ਹਰਵਿੰਦਰ ਸਿੰਘ ਕਾਲਾ, ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (BKU, Lakhowal) ਨੇ ਪੰਜਾਬ ਸਰਕਾਰ (Punjab Govt) ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਆਗੂਆਂ ਨੇ 26 ਨਵੰਬਰ ਨੂੰ ਚੰਡੀਗੜ੍ਹ ਕੂਚ ਦਾ ਐਲਾਨ ਕਰ ਦਿੱਤਾ ਹੈ। 300 ਤੋਂ ਜ਼ਿਆਦਾ ਟਰਾਲੀਆਂ ਲੈ ਕੇ ਕਿਸਾਨ ਪ੍ਰਦਸ਼ਨ ਕਰਨਗੇ। ਇਹ ਫੈਸਲਾ ਲੁਧਿਆਣਾ ਬੱਸ ਸਟੈਂਡ ਨੇੜੇ ਹੋਈ ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ‘ਚ ਲਿਆ ਗਿਆ।
ਭਾਰਤੀ ਕਿਸਾਨ ਯੂਨੀਅਨ ਪੰਜਾਬ (Bhartiya Kisan Union, Punjab) ਦੀ ਮਹੀਨਾਵਾਰ ਮੀਟਿੰਗ ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ। ਇਸ ਮੌਕੇ ਅਹੁਦੇਦਾਰ, ਐਗਜੈਕਟਿਵ ਮੈਂਬਰ ਤੇ ਸਾਰੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ। ਮੀਟਿੰਗ ‘ਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਪੰਜਾਬ ਦੇ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਡੈਲੀਗੇਟ ਨੇ ਸਰਬਸੰਮਤੀ ਨਾਲ ਹਰਿੰਦਰ ਸਿੰਘ ਲੱਖੋਵਾਲ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ।
ਪ੍ਰਧਾਨਗੀ ਦਾ ਨਾਂ ਅਵਤਾਰ ਸਿੰਘ ਮੇਹਲੋਂ ਸੀਨੀਅਰ ਮੀਤ ਪ੍ਰਧਾਨ ਨੇ ਤਾਇਦ ਕੀਤਾ ਜਿਸ ਨੂੰ ਹਾਲ ‘ਚ ਸਾਰੇ ਅਹੁਦੁਦਾਰਾਂ ਨੇ ਦੋਨੋ ਹੱਥ ਖੜ੍ਹੇ ਕਰ ਕੇ ਜੈਕਾਰੇ ਲਗਾ ਕੇ ਮਨਜ਼ੂਰੀ ਦਿੱਤੀ। ਨਾਲ ਹੀ ਭੁਪਿੰਦਰ ਸਿੰਘ ਮਹੇਸ਼ਰੀ ਨੇ ਅਵਤਾਰ ਸਿੰਘ ਮੇਹਲੋਂ ਦਾ ਨਾਂ ਜਥੇਬੰਦੀ ਦੇ ਸਰਪ੍ਰਸਤ ਲਈ ਪੇਸ਼ ਕੀਤਾ ਜਿਸਨੂੰ ਹਾਲ ‘ਚ ਸਾਰੇ ਅਹੁਦੇਦਾਰਾਂ ਨੇ ਦੋਨੋ ਹੱਥ ਖੜੇ ਕਰਕੇ ਜੈਕਾਰੇ ਲਗਾ ਕੇ ਮਨਜ਼ੂਰੀ ਦਿੱਤੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਤੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ਼ ਦੁਵਾਇਆ ਕਿ ਅੱਗੇ ਨਾਲੋਂ ਵੀ ਉਹ ਵੱਧ ਮਿਹਨਤ ਕਰ ਕੇ ਜਥੇਬੰਦੀ ਨੂੰ ਪੰਜਾਬ ਭਰ ’ਚ ਮਜ਼ਬੂਤ ਕਰਨਗੇ ਤੇ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਲਈ ਆਪਣੀ ਜਾਨ ਤਕ ਵਾਰ ਦੇਣਗੇ। ਇਸ ਮੌਕੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਕੇਂਦਰ ਸਰਕਾਰ,ਦਿੱਲੀ ਸਰਕਾਰ ਤੇ ਹਰਿਆਣਾ ਸਰਕਾਰ ਪੰਜਾਬ ਸਿਰ ਦੋਸ਼ ਮੜਨ ਦੀਆਂ ਕੋਝੀਆਂ ਹਰਕਤਾਂ ਕਰਨੀਆਂ ਬੰਦ ਕਰਨ ਕਿਉਂਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਜਿੰਮੇਵਾਰ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਇਸ ਸਾਲ ਪਿਛਲੇ ਸਾਲਾਂ ਨਾਲੋਂ ਬਹੁਤ ਹੀ ਘੱਟ ਕਿਸਾਨਾਂ ਵੱਲੋਂ ਅੱਗ ਲਗਾਈ ਗਈ ਹੈ ਜੋ ਵੀ ਥੋੜੀ ਬਹੁਤੀ ਅੱਗ ਲੱਗੀ ਹੈ, ਉਹ ਵੀ 20 ਕੁ ਫੀਸਦੀ ਹੀ ਹੈ, ਇਸ ਲਈ ਇਹ ਪੰਜਾਬ ਸਿਰ ਦੋਸ਼ ਲਗਾਉਣਾ ਸਰਾਸਰ ਗਲਤ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਹਰਮਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਦੌਰਾਨ ਐੱਮਐੱਸਪੀ ਤੇ ਗਰੰਟੀ ਬਿੱਲ ਲਾਗੂ ਕਰਨ ਦੀ ਗੱਲ ਮੰਨੀ ਸੀ ਜੋ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਵੀ ਇਸ ਨੂੰ ਲਾਗੂ ਨਹੀਂ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਵਿੰਦਰ ਸਿੰਘ ਕੂੰਮ ਕਲਾਂ ਤੇ ਪ੍ਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਗੰਨੇ ਦੇ ਭਾਅ ਵਿੱਚ ਵਾਧੇ ਦਾ ਐਲਾਨ ਜਲਦ ਤੋਂ ਜਲਦ ਕਰੇ ਤੇ ਝੋਨੇ ਦੀ ਖਰੀਦ ਵਿੱਚ ਤੇਜੀ ਲਿਆਵੇ ਤੇ ਮੰਡੀਆਂ ਵਿੱਚ ਲਿਫਟਿੰਗ ਦੇ ਕੰਮ ਮੁਕੰਮਲ ਕਰੇ ਤਾਂ ਜੋ ਕਿਸਾਨ ਜਲਦ ਤੋਂ ਜਲਦ ਮੰਡੀਆਂ ਵਿਚੋਂ ਵਿਹਲਾ ਹੋ ਕੇ ਕਣਕ ਦੀ ਬਿਜਾਈ ਕਰ ਸਕੇ ਅਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਸੰਥੈਟਿਕ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਖਸਕਸ ਦੀ ਖੇਤੀ ਕਰਨ ਦੀ ਖੁੱਲ ਦੇਵੇ ਤਾਂ ਜੋ ਮਾਰੂ ਨਸ਼ਿਆਂ ਤੋਂ ਨੌਜਵਾਨਾਂ ਦਾ ਬਚਾਅ ਹੋ ਸਕੇ। ਸਿਮਰਜੀਤ ਸਿੰਘ ਘੁੱਦੂਵਾਲਾ ਤੇ ਜਸਵੰਤ ਸਿੰਘ ਬੀਜਾ ਅਤੇ ਮਨਪ੍ਰੀਤ ਸਿੰਘ ਅਮਲਾਲਾ ਨੇ ਕਿਹਾ ਕਿ ਪੰਜਾਬ ਦੀਆਂ ਕੋਆਪੇ੍ਰਟਿਵ ਸੋਸਾਇਟੀਆਂ ਵਿੱਚ ਡੀਏਪੀ ਖਾਦ ਦੀ ਘਾਟ ਪਾਈ ਜਾ ਰਹੀ ਹੈ ਜਿਸ ਕਾਰਣ ਕਣਕ ਦੀ ਬਿਜਾਈ ਪਛੜਨ ਦਾ ਡਰ ਹੈ। ਇਸ ਮੌਕੇ ਦਰਸ਼ਨ ਸਿੰਘ ਜਟਾਣਾ, ਭੁੁੁਪਿੰਦਰ ਸਿੰਘ ਦੋਲਤਪੁਰਾ, ਮਨਜੀਤ ਸਿੰਘ ਢੀਡਸਾ, ਦਲਜੀਤ ਸਿੰਘ ਚਲਾਕੀ, ਹਰਮੇਲ ਸਿੰਘ ਭੁਟੇਹੜੀ, ਜੋਗਿੰਦਰ ਸਿੰਘ ਢਿੱਲੋ, ਸੁਰਜੀਤ ਸਿੰਘ ਹਰੀਏਵਾਲਾ, ਜਸਵੰਤ ਸਿੰਘ ਸਿੰਘਪੁਰ ਦੋਨਾ, ਕਿਰਪਾਲ ਸਿੰਘ, ਅੰਮ੍ਰਿਤ ਸਿੰਘ ਰਾਜੇਵਾਲ, ਦਰਸ਼ਨ ਸਿੰਘ ਕਡਿਆਣਾ, ਗੁਸੇਵਕ ਸਿੰਘ ਮਜ਼ਾਲੀ, ਜਿੰਦੂ ਖੋਖਰ, ਬੂਟਾ ਸਿੰਘ, ਕ੍ਰਿਪਾਲ ਸਿੰਘ, ਬੇਅੰਤ ਸਿੰਘ, ਪਾਲ ਸਿੰਘ, ਜੋਗਾ ਸਿੰਘ, ਰਨਵੀਰ ਸਿੰਘ, ਦਲਜੀਤ ਸਿੰਘ, ਨਿਰਮਲ ਸਿੰਘ, ਗੁਰਸੇਵਕ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਸਿੰਘ, ਹਰਮੇਲ ਸਿੰਘ, ਗੁਰਮੁੱਖ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।


