀ ਰਹਿੰਦੇ ਹਨ।

– ਪਰਮਜੀਤ ਸਿੰਘ ਪਰਵਾਨਾ

98722-09399