Skip to content
Thursday, November 26, 2026 10°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਐਨਵੀਡੀਆ ਦੇ ਸੀ.ਈ.ਓ. ਜੇਨਸਨ ਹੁਆਂਗ ਦੇ ਬਚਾਅ ਵਿੱਚ ਉੱਤਰੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਕਿਹਾ— ਅਪਰਾਧ ਦਾ ਕੋਈ ਸਬੂਤ ਨਹੀਂ

By Editor Published 2 min read
ਐਨਵੀਡੀਆ ਦੇ ਸੀ.ਈ.ਓ. ਜੇਨਸਨ ਹੁਆਂਗ ਦੇ ਬਚਾਅ ਵਿੱਚ ਉੱਤਰੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਕਿਹਾ— ਅਪਰਾਧ ਦਾ ਕੋਈ ਸਬੂਤ ਨਹੀਂ

ਵਾਸ਼ਿੰਗਟਨ: ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਖੇਤਰ ਦੀ ਦਿੱਗਜ ਕੰਪਨੀ ਐਨਵੀਡੀਆ (Nvidia) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਜੇਨਸਨ ਹੁਆਂਗ ਨੂੰ ਰਾਸ਼ਟਰਪਤੀ ਤੋਂ ਮੁਆਫ਼ੀ (Pardon) ਦੀ ਕੋਈ ਲੋੜ ਨਹੀਂ ਹੈ। ਓਹਾਇਓ ਦੇ ਰਾਈਟ-ਪੈਟਰਸਨ ਏਅਰ ਫੋਰਸ ਬੇਸ 'ਤੇ 'ਥੈਂਕਸਗਿਵਿੰਗ' ਦੀ ਪੂਰਵ ਸੰਧਿਆ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੈਂਸ ਨੇ ਦੱਸਿਆ ਕਿ ਨਿਆਂ ਵਿਭਾਗ ਅਤੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹੁਆਂਗ ਵਿਰੁੱਧ ਕੋਈ ਵੀ ਜਾਂਚ ਨਹੀਂ ਚੱਲ ਰਹੀ।

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹੁਆਂਗ ਨੇ ਵਿਆਹ ਤੋਂ ਬਾਹਰਲੇ ਸਬੰਧਾਂ ਦੀ ਗੱਲ ਕਬੂਲ ਕਰਦਿਆਂ ਅਸਤੀਫ਼ਾ ਦੇ ਦਿੱਤਾ ਸੀ, ਜਿਨ੍ਹਾਂ ਵਿੱਚ ਇੱਕ ਅਜਿਹੀ ਔਰਤ ਵੀ ਸ਼ਾਮਲ ਸੀ ਜਿਸ 'ਤੇ ਚੀਨੀ ਜਾਸੂਸ ਹੋਣ ਦਾ ਸ਼ੱਕ ਹੈ। ਹਾਲਾਂਕਿ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਹਿਣ 'ਤੇ 11 ਦਿਨਾਂ ਬਾਅਦ ਉਨ੍ਹਾਂ ਨੂੰ ਮੁੜ ਅਹੁਦੇ 'ਤੇ ਬਹਾਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਟਰੰਪ ਨੇ 'ਨਿਊਯਾਰਕ ਪੋਸਟ' ਨੂੰ ਕਿਹਾ ਸੀ ਕਿ ਮੁਆਫ਼ੀ ਦੇਣਾ ਹਮੇਸ਼ਾ ਇੱਕ ਵਿਕਲਪ ਹੈ, ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਦੀ ਲੋੜ ਪਵੇਗੀ। ਟਰੰਪ ਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਹੁਆਂਗ ਅਮਰੀਕੀ ਸੰਵਿਧਾਨ ਦੀ ਪੰਜਵੀਂ ਸੋਧ (Fifth Amendment) ਦਾ ਸਹਾਰਾ ਲੈਣ।

ਹੁਆਂਗ 1 ਦਸੰਬਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਤਿੰਨ ਕਮੇਟੀਆਂ (ਖੁਫ਼ੀਆ, ਵਿਦੇਸ਼ ਮਾਮਲੇ ਅਤੇ ਚੀਨ ਬਾਰੇ ਵਿਸ਼ੇਸ਼ ਕਮੇਟੀ) ਦੇ ਸਾਹਮਣੇ ਬੰਦ ਕਮਰੇ ਵਿੱਚ ਪੇਸ਼ ਹੋਣਗੇ ਅਤੇ 3 ਦਸੰਬਰ ਨੂੰ ਸੈਨੇਟ ਦੀ ਬੈਂਕਿੰਗ ਕਮੇਟੀ ਦੀ ਜਨਤਕ ਸੁਣਵਾਈ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। 'ਨਿਊਯਾਰਕ ਟਾਈਮਜ਼' ਦੀ ਰਿਪੋਰਟ ਅਨੁਸਾਰ, ਅਮਰੀਕੀ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਸਿੰਗਾਪੁਰ ਦੀ ਕੰਪਨੀ 'ਮੇਗਾਸਪੀਡ' ਦੀ ਕਾਰਜਕਾਰੀ ਅਧਿਕਾਰੀ ਐਲਿਸ ਹੁਆਂਗ ਚੀਨ ਦੇ ਸੁਰੱਖਿਆ ਮੰਤਰਾਲੇ ਲਈ ਕੰਮ ਕਰ ਰਹੀ ਸੀ, ਹਾਲਾਂਕਿ ਬੀਜਿੰਗ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਵੈਂਸ ਨੇ ਕਿਹਾ ਕਿ ਅਮਰੀਕਾ ਵਿੱਚ ਅਖ਼ਬਾਰਾਂ ਦੇ ਗੁਮਨਾਮ ਸੂਤਰਾਂ ਦੇ ਆਧਾਰ 'ਤੇ ਨਹੀਂ, ਸਗੋਂ ਠੋਸ ਸਬੂਤਾਂ ਦੇ ਆਧਾਰ 'ਤੇ ਮੁਕੱਦਮੇ ਚਲਾਏ ਜਾਂਦੇ ਹਨ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp