ਏਐਨਆਈ, ਸਿੰਗਰੌਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਅੱਜ ਯਾਨੀ ਵੀਰਵਾਰ (2 ਨਵੰਬਰ) ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਦੌਰਾਨ ਸੀਐਮ ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਰੋਡ ਸ਼ੋਅ ਕੀਤਾ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਆਮ ਆਦਮੀ ਪਾਰਟੀ ਮੱਧ ਪ੍ਰਦੇਸ਼ ਵਿੱਚ ਪੂਰੀ ਤਾਕਤ ਨਾਲ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਕੇਜਰੀਵਾਲ ਦੇ ਰੋਡ ਸ਼ੋਅ ‘ਚ ਭਾਰੀ ਭੀੜ ਦੇਖਣ ਨੂੰ ਮਿਲੀ।

ਹਾਲ ਹੀ ਵਿੱਚ, ਈਡੀ ਨੇ ਦਿੱਲੀ ਸ਼ਰਾਬ ਨੀਤੀ ਘੁਟਾਲੇ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਸੀ। ਉਨ੍ਹਾਂ ਈਡੀ ਸਾਹਮਣੇ ਪੇਸ਼ ਹੋਣ ਦੀ ਬਜਾਏ ਸਿੰਗਰੌਲੀ ਵਿੱਚ ਰੋਡ ਸ਼ੋਅ ਕੀਤਾ। ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਰਾਜ ਕਮਲ ਹੋਟਲ ਤੋਂ ਮਾਜਨ ਮੋੜ ਤੱਕ ਰੋਡ ਸ਼ੋਅ ਕੀਤਾ। ਪ੍ਰੋਗਰਾਮ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਹੈ।

ਰਾਣੀ ਅਗਰਵਾਲ ਲਈ ਕੀਤਾ ਰੋਡ ਸ਼ੋਅ

ਕੇਜਰੀਵਾਲ ਨੇ ਈਡੀ ਨੂੰ ਪੱਤਰ ਲਿਖ ਕੇ ਨੋਟਿਸ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਏਜੰਸੀ ਦੇ ਸੰਮਨ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਮੁੱਖ ਮੰਤਰੀ ਕੇਜਰੀਵਾਲ ਅਤੇ ਮਾਨ ਨੇ ਸਿੰਗਰੌਲੀ ਤੋਂ ਪਾਰਟੀ ਉਮੀਦਵਾਰ ਅਤੇ ‘ਆਪ’ ਸੂਬਾ ਪ੍ਰਧਾਨ ਰਾਣੀ ਅਗਰਵਾਲ ਲਈ ਰੋਡ ਸ਼ੋਅ ‘ਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਰਾਣੀ ਅਗਰਵਾਲ ਸਿੰਗਰੌਲੀ ਸ਼ਹਿਰ ਦੀ ਮੇਅਰ ਵੀ ਹੈ। ਰਾਣੀ ਨੇ ਭਾਜਪਾ ਅਤੇ ਕਾਂਗਰਸ ਦੇ ਦਬਦਬੇ ਵਾਲੇ ਸੂਬੇ ਵਿੱਚ ਪਿਛਲੇ ਸਾਲ ਮੇਅਰ ਦੀ ਚੋਣ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।