ਕੋਚੀ : ਭਾਰਤ ’ਚ ਪਹਿਲੀ ਵਾਰੀ ਸਰਕਾਰੀ ਜ਼ਿਲ੍ਹਾ ਹਸਪਤਾਲ ’ਚ ਕਿਡਨੀ ਦਾ ਟਰਾਂਸਪਲਾਂਟ ਕੀਤਾ ਗਿਆ। ਸੂਬਾ ਸਰਕਾਰ ਦੇ ਮੁਤਾਬਕ, ਕੇਰਲ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਨੇ ਕਿਡਨੀ ਟਰਾਂਸਪਲਾਂਟ ਕਰ ਕੇ ਇਹ ਉਪਲਬਧੀ ਹਾਸਲ ਕੀਤੀ। ਸਿਹਤ ਵਿਭਾਗ ਨੇ ਕਿਹਾ ਕਿ 50 ਸਾਲਾ ਔਰਤ ਨੇ ਆਪਣੇ 28 ਸਾਲਾ ਬੇਟੇ ਨੂੰ ਕਿਡਨੀ ਦਾਨ ਦਿੱਤੀ ਹੈ। ਕਿਡਨੀ ਟਰਾਂਸਪਲਾਂਟ ਲਈ ਐਤਵਾਰ ਨੂੰ ਏਰਨਾਕੁਲਮ ਦੇ ਜਨਰਲ ਹਸਪਤਾਲ ’ਚ ਸਫਲ ਸਰਜਰੀ ਕੀਤੀ ਗਈ। ਸਰਜਰੀ ਦੇ ਬਾਅਦ ਦੋਵਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ।
ਸੂਬਾ ਸਰਕਾਰ ਦਾ ਦਾਅਵਾ ਹੈ ਕਿ ਇਹ ਪਹਿਲੀ ਵਾਰੀ ਹੈ ਜਦੋਂ ਭਾਰਤ ’ਚ ਜ਼ਿਲ੍ਹਾ ਪੱਧਰ ਦੇ ਕਿਸੇ ਸਰਕਾਰੀ ਹਸਪਤਾਲ ’ਚ ਅੰਗ ਟਰਾਂਸਪਲਾਂਟੇਸ਼ਨ ਸਰਜਰੀ ਕੀਤੀ ਗਈ ਹੈ। ਮੁੱਖ ਮੰਤਰੀ ਪਿਨਰਾਈ ਵਿਜਅਨ ਨੇ ਡਾਕਟਰਾਂ ਤੇ ਮੁਲਾਜ਼ਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਪਲਬਧੀ ਸੂਬੇ ਦੇ ਸਰਕਾਰੀ ਸਿਹਤ ਅਦਾਰਿਆਂ ਨੂੰ ਹੋਰ ਆਧੁਨਿਕ ਬਣਾਉਣ ਲਈ ਪ੍ਰੇਰਕ ਹੋਵੇਗੀ। ਕੇਰਲ ਦੇ ਸਿਹਤ ਵਿਭਾਗ ਨੇ ਕਿਹਾ ਕਿ ਕੇਰਲ ਸੂਬਾ ਅੰਗ ਤੇ ਟਿਸ਼ੂ ਟਰਾਂਸਪਲਾਂਟੇਸ਼ਨ ਸੰਗਠਨ ਨੇ ਹਾਲੀਆ ਜਨਰਲ ਹਸਪਤਾਲ ਨੂੰ ਰਜਿਸਟਰ ਤੇ ਸਰਟੀਫਾਈ ਕੀਤਾ ਹੈ।


