ਡਿਜੀਟਲ ਡੈਸਕ, ਨਵੀਂ ਦਿੱਲੀ : ਅਜੇ ਕੁਝ ਸਮਾਂ ਪਹਿਲਾਂ ਹੀ ਦੁਨੀਆ ਨੇ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ ਪਾਇਆ ਸੀ ਪਰ ਹੁਣ ਇਕ ਵਾਰ ਫਿਰ ਗੁਆਂਢੀ ਦੇਸ਼ ਚੀਨ ‘ਚ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਚੀਨ ਵਿਚ ਫੈਲੀ ਇਸ ਰਹੱਸਮਈ ਬਿਮਾਰੀ ਨੇ ਬੱਚਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। WHO ਵੀ ਚੀਨ ਦੀ ਇਸ ਬਿਮਾਰੀ ਨੂੰ ਲੈ ਕੇ ਸਖ਼ਤ ਹੋ ਗਿਆ ਹੈ ਅਤੇ ਇਸ ਬਿਮਾਰੀ ਨੂੰ ਲੈ ਕੇ ਪੂਰੀ ਨਜ਼ਰ ਰੱਖ ਰਿਹਾ ਹੈ।

ਕੀ ਹੈ ਚੀਨ ‘ਚ ਇਹ ਨਵੀਂ ਬਿਮਾਰੀ?

ਚੀਨ ਵਿਚ ਫੈਲਣ ਵਾਲੀ ਨਵੀਂ ਬਿਮਾਰੀ ਦਾ ਨਾਂ ਨਿਮੋਨੀਆ (china pneumonia outbreak) ਦੱਸਿਆ ਜਾ ਰਿਹਾ ਹੈ। ਇਸ ਨਵੀਂ ਇਨਫੈਕਸ਼ਨ ਕਾਰਨ ਚੀਨ ਦੇ ਹਸਪਤਾਲਾਂ ‘ਚ ਬੱਚਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਵੇਂ ਵਾਇਰਸ ਨੂੰ ਰਹੱਸਮਈ ਨਿਮੋਨੀਆ ਵਾਇਰਸ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਦੇ ਕੁਝ ਲੱਛਣ ਆਮ ਨਿਮੋਨੀਆ ਨਾਲ ਮਿਲਦੇ-ਜੁਲਦੇ ਹਨ ਤੇ ਕੁਝ ਵੱਖਰੇ ਵੀ ਹਨ।

ਦਰਅਸਲ ਜੇ ਨਿਮੋਨੀਆ ਦੀ ਗੱਲ ਕਰੀਏ ਤਾਂ ਇਸ ਤੋਂ ਪੀੜਤ ਬੱਚਿਆਂ ਨੂੰ ਬਲਗਮ ਵਾਲੀ ਖੰਘ, ਤੇਜ਼ ਬੁਖਾਰ ਅਤੇ ਫੇਫੜਿਆਂ ਵਿਚ ਸੋਜ਼ (china pneumonia virus symptoms) ਦੀ ਸ਼ਿਕਾਇਤ ਹੁੰਦੀ ਹੈ। ਦੂਜੇ ਪਾਸੇ ਚੀਨ ਦੇ ਇਸ ਰਹੱਸਮਈ ਨਿਮੋਨੀਆ ‘ਚ ਬੱਚਿਆਂ ਨੂੰ ਬਿਨਾਂ ਬਲਗਮ ਵਾਲੀ ਖੰਘ ਦੇ ਨਾਲ-ਨਾਲ ਤੇਜ਼ ਬੁਖਾਰ ਤੇ ਫੇਫੜਿਆਂ ‘ਚ ਸੋਜ਼ ਦੀ ਸ਼ਿਕਾਇਤ ਹੋ ਰਹੀ ਹੈ।

ਭਾਰਤ ‘ਚ ਵੀ ਕਈ ਸੂਬੇ ਅਲਰਟ ‘ਤੇ

ਚੀਨ ‘ਚ ਖਾਸ ਕਰਕੇ ਬੱਚਿਆਂ ‘ਚ ਸਾਹ ਦੀਆਂ ਬਿਮਾਰੀਆਂ ‘ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਤਿਆਰੀ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਰਾਜਸਥਾਨ, ਗੁਜਰਾਤ, ਉੱਤਰਾਖੰਡ, ਕਰਨਾਟਕ ਅਤੇ ਤਾਮਿਲਨਾਡੂ ਸਮੇਤ ਪੰਜ ਸੂਬਿਆਂ ਨੇ ਆਪਣੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਅਲਰਟ ‘ਤੇ ਰੱਖਿਆ ਹੈ।

ਕਰਨਾਟਕ ਦੇ ਸਿਹਤ ਵਿਭਾਗ ਨੇ ਵੀ ਨਾਗਰਿਕਾਂ ਨੂੰ ਮੌਸਮੀ ਫਲੂ ਵਰਗੀਆਂ ਬਿਮਾਰੀਆਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਉਸ ਅਨੁਸਾਰ ਮੌਸਮੀ ਫਲੂ ਛੂਤ ਦੀ ਬਿਮਾਰੀ ਹੈ ਜੋ ਆਮ ਤੌਰ ‘ਤੇ ਪੰਜ ਤੋਂ ਸੱਤ ਦਿਨਾਂ ਤੱਕ ਰਹਿੰਦੀ ਹੈ। ਹਾਲਾਂਕਿ ਇਹ ਬਿਮਾਰੀ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਅਤੇ ਸਟੀਰੌਇਡ ਵਰਗੀਆਂ ਲੰਬੇ ਸਮੇਂ ਦੀਆਂ ਦਵਾਈਆਂ ਲੈਣ ਵਾਲੇ ਲੋਕਾਂ ਲਈ ਵਧੇਰੇ ਜੋਖਮ ਪੈਦਾ ਕਰਦੀ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਹੋ ਸਕਦੀ ਹੈ।