26/11 ਤੋਂ ਬਾਅਦ ਭਾਰਤ ਦੀ ਅੱਤਵਾਦ ਵਿਰੋਧੀ ਨੀਤੀ ਵਿੱਚ ਵੱਡਾ ਬਦਲਾਅ: ਸਰਜੀਕਲ ਸਟ੍ਰਾਈਕ ਤੋਂ ‘ਆਪ੍ਰੇਸ਼ਨ ਸਿੰਦੂਰ’ ਤੱਕ ਸਰਹੱਦ ਪਾਰ ਅੱਤਵਾਦ ਦਾ ਤੋੜਿਆ ਲੱਕ
ਨਵੀਂ ਦਿੱਲੀ: ਮੁੰਬਈ ਅੱਤਵਾਦੀ ਹਮਲੇ ਦੀ 18ਵੀਂ ਬਰਸੀ ਮੌਕੇ ਇਹ ਦੇਖਣਾ ਅਹਿਮ ਹੈ ਕਿ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਕਿਸ ਹੱਦ ਤੱਕ ਬਦਲ ਚੁੱਕੀ ਹੈ। ਬੀਤੇ ਕੁਝ ਸਾਲਾਂ ਵਿੱਚ ਭਾਰਤ ਨੇ ਰੱਖਿਆਤਮਕ ਰੁਖ਼ ਛੱਡ ਕੇ ਹਮਲਾਵਰ ਅਤੇ ਫੈਸਲਾਕੁੰਨ ਕਾਰਵਾਈ ਦਾ ਰਾਹ ਅਪਣਾਇਆ ਹੈ। ਇਸ ਦੀ ਤਾਜ਼ਾ ਮਿਸਾਲ ਮਈ 2025 ਵਿੱਚ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਚਲਾਇਆ ਗਿਆ 'ਆਪ੍ਰੇਸ਼ਨ ਸਿੰਦੂਰ' ਹੈ, ਜਿਸ ਦੌਰਾਨ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ 19 ਨਵੰਬਰ ਨੂੰ ਦਿੱਲੀ ਵਿੱਚ ਹੋਏ ਅੱਤਵਾਦ ਵਿਰੋਧੀ ਸੰਮੇਲਨ ਦੌਰਾਨ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਥਾਨਕ ਪੱਧਰ 'ਤੇ ਸਰਗਰਮ ਆਖਰੀ ਜਾਣੇ-ਪਛਾਣੇ ਅੱਤਵਾਦੀ ਲਤੀਫ਼ ਭੱਟ ਦੇ ਮਾਰੇ ਜਾਣ ਨਾਲ ਕਸ਼ਮੀਰ ਵਿੱਚ ਭਾਰਤ 'ਚ ਜਨਮੇ ਅੱਤਵਾਦੀਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।
ਦੱਖਣੀ ਏਸ਼ੀਆ ਅੱਤਵਾਦ ਪੋਰਟਲ ਦੇ ਅੰਕੜਿਆਂ ਅਨੁਸਾਰ, ਇਸ ਸਾਲ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਘਟ ਕੇ 25 ਰਹਿ ਗਈ ਹੈ, ਜੋ ਕਿ 2001 ਵਿੱਚ 3,005 ਅਤੇ 2008 ਵਿੱਚ 1,232 ਸੀ। ਇਸੇ ਤਰ੍ਹਾਂ ਸੁਰੱਖਿਆ ਬਲਾਂ ਦੇ ਜਵਾਨਾਂ ਦੀਆਂ ਸ਼ਹਾਦਤਾਂ ਵੀ ਇਸ ਸਾਲ ਘਟ ਕੇ 4 ਰਹਿ ਗਈਆਂ ਹਨ, ਜਦਕਿ 2001 ਵਿੱਚ 883 ਅਤੇ 2008 ਵਿੱਚ 366 ਜਵਾਨ ਸ਼ਹੀਦ ਹੋਏ ਸਨ। ਆਮ ਨਾਗਰਿਕਾਂ ਦੀਆਂ ਮੌਤਾਂ ਵਿੱਚ ਵੀ ਭਾਰੀ ਕਮੀ ਆਈ ਹੈ; ਇਸ ਸਾਲ ਹੁਣ ਤੱਕ ਸਿਰਫ਼ 2 ਨਾਗਰਿਕਾਂ ਦੀ ਮੌਤ ਦਰਜ ਕੀਤੀ ਗਈ ਹੈ, ਜਦਕਿ 2001 ਵਿੱਚ ਇਹ ਗਿਣਤੀ 1,508 ਅਤੇ 2008 ਵਿੱਚ 915 ਸੀ।
ਭਾਰਤ ਵਿੱਚ ਸਰਹੱਦ ਪਾਰ ਅੱਤਵਾਦ ਦੀ ਸਮੱਸਿਆ 1990 ਦੇ ਦਹਾਕੇ ਵਿੱਚ ਜੰਮੂ-ਕਸ਼ਮੀਰ 'ਚ ਪਾਕਿਸਤਾਨ ਸਮਰਥਿਤ ਗਤੀਵਿਧੀਆਂ ਨਾਲ ਗੰਭੀਰ ਹੋਈ। ਦਸੰਬਰ 1999 ਵਿੱਚ ਇੰਡੀਅਨ ਏਅਰਲਾਈਨਜ਼ ਦੀ ਉਡਾਣ ਆਈ.ਸੀ.-814 ਦੇ ਅਗਵਾ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਲਈ ਭਾਰਤ ਨੂੰ ਮਸੂਦ ਅਜ਼ਹਰ ਅਤੇ ਅਹਿਮਦ ਉਮਰ ਸ਼ੇਖ ਵਰਗੇ ਅੱਤਵਾਦੀਆਂ ਨੂੰ ਰਿਹਾਅ ਕਰਨਾ ਪਿਆ। 13 ਦਸੰਬਰ 2001 ਨੂੰ ਸੰਸਦ 'ਤੇ ਹਮਲੇ ਤੋਂ ਬਾਅਦ 'ਆਪ੍ਰੇਸ਼ਨ ਪਰਾਕ੍ਰਮ' ਤਹਿਤ ਫ਼ੌਜ ਤਾਇਨਾਤ ਕੀਤੀ ਗਈ, ਪਰ ਕੌਮਾਂਤਰੀ ਦਬਾਅ ਕਾਰਨ ਸਿੱਧੀ ਕਾਰਵਾਈ ਨਾ ਹੋ ਸਕੀ। ਇਸ ਤੋਂ ਬਾਅਦ 2002 ਵਿੱਚ ਅਕਸ਼ਰਧਾਮ ਮੰਦਰ, 2005 ਅਤੇ 2008 ਵਿੱਚ ਦਿੱਲੀ, 2006 ਵਿੱਚ ਵਾਰਾਣਸੀ ਅਤੇ 2011 ਵਿੱਚ ਦਿੱਲੀ ਹਾਈ ਕੋਰਟ ਦੇ ਬਾਹਰ ਧਮਾਕੇ ਹੋਏ। ਪਰ 26 ਨਵੰਬਰ 2008 ਦੇ ਮੁੰਬਈ ਹਮਲੇ ਨੇ, ਜਿਸ ਵਿੱਚ ਸਮੁੰਦਰੀ ਰਸਤੇ ਆਏ 10 ਅੱਤਵਾਦੀਆਂ ਨੇ 60 ਘੰਟਿਆਂ ਤੱਕ ਕਹਿਰ ਢਾਹਿਆ ਅਤੇ 166 ਬੇਗੁਨਾਹਾਂ ਦੀ ਜਾਨ ਲਈ, ਦੇਸ਼ ਦੀ ਸੁਰੱਖਿਆ ਪ੍ਰਣਾਲੀ ਦੀਆਂ ਖਾਮੀਆਂ ਨੂੰ ਉਜਾਗਰ ਕਰ ਦਿੱਤਾ।
ਮਈ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਭਾਰਤ ਦੀ ਨੀਤੀ ਵਿੱਚ ਸਖ਼ਤ ਬਦਲਾਅ ਆਇਆ। ਸਤੰਬਰ 2016 ਵਿੱਚ ਉੜੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਜੀਕਲ ਸਟ੍ਰਾਈਕ ਕੀਤੀ। ਫਿਰ 14 ਫਰਵਰੀ 2019 ਨੂੰ ਪੁਲਵਾਮਾ ਹਮਲੇ ਵਿੱਚ 40 ਜਵਾਨਾਂ ਦੀ ਸ਼ਹਾਦਤ ਦੇ ਜਵਾਬ ਵਿੱਚ ਭਾਰਤੀ ਹਵਾਈ ਸੈਨਾ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲਾ ਕੀਤਾ।
22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ 26 ਲੋਕਾਂ ਦੀ ਹੱਤਿਆ ਤੋਂ ਬਾਅਦ 7 ਮਈ ਨੂੰ ਭਾਰਤੀ ਹਥਿਆਰਬੰਦ ਬਲਾਂ ਨੇ 'ਆਪ੍ਰੇਸ਼ਨ ਸਿੰਦੂਰ' ਸ਼ੁਰੂ ਕੀਤਾ। ਚਾਰ ਦਿਨ ਚੱਲੀ ਇਸ ਕਾਰਵਾਈ ਵਿੱਚ ਪਾਕਿਸਤਾਨ ਅਤੇ ਪੀ.ਓ.ਕੇ. ਵਿੱਚ 9 ਪ੍ਰਮੁੱਖ ਅੱਤਵਾਦੀ ਟਿਕਾਣਿਆਂ ਦੇ ਨਾਲ-ਨਾਲ ਕਈ ਫ਼ੌਜੀ ਅੱਡਿਆਂ ਅਤੇ ਰਡਾਰ ਕੇਂਦਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਪਾਕਿਸਤਾਨ ਨੂੰ ਜੰਗਬੰਦੀ ਦੀ ਮੰਗ ਕਰਨੀ ਪਈ। ਸਪੱਸ਼ਟ ਹੈ ਕਿ ਭਾਰਤ ਹੁਣ ਸਿਰਫ਼ ਕੂਟਨੀਤਕ ਵਿਰੋਧ ਤੱਕ ਸੀਮਤ ਨਹੀਂ, ਸਗੋਂ ਅੱਤਵਾਦ ਦੇ ਪੂਰੇ ਨੈੱਟਵਰਕ 'ਤੇ ਸਿੱਧਾ ਵਾਰ ਕਰ ਰਿਹਾ ਹੈ।



