ਬਿਜਨਸ ਡੈਸਕ, ਨਵੀਂ ਦਿੱਲੀ: ਨਵੰਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਵਿੱਚ ਪ੍ਰਚੂਨ ਮਹਿੰਗਾਈ ਦਰ 5.5 ਫ਼ੀਸਦੀ ਰਹੀ। ਅਕਤੂਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ 4.7 ਫ਼ੀਸਦੀ ਸੀ।
ਜੁਲਾਈ ਤੋਂ ਬਾਅਦ ਮੁੜ ਵਧੀ ਮਹਿੰਗਾਈ
ਜੁਲਾਈ ਮਹੀਨੇ ਵਿੱਚ ਟਮਾਟਰ, ਦੂਜੀਆਂ ਸਬਜ਼ੀਆਂ ਅਤੇ ਖੁਰਾਕੀ ਪਦਾਰਥਾਂ ਦੀ ਕੀਮਤ ਵਿੱਚ ਉਛਾਲ ਆਉਣ ਨਾਲ ਮਹਿੰਗਾਈ ਦਰ 7.4 ਫ਼ੀਸਦੀ ਸੀ। ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਮਹਿੰਗਾਈ ਦਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ। ਅਗਸਤ ਅਤੇ ਸਤੰਬਰ ਵਿੱਚ ਮਹਿੰਗਾਈ ਦਰ ਕ੍ਰਮਵਾਰ 6.8 ਅਤੇ 5.2 ਸੀ। ਹੁਣ ਨਵੰਬਰ ਵਿੱਚ ਮਹਿੰਗਾਈ ਦਰ ਇਕ ਵਾਰ ਮੁੜ ਵਧਦੀ ਦਿਸ ਰਹੀ ਹੈ।
ਖਾਣ-ਪੀਣ ਦੇ ਸਾਮਾਨ ਦੇ ਮੁੜ ਭਾਅ ਵਧੇ
ਪ੍ਰਚੂਨ ਮਹਿੰਗਾਈ ਦਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਖਾਣ-ਪੀਣ ਦੇ ਸਾਮਾਨ ਦੀਆਂ ਕੀਮਤਾਂ ਵਧ ਗਈਆਂ ਹਨ। ਸਭ ਤੋਂ ਜ਼ਿਆਦਾ ਕੀਮਤਾਂ ਦਾਲਾਂ ਦੀਆਂ ਵਧੀਆਂ ਹਨ। ਦਾਲਾਂ ਦੀ ਮਹਿੰਗਾਈ ਦਰ ਜੋ ਅਕਤੂਬਰ ਵਿੱਚ 18.79 ਫ਼ੀਸਦੀ ਸੀ ਉਹ ਨਵੰਬਰ ਵਿੱਚ 20.23 ਫ਼ੀਸਦੀ ‘ਤੇ ਪਹੁੰਚ ਗਈ ਹੈ।
ਦੂਜੇ ਪਾਸੇ, ਫਲਾਂ ਦੀ ਮਹਿੰਗਾਈ ਦਲ 10.9 ਫ਼ੀਸਦੀ ‘ਤੇ ਪਹੁੰਚ ਗਈ ਹੈ, ਜੋ ਅਕਤੂਬਰ ਵਿੱਚ 9.34 ਫ਼ੀਸਦੀ ਸੀ। ਇਸ ਦੇ ਨਾਲ ਹੀ ਸਬਜ਼ੀਆਂ ਦੀ ਮਹਿੰਗਾਈ ਦਰ ਅਕਤੂਬਰ ਵਿੱਚ 2.70 ਫ਼ੀਸਦੀ ਸੀ, ਜੋ ਹੁਣ 17.7 ‘ਤੇ ਪਹੁੰਚ ਗਈ ਹੈ। ਉੱਥੇ, ਮਸਾਲਿਆਂ ਦੀ ਮਹਿੰਗਾਈ ਦਰ ਵਿੱਚ ਕਮੀ ਵੇਖਣ ਨੂੰ ਮਿਲੀ ਹੈ। ਅਕਤੂਬਰ ਵਿੱਚ ਇਹ 23.6 ਫ਼ੀਸਦੀ ਸੀ, ਜੋ ਨਵੰਬਰ ਵਿੱਚ 21.55 ‘ਤੇ ਆ ਗਈ ਹੈ।


