Skip to content
Friday, November 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਅਮਰੀਕਾ ਵਿੱਚ ‘ਥੈਂਕਸਗਿਵਿੰਗ’ ਦੇ ਜਸ਼ਨਾਂ ‘ਤੇ ਤੂਫ਼ਾਨ ਦਾ ਕਹਿਰ: 400 ਉਡਾਣਾਂ ਰੱਦ, ਲੱਖਾਂ ਘਰਾਂ ਦੀ ਬਿਜਲੀ ਗੁੱਲ

By Editor Published 2 min read
ਅਮਰੀਕਾ ਵਿੱਚ ‘ਥੈਂਕਸਗਿਵਿੰਗ’ ਦੇ ਜਸ਼ਨਾਂ ‘ਤੇ ਤੂਫ਼ਾਨ ਦਾ ਕਹਿਰ: 400 ਉਡਾਣਾਂ ਰੱਦ, ਲੱਖਾਂ ਘਰਾਂ ਦੀ ਬਿਜਲੀ ਗੁੱਲ

ਨਿਊਯਾਰਕ/ਵਾਸ਼ਿੰਗਟਨ: ਅਮਰੀਕਾ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਵੀਰਵਾਰ ਨੂੰ ਆਏ ਸ਼ਕਤੀਸ਼ਾਲੀ 'ਨੌਰ-ਈਸਟਰ' ਤੂਫ਼ਾਨ, ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸ ਖ਼ਰਾਬ ਮੌਸਮ ਨੇ 'ਥੈਂਕਸਗਿਵਿੰਗ' ਦੀਆਂ ਛੁੱਟੀਆਂ ਦੇ ਰੰਗ ਵਿੱਚ ਭੰਗ ਪਾ ਦਿੱਤਾ ਹੈ। ਤੂਫ਼ਾਨ ਦੇ ਖ਼ਤਰੇ ਨੂੰ ਦੇਖਦਿਆਂ ਅਮਰੀਕਾ ਦੇ 100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਿਊਯਾਰਕ ਦੀ ਮਸ਼ਹੂਰ 'ਮੇਸੀ ਥੈਂਕਸਗਿਵਿੰਗ ਡੇ ਪਰੇਡ' ਨੂੰ ਮੁਲਤਵੀ ਕਰਨਾ ਪਿਆ ਹੈ।

ਫਲਾਈਟਅਵੇਅਰ ਦੇ ਅੰਕੜਿਆਂ ਮੁਤਾਬਕ, ਪੂਰਬੀ ਹਿੱਸੇ ਦੇ ਹਵਾਈ ਅੱਡਿਆਂ 'ਤੇ ਕਰੀਬ 400 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 2,000 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। ਤੇਜ਼ ਹਵਾਵਾਂ ਕਾਰਨ ਕਈ ਵੱਡੇ ਪੁਲ ਬੰਦ ਕਰ ਦਿੱਤੇ ਗਏ ਹਨ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸੜਕੀ ਸਫ਼ਰ ਤੋਂ ਬਚਣ ਦੀ ਸਲਾਹ ਦਿੱਤੀ ਹੈ। ਤੱਟਵਰਤੀ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਦਰੱਖ਼ਤ ਉੱਖੜ ਕੇ ਬਿਜਲੀ ਦੀਆਂ ਤਾਰਾਂ ਅਤੇ ਘਰਾਂ 'ਤੇ ਡਿੱਗ ਪਏ ਹਨ।

ਮੈਨਹੱਟਨ ਵਿੱਚੋਂ ਲੰਘਣ ਵਾਲੀ ਰੰਗ-ਬਿਰੰਗੇ ਗੁਬਾਰਿਆਂ ਵਾਲੀ ਮੇਸੀ ਪਰੇਡ ਨੂੰ ਪ੍ਰਬੰਧਕਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਸ਼ਨੀਵਾਰ ਤੱਕ ਟਾਲ ਦਿੱਤਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ 3 ਸਾਲ ਪਰੇਡ ਰੱਦ ਰਹਿਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਥੈਂਕਸਗਿਵਿੰਗ ਵਾਲੇ ਵੀਰਵਾਰ ਨੂੰ ਇਹ ਪਰੇਡ ਨਹੀਂ ਹੋ ਸਕੀ। ਪ੍ਰਬੰਧਕ ਵਿਲ ਕੌਸ ਨੇ ਕਿਹਾ ਕਿ ਉਹ ਪਰੇਡ ਟਾਲਣ ਤੋਂ ਦੁਖੀ ਹਨ, ਪਰ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।

ਦੂਜੇ ਪਾਸੇ, ਪਾਵਰਆਊਟੇਜ ਵੈੱਬਸਾਈਟ ਅਨੁਸਾਰ ਪੈਨਸਿਲਵੇਨੀਆ, ਮੈਰੀਲੈਂਡ ਅਤੇ ਵਰਜੀਨੀਆ ਵਿੱਚ 9 ਲੱਖ ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਠੱਪ ਹੋ ਗਈ ਹੈ। ਮੈਰੀਲੈਂਡ ਦੇ ਉਪਨਗਰਾਂ ਵਿੱਚ ਬਿਜਲੀ ਨਾ ਹੋਣ ਕਾਰਨ ਵਾਟਰ ਟ੍ਰੀਟਮੈਂਟ ਨੈੱਟਵਰਕ ਪ੍ਰਭਾਵਿਤ ਹੋਇਆ ਹੈ, ਜਿਸ ਕਰਕੇ ਕਰੀਬ 20 ਲੱਖ ਲੋਕਾਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਨਿਊ ਜਰਸੀ ਦੀ ਗਵਰਨਰ ਮਿਕੀ ਸ਼ੈਰਿਲ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕੈਲੀਫੋਰਨੀਆ ਵਿੱਚ ਵੀ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਕਾਰਨ ਸੈਨ ਫਰਾਂਸਿਸਕੋ ਵਿੱਚ ਪਾਣੀ ਭਰ ਗਿਆ। ਇਸ ਸਭ ਦੇ ਬਾਵਜੂਦ ਕਈ ਲੋਕਾਂ ਨੇ ਮੋਮਬੱਤੀਆਂ ਦੀ ਰੌਸ਼ਨੀ ਵਿੱਚ ਖਾਣਾ ਬਣਾ ਕੇ ਆਪਣਾ ਤਿਉਹਾਰ ਮਨਾਇਆ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp