Skip to content
Thursday, November 26, 2026 10°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਆਸਟ੍ਰੇਲੀਆ ਨੇ ਵੱਡੀਆਂ ਟੈੱਕ ਕੰਪਨੀਆਂ ‘ਤੇ ਕੱਸਿਆ ਸ਼ਿਕੰਜਾ: ਸਖ਼ਤ ਆਨਲਾਈਨ ਸੁਰੱਖਿਆ ਕਾਨੂੰਨ ਪਾਸ, ਉਲੰਘਣਾ ‘ਤੇ ਲੱਗੇਗਾ ਅਰਬਾਂ ਡਾਲਰ ਦਾ ਜੁਰਮਾਨਾ

By Editor Published 2 min read
ਆਸਟ੍ਰੇਲੀਆ ਨੇ ਵੱਡੀਆਂ ਟੈੱਕ ਕੰਪਨੀਆਂ ‘ਤੇ ਕੱਸਿਆ ਸ਼ਿਕੰਜਾ: ਸਖ਼ਤ ਆਨਲਾਈਨ ਸੁਰੱਖਿਆ ਕਾਨੂੰਨ ਪਾਸ, ਉਲੰਘਣਾ ‘ਤੇ ਲੱਗੇਗਾ ਅਰਬਾਂ ਡਾਲਰ ਦਾ ਜੁਰਮਾਨਾ

ਮੈਲਬੌਰਨ: ਆਸਟ੍ਰੇਲੀਆ ਦੀ ਸੰਸਦ ਨੇ ਬੁੱਧਵਾਰ ਨੂੰ ਆਨਲਾਈਨ ਸੁਰੱਖਿਆ ਨਾਲ ਜੁੜਿਆ ਇੱਕ ਇਤਿਹਾਸਕ 'ਡਿਜੀਟਲ ਡਿਊਟੀ ਆਫ਼ ਕੇਅਰ' ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਕਾਨੂੰਨ ਤਹਿਤ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਆਪਣੇ ਡਿਜੀਟਲ ਪਲੇਟਫਾਰਮਾਂ 'ਤੇ ਸੰਭਾਵੀ ਨੁਕਸਾਨ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਠੋਸ ਕਦਮ ਚੁੱਕਣੇ ਪੈਣਗੇ। ਨਿਯਮਾਂ ਦੀ ਉਲੰਘਣਾ ਕਰਨ 'ਤੇ ਕੰਪਨੀਆਂ ਨੂੰ ਉਨ੍ਹਾਂ ਦੀ ਕੁੱਲ ਵਿਸ਼ਵਵਿਆਪੀ ਕਮਾਈ ਦਾ 5 ਫ਼ੀਸਦੀ ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਕਾਨੂੰਨ ਦੇ ਘੇਰੇ ਵਿੱਚ ਸੋਸ਼ਲ ਮੀਡੀਆ, ਆਨਲਾਈਨ ਗੇਮਾਂ, ਮੋਬਾਈਲ ਐਪਸ ਅਤੇ ਏ.ਆਈ. (AI) ਚੈਟਬੋਟਸ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਲੇਬਰ ਪਾਰਟੀ ਨੂੰ ਪ੍ਰਤੀਨਿਧੀ ਸਭਾ ਵਿੱਚ ਬਹੁਮਤ ਹਾਸਲ ਹੈ, ਜਿੱਥੇ ਇਹ ਬਿੱਲ 97 ਦੇ ਮੁਕਾਬਲੇ 43 ਵੋਟਾਂ ਨਾਲ ਪਾਸ ਹੋਇਆ। ਇਸ ਤੋਂ ਪਹਿਲਾਂ ਗ੍ਰੀਨਜ਼ ਪਾਰਟੀ ਨਾਲ ਸਹਿਮਤੀ ਬਣਨ ਤੋਂ ਬਾਅਦ ਸੈਨੇਟ ਵਿੱਚ ਵੀ ਇਹ ਬਿੱਲ 36 ਦੇ ਮੁਕਾਬਲੇ 23 ਵੋਟਾਂ ਨਾਲ ਪਾਸ ਹੋ ਗਿਆ। ਪ੍ਰਧਾਨ ਮੰਤਰੀ ਅਲਬਨੀਜ਼ ਨੇ ਕਿਹਾ ਕਿ ਇਹ ਕਾਨੂੰਨ ਬੱਚਿਆਂ ਅਤੇ ਸਮਾਜ ਨੂੰ ਆਨਲਾਈਨ ਖ਼ਤਰਿਆਂ ਤੋਂ ਬਚਾਉਣ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਸਾਬਤ ਹੋਵੇਗਾ।

ਇਸ ਕਾਨੂੰਨ ਵਿੱਚ ਸਭ ਤੋਂ ਵੱਡਾ ਬਦਲਾਅ ਜੁਰਮਾਨੇ ਦੀ ਹੱਦ ਨੂੰ ਲੈ ਕੇ ਕੀਤਾ ਗਿਆ ਹੈ। ਗ੍ਰੀਨਜ਼ ਪਾਰਟੀ ਦੀ ਸੋਧ ਤੋਂ ਬਾਅਦ ਵੱਧ ਤੋਂ ਵੱਧ ਜੁਰਮਾਨਾ 10.9 ਕਰੋੜ ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ ਕੰਪਨੀ ਦੀ ਵਿਸ਼ਵਵਿਆਪੀ ਆਮਦਨ ਦਾ 5 ਫ਼ੀਸਦੀ ਕਰ ਦਿੱਤਾ ਗਿਆ ਹੈ। ਗ੍ਰੀਨਜ਼ ਪਾਰਟੀ ਦੀ ਮੁੱਖ ਵਾਰਤਾਕਾਰ ਸਾਰਾ ਹੈਨਸਨ-ਯੰਗ ਨੇ ਕਿਹਾ ਕਿ ਆਸਟ੍ਰੇਲੀਆ ਦੇ ਬੱਚਿਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਵੱਡੀਆਂ ਟੈੱਕ ਕੰਪਨੀਆਂ ਦੇ ਮੁਨਾਫ਼ੇ ਤੋਂ ਉੱਪਰ ਹੈ।

ਦੂਜੇ ਪਾਸੇ, ਅਮਰੀਕਾ ਅਤੇ ਆਸਟ੍ਰੇਲੀਆ ਦੀ ਵਿਰੋਧੀ ਧਿਰ ਨੇ ਇਸ ਕਾਨੂੰਨ 'ਤੇ ਇਤਰਾਜ਼ ਜਤਾਇਆ ਹੈ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਇਸ ਨੂੰ ਸਿਆਸੀ ਸੈਂਸਰਸ਼ਿਪ ਦਾ ਰਸਤਾ ਦੱਸਦਿਆਂ ਚੇਤਾਵਨੀ ਦਿੱਤੀ ਕਿ ਜੇਕਰ 2028 ਵਿੱਚ ਉਨ੍ਹਾਂ ਦੀ ਲਿਬਰਲ ਪਾਰਟੀ ਸੱਤਾ ਵਿੱਚ ਆਈ ਤਾਂ ਉਹ ਇਸ ਕਾਨੂੰਨ ਨੂੰ ਰੱਦ ਕਰ ਦੇਣਗੇ। ਆਸਟ੍ਰੇਲੀਆ ਵਿੱਚ ਅਮਰੀਕੀ ਰਾਜਦੂਤ ਡੇਵਿਡ ਬ੍ਰੈਟ ਨੇ ਵੀ ਕਿਹਾ ਕਿ ਭਾਰੀ ਜੁਰਮਾਨੇ ਦੇ ਡਰੋਂ ਕੰਪਨੀਆਂ ਕਾਨੂੰਨੀ ਤੌਰ 'ਤੇ ਜਾਇਜ਼ ਸਮੱਗਰੀ ਨੂੰ ਵੀ ਹਟਾਉਣ ਲਈ ਮਜਬੂਰ ਹੋ ਸਕਦੀਆਂ ਹਨ, ਜਿਸ ਨਾਲ ਪ੍ਰਗਟਾਵੇ ਦੀ ਆਜ਼ਾਦੀ ਪ੍ਰਭਾਵਿਤ ਹੋਵੇਗੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦਾ ਇਹ ਕਦਮ ਯੂਰਪੀਅਨ ਯੂਨੀਅਨ ਦੇ ਡਿਜੀਟਲ ਸਰਵਿਸਿਜ਼ ਐਕਟ (2022) ਅਤੇ ਬ੍ਰਿਟੇਨ ਦੇ ਆਨਲਾਈਨ ਸੇਫਟੀ ਐਕਟ (2023) ਦੀ ਤਰਜ਼ 'ਤੇ ਚੁੱਕਿਆ ਗਿਆ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp